ਸੰਸਦ ਮਾਰਚ ਰੋਕਣ ਲਈ ਕਿਸਾਨ ਅੰਦੋਲਨ ਵਰਗੀਆਂ ਪੇਸ਼ਬੰਦੀਆਂ

0
4

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਫਦਰਗੰਜ ਹਸਪਤਾਲ ਦੇ ਬਿਸਤਰੇ ਤੋਂ ਹੀ ਲਦਾਖ ਦੇ ਉੱਘੇ ਵਾਤਾਵਰਣ ਪ੍ਰੇਮੀ ਅਤੇ ਸਮਾਜਿਕ ਕਾਰਕੁਨ ਸੋਨਮ ਵਾਂਗਚੁੱਕ ਨੇ ਆਪਣੀ ਪਤਨੀ ਗੀਤਾਂਜਲੀ ਜੇ. ਅੰਗਮੋ ਰਾਹੀਂ ਦੇਸ਼ ਵਾਸੀਆਂ ਦੇ ਨਾਂਅ ਇੱਕ ਅਹਿਮ ਹੱਥ ਲਿਖਤ ਸੁਨੇਹਾ ਭੇਜਿਆ ਹੈ। ਉਨ੍ਹਾਂ ਦੇ ਅਧਿਕਾਰਤ ‘ਐਕਸ’ ਖਾਤੇ ‘ਤੇ ਸਾਂਝੇ ਕੀਤੇ ਗਏ ਇਸ ਨੋਟ ਵਿੱਚ ਉਨ੍ਹਾਂ ਨੇ 20 ਜੁਲਾਈ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੇ ਜਾ ਰਹੇ ‘ਸੰਸਦ ਮਾਰਚ’ ਨੂੰ ਭਾਰਤ ਦੀ ‘ਦੂਜੀ ਆਜ਼ਾਦੀ ਦੀ ਲੜਾਈ’ ਕਰਾਰ ਦਿੱਤਾ ਹੈ। ਵਾਂਗਚੁੱਕ ਨੇ ਆਪਣੇ ਸੁਨੇਹੇ ਵਿੱਚ ਲਿਖਿਆ, ”20 ਜੁਲਾਈ, ਭਾਰਤ ਦੀ ਦੂਜੀ ਆਜ਼ਾਦੀ ਦੀ ਮੁਹਿੰਮ। ਬੇਇਨਸਾਫ਼ੀ (ਜਿਵੇਂ ਕਿ ਪੇਪਰ ਲੀਕ) ਤੋਂ ਆਜ਼ਾਦੀ ਅਤੇ ਡਰ (ਮੇਰੀ ਗ਼ੈਰ-ਕਾਨੂੰਨੀ ਹਿਰਾਸਤ) ਤੋਂ ਆਜ਼ਾਦੀ।” ਉਨ੍ਹਾਂ ਨੇ ਦੇਸ਼ ਭਰ ਦੇ ਨੌਜਵਾਨਾਂ ਅਤੇ ਸਮਰਥਕਾਂ ਨੂੰ ਅਪੀਲ ਕਰਦਿਆਂ ਅੱਗੇ ਲਿਖਿਆ, ”ਸੰਸਦ ਵੱਲ ਮਾਰਚ ਕਰੋ। ਕਿਰਪਾ ਕਰਕੇ ਇਸ ਮੁਹਿੰਮ ਨੂੰ ਇੱਕ ਵੱਡੀ ਅਤੇ ਇਤਿਹਾਸਕ ਸਫ਼ਲਤਾ ਬਣਾਓ।” ਸੋਨਮ ਵਾਂਗਚੁੱਕ ਨੂੰ ਹਸਪਤਾਲ ਦਾਖਲ ਕੀਤੇ ਜਾਣ ਅਤੇ ਦੇਸ਼ ਭਰ ਵਿੱਚ ਪੇਪਰ ਲੀਕ ਮਾਮਲੇ ਨੂੰ ਲੈ ਕੇ ਬਣੇ ਗੁੱਸੇ ਦਰਮਿਆਨ ਸਵੇਰੇ ਸੋਮਵਾਰ ਨੂੰ ਹੋਣ ਵਾਲੇ ਇਸ ਸੰਸਦ ਮਾਰਚ ਕਾਰਨ ਦਿੱਲੀ ਦੀਆਂ ਸਰਹੱਦਾਂ ਅਤੇ ਜੰਤਰ-ਮੰਤਰ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਵਾਂਗਚੁੱਕ ਨੂੰ ਸ਼ਨੀਵਾਰ ਤੜਕੇ ਉਨ੍ਹਾਂ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦੇ 21ਵੇਂ ਦਿਨ ਦਿੱਲੀ ਪੁਲਸ ਵੱਲੋਂ ਜ਼ਬਰਦਸਤੀ ਸਫ਼ਦਰਜੰਗ ਹਸਪਤਾਲ ਦਾਖ਼ਲ ਕਰਵਾਏ ਜਾਣ ਦੇ ਬਾਵਜੂਦ ਜੰਤਰ-ਮੰਤਰ ‘ਤੇ ਚੱਲ ਰਿਹਾ ਪ੍ਰਦਰਸ਼ਨ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ।
ਨਗੀਨਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਐਤਵਾਰ ਦੁਪਹਿਰ ਢਾਈ ਵਜੇ ਦੇ ਕਰੀਬ ਆਪਣੇ ਸਾਥੀਆਂ ਅਤੇ ਲੱਗਭੱਗ 50 ਸਮਰਥਕਾਂ ਦੀ ਟੀਮ ਸਮੇਤ ਜੰਤਰ-ਮੰਤਰ ਪ੍ਰਦਰਸ਼ਨ ਵਾਲੀ ਥਾਂ ‘ਤੇ ਪਹੁੰਚੇ।
ਹਾਲਾਂਕਿ ਦਿੱਲੀ ਪੁਲਸ ਸੋਨਮ ਵਾਂਗਚੁੱਕ ਨੂੰ ਚੁੱਕ ਕੇ ਲੈ ਗਈ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਏ ਆਈ ਐੱਸ ਏ) ਦੇ ਤਿੰਨ ਕਾਰਕੁੰਨ ਨੇਹਾ, ਅਮੀਨ ਅਮਿਤੋਜ ਅਤੇ ਮਨੀਸ਼ ਕੁਮਾਰ ਨੇ ਆਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਐਤਵਾਰ 22ਵੇਂ ਦਿਨ ਵੀ ਜਾਰੀ ਰੱਖੀ।
ਏ ਆਈ ਐੱਸ ਏ ਦੀ ਪ੍ਰਧਾਨ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਵਿੱਚ ਥੀਏਟਰ ਐਂਡ ਪ੍ਰਫਾਰਮੈਂਸ ਸਟੱਡੀਜ਼ ਵਿੱਚ ਪੀ ਐੱਚ ਡੀ ਸਕਾਲਰ ਨੇਹਾ ਨੇ 66 ਕਿੱਲੋ ਤੋਂ ਵਰਤ ਸ਼ੁਰੂ ਕੀਤਾ ਸੀ ਅਤੇ ਉਸ ਦਾ 7.5 ਕਿੱਲੋ ਭਾਰ ਘਟ ਚੁੱਕਾ ਹੈ। ਦਿੱਲੀ ਦੀ ਡਾ. ਬੀ ਆਰ ਅੰਬੇਡਕਰ ਯੂਨੀਵਰਸਿਟੀ ਵਿੱਚ ਸ਼ਹਿਰੀ ਅਧਿਐਨ ਦੇ ਪੀ ਐੱਚ ਡੀ ਸਕਾਲਰ ਅਮੀਨ ਅਮਿਤੋਜ, ਜਿਸ ਨੇ 2020 ਤੋਂ 