ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)
ਜੰਮੂ ਅਤੇ ਕਸ਼ਮੀਰ ਵਿੱਚ ਲਗਾਤਾਰ ਭਾਰੀ ਬਾਰਿਸ਼ ਕਾਰਨ ਪੁੰਛ ਅਤੇ ਰਾਜੌਰੀ ਵਿੱਚ ਵਿਆਪਕ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲਾਪਤਾ ਦੱਸੇ ਜਾ ਰਹੇ ਹਨ। ਪੁੰਛ ਅਤੇ ਰਾਜੌਰੀ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ, ਅਚਾਨਕ ਹੜ੍ਹਾਂ, ਜ਼ਮੀਨ ਖਿਸਕਣ ਅਤੇ ਘਰ ਢਹਿਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਲਾਪਤਾ ਹੋ ਗਏ। ਮੌਸਮ ਵਿਭਾਗ ਵੱਲੋਂ 23 ਜੁਲਾਈ ਤੱਕ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕਰਨ ਤੋਂ ਬਾਅਦ, ਸਾਵਧਾਨੀ ਵਜੋਂ ਪ੍ਰਸ਼ਾਸਨ ਨੇ ਅਮਰਨਾਥ ਯਾਤਰਾ, ਮਾਤਾ ਵੈਸ਼ਨੋ ਦੇਵੀ ਯਾਤਰਾ ਅਤੇ ਸ਼ਿਵਖੋਰੀ ਯਾਤਰਾ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਪੁੰਛ ਜ਼ਿਲ੍ਹੇ ਦੇ ਸੁਰਨਕੋਟ ਅਤੇ ਹਵੇਲੀ ਖੇਤਰਾਂ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ। ਸੁਰਨਕੋਟ ਦੇ ਲੋਅਰ ਮੁਰਾ ਪਿੰਡ ਵਿੱਚ ਭਾਰੀ ਬਾਰਸ਼ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਇੱਕ ਘਰ ਮਲਬੇ ਹੇਠ ਦੱਬ ਗਿਆ। ਦੋ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦ ਕਿ ਔਰਤਾਂ ਅਤੇ ਬੱਚਿਆਂ ਸਮੇਤ ਛੇ ਹੋਰ ਅਜੇ ਵੀ ਲਾਪਤਾ ਹਨ। ਐਤਵਾਰ ਸਵੇਰੇ ਰਾਜੌਰੀ ਸ਼ਹਿਰ ਵਿੱਚ ਅਚਾਨਕ ਹੜ੍ਹ ਆ ਗਿਆ। ਦਰਹਾਲੀ, ਖੰਡਲੀ, ਸੁਕਤੋਹ ਅਤੇ ਜਮੋਲਾ ਸਮੇਤ ਸਾਰੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਜਾਂ ਇਸ ਤੋਂ ਉੱਪਰ ਵਹਿ ਰਹੀਆਂ ਸਨ।