2021 ਦੇ ਕਿਸਾਨ ਅੰਦੋਲਨ ਵਿੱਚ ਵੀ ਹਿੱਸਾ ਲਿਆ ਸੀ, ਨੇ 69.3 ਕਿੱਲੋ ਤੋਂ ਸ਼ੁਰੂਆਤ ਕੀਤੀ ਅਤੇ ਉਸ ਦਾ ਭਾਰ 9.3 ਕਿੱਲੋ ਘਟ ਚੁੱਕਾ ਹੈ। ਏ ਆਈ ਐੱਸ ਏ ਦੇ ਯੂ ਪੀ ਦੇ ਪ੍ਰਧਾਨ ਅਤੇ ਇਲਾਹਾਬਾਦ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਵਿੱਚ ਪੀ ਐੱਚ ਡੀ ਸਕਾਲਰ ਮਨੀਸ਼ ਕੁਮਾਰ ਨੇ 85.7 ਕਿੱਲੋ ਭਾਰ ਨਾਲ ਵਰਤ ਸ਼ੁਰੂ ਕੀਤਾ ਸੀ ਅਤੇ ਉਸ ਦਾ 10.4 ਕਿੱਲੋ ਭਾਰ ਘਟ ਚੁੱਕਾ ਹੈ।
ਇਸ ਦੌਰਾਨ, ਕਾਕਰੋਚ ਜਨਤਾ ਪਾਰਟੀ ਦੇ ਮੁਖੀ ਅਭਿਜੀਤ ਦੀਪਕੇ ਦੀ ਭੁੱਖ ਹੜਤਾਲ ਦੂਜੇ ਦਿਨ ਜਾਰੀ ਰਹੀ। ਸੀ ਜੇ ਪੀ ਨੇ ਦੋਸ਼ ਲਗਾਇਆ ਕਿ ਸਾਈਟ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ ਸੀ, ਜਿਸ ਕਾਰਨ ਵਿਦਿਆਰਥੀਆਂ ਨੂੰ ਪੱਖਿਆਂ ਤੋਂ ਬਿਨਾਂ ਗਰਮੀ ਅਤੇ ਹੁੰਮ ਦਾ ਸਾਹਮਣਾ ਕਰਨਾ ਪਿਆ।
ਪ੍ਰੋਟੈੱਸਟ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦਾ ਵੀ ਸਮਰਥਨ ਮਿਲਿਆ ਹੈ, ਜਿਸ ਨੇ ਪੁਲਸ ਕਾਰਵਾਈ ਦੀ ਆਲੋਚਨਾ ਕੀਤੀ। ਉਸ ਨੇ ਕਿਹਾ ਕਿ ਜੇ ਐੱਨ ਯੂ ਟੀ ਏ ਜੰਤਰ-ਮੰਤਰ ‘ਤੇ ਸ਼ਾਂਤਮਈ ਵਿਦਿਆਰਥੀਆਂ ਅਤੇ ਮਾਪਿਆਂ ‘ਤੇ ਬੇਰਹਿਮ ਪੁਲਸ ਕਾਰਵਾਈ ਦੇ ਘਿਨਾਉਣੇ ਯਤਨਾਂ ਦੀ ਸਖਤ ਨਿੰਦਾ ਕਰਦੀ ਹੈ। ਉਸ ਨੇ ਅੱਗੇ ਕਿਹਾ ਕਿ ਭਾਰਤੀ ਸਿੱਖਿਆ ਦੇ ਭਵਿੱਖ ਦੀ ਲੜਾਈ ਹੁਣ ਇਕੱਲੇ ਸੰਘਰਸ਼ਾਂ ਵਿੱਚ ਨਹੀਂ ਲੜੀ ਜਾ ਸਕਦੀ। ਉਸ ਨੇ ਦੇਸ਼-ਭਰ ਦੇ ਅਧਿਆਪਕਾਂ ਨੂੰ ਸੋਮਵਾਰ ਦੇ ਸੰਸਦ ਮਾਰਚ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।