ਮਜ਼ਾਕ ਬਣ ਰਹੇ ਵਿਦੇਸ਼ੀ ਦੌਰੇ

0
1

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਰਤਿਆਂ ਹਫਤੇ ਤੋਂ ਵੱਧ ਹੋ ਗਿਆ ਹੈ, ਪਰ ਆਸਟ੍ਰੇਲੀਆ ਦੌਰੇ ਦਾ ਮਜ਼ਾਕ ਅਜੇ ਵੀ ਜਾਰੀ ਹੈ। ਸਥਾਨਕ ਮੀਡੀਆ ਅਜੇ ਵੀ ਮੋਦੀ ਦੇ ਰੌਕ ਸ਼ੋਅ ਦਾ ਆਨੰਦ ਮਾਣ ਰਿਹਾ ਹੈ, ਜੋ ਕਿ ਨੱਚਣ ਅਤੇ ਗਾਉਣ ਲਈ ਬਣਾਏ ਗਏ ਇੱਕ ਮਿੰਨੀ-ਸਟੇਡੀਅਮ ਵਿੱਚ ਆਯੋਜਤ ਕੀਤਾ ਗਿਆ ਸੀ, ਜਿਸ ਵਿੱਚ 25,000-30,000 ਭਾਰਤੀਆਂ ਨੂੰ ਵਿਸ਼ੇਸ਼ ਤੌਰ ‘ਤੇ ਬੁੱਕ ਕੀਤੇ ਚਾਰਟਰਡ ਜਹਾਜ਼ਾਂ ਵਿੱਚ ਲਿਆਂਦਾ ਗਿਆ ਸੀ। ਆਸਟ੍ਰੇਲੀਆਈ ਮੀਡੀਆ ਅਤੇ ਵਿਰੋਧੀ ਨੇਤਾ ਦੋਸ਼ ਲਗਾ ਰਹੇ ਹਨ ਕਿ ਪਿਛਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ‘ਅਬਕੀ ਬਾਰ ਟਰੰਪ ਸਰਕਾਰ’ ਦਾ ਨਾਅਰਾ ਲਾਉਣ ਵਾਲੇ ਮੋਦੀ ਨੇ ਭਾਰਤੀ ਮੂਲ ਦੇ ਵੋਟਰਾਂ ਨੂੰ ਅਲੋਕਪ੍ਰਿਯ ਹੋ ਰਹੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਪਾਰਟੀ ਦੇ ਹੱਕ ਵਿੱਚ ਲੁਭਾਉਣ ਲਈ ਇਹ ਸਮਾਗਮ ਕੀਤਾ । ਮੋਦੀ ਦੇ ਵਿਦੇਸ਼ ਦੌਰਿਆਂ ਬਾਰੇ ਬਹੁਤ ਸਾਰੀਆਂ ਅਜਿਹੀਆਂ ਦਿਲਚਸਪ ਕਹਾਣੀਆਂ ਹਨ। ਭਾਰਤ, ਜੋ ਕਦੇ ਵਿਸ਼ਵ ਰਾਜਨੀਤੀ ਵਿੱਚ 118 ਗੁੱਟ ਨਿਰਲੇਪ ਦੇਸ਼ਾਂ ਦਾ ਆਗੂ ਸੀ, ਹੁਣ ਹਾਸੋਹੀਣੀ ਸਥਿਤੀ ‘ਤੇ ਪਹੁੰਚ ਗਿਆ ਹੈ। ਇੱਕ ਸਮਾਂ ਸੀ, ਜਦੋਂ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਡਿਪਟੀ ਸੈਕਟਰੀ ਜਾਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਨੰਬਰ ਤਿੰਨ ਬੁਲਾਰੇ ਦੇ ਸ਼ਬਦ ਵੀ ਦੁਨੀਆ ਵੱਲੋਂ ਸੁਣੇ ਅਤੇ ਵਿਚਾਰੇ ਜਾਂਦੇ ਸਨ। ਅੱਜ ਹਾਲਾਤ ਅਜਿਹੇ ਹੋ ਗਏ ਹਨ ਕਿ ਭਾਰਤੀ ਪ੍ਰਧਾਨ ਮੰਤਰੀ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਲਿਖੀਆਂ ਜਾ ਰਹੀਆਂ ਹਨ। ਇੰਗਲੈਂਡ ਦੇ ਪ੍ਰਮੁੱਖ ਅੰਗਰੇਜ਼ੀ ਅਖਬਾਰ ‘ਦੀ ਗਾਰਡੀਅਨ’ ਨੇ ਆਪਣੀ ਖਬਰ ਦੀ ਸੁਰਖੀ ਦਿੱਤੀ, ‘ਉਨ੍ਹਾ ਨੂੰ ਕੋਈ ਵੀ ਪੁਰਸਕਾਰ/ਤਮਗਾ ਦਿਓ, ਉਹ ਦੌੜ ਕੇ ਆਉਣਗੇ’। ਅਖਬਾਰ ਨੇ ਇਜ਼ਰਾਈਲ ਦੇ ‘ਨੇਸੈੱਟ ਮੈਡਲ’ ਐਵਾਰਡ ਦਾ ਜ਼ਿਕਰ ਕੀਤਾ। ਮੋਦੀ ਦੇ ਇਜ਼ਰਾਈਲ ਦੌਰੇ ਤੋਂ ਕੁਝ ਦਿਨ ਪਹਿਲਾਂ, ਇਜ਼ਰਾਈਲੀ ਸੰਸਦ ਨੇ ਜਲਦਬਾਜ਼ੀ ਵਿੱਚ ਨੇਸੈੱਟ ਮੈਡਲ ਬਣਾਇਆ ਅਤੇ ਜਿਵੇਂ ਹੀ ਉਹ ਪਹੁੰਚੇ, ਮੋਦੀ ਨੂੰ ਇਹ ਮੈਡਲ ਪੇਸ਼ ਕੀਤਾ ਗਿਆ। ਇਸ ਨੂੰ ਦੇਸ਼ ਦੇ ਸਭ ਤੋਂ ਉੱਚੇ ਸਨਮਾਨਾਂ ਵਿੱਚੋਂ ਇੱਕ ਦੱਸਿਆ ਗਿਆ ਸੀ ਅਤੇ ਮੋਦੀ ਇਕੱਲੇ ਹਨ, ਜਿਨ੍ਹਾ ਨੂੰ ਇਹ ਦਿੱਤਾ ਗਿਆ।
ਜੇ ਇਹ ਨਰਿੰਦਰ ਮੋਦੀ ਦਾ ਨਿੱਜੀ ਮਾਮਲਾ ਹੁੰਦਾ ਤਾਂ ਗੱਲ ਵੱਖਰੀ ਹੋਣੀ ਸੀ, ਪਰ ਇਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਆਚਰਣ ਦਾ ਸਵਾਲ ਹੈ, ਇਸ ਲਈ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਬਹੁਤ ਸਮਾਂ ਪਹਿਲਾਂ ਦੀ ਗੱਲ ਨਹੀਂ ਹੈ। 10 ਮਈ ਨੂੰ ਹੈਦਰਾਬਾਦ ਵਿੱਚ ਇੱਕ ਜਨਤਕ ਮੀਟਿੰਗ ਵਿੱਚ ਮੋਦੀ ਨੇ ਇੱਕ ਵਿਆਪਕ ਤਿਆਗ ਪੈਕੇਜ ਦਾ ਐਲਾਨ ਕਰਦਿਆਂ ਭਾਰਤੀਆਂ ਨੂੰ ਵਿਸ਼ਵਵਿਆਪੀ ਤਣਾਅ ਅਤੇ ਉਨ੍ਹਾਂ ਦੇ ਆਰਥਿਕ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ ਵਿਦੇਸ਼ ਯਾਤਰਾ ਬੰਦ ਕਰਨ ਦੀ ਸਲਾਹ ਦਿੱਤੀ। ਇਸ ਭਾਸ਼ਣ ਦੀ ਗੂੰਜ ਘੱਟ ਹੋਣ ਤੋਂ ਪਹਿਲਾਂ ਹੀ ਉਹ ਖੁਦ ਵਿਦੇਸ਼ ਯਾਤਰਾ ‘ਤੇ ਨਿਕਲ ਚੁੱਕੇ ਸਨ। ਮਈ ਵਿੱਚ ਉਨ੍ਹਾ ਯੂ ਏ ਈ, ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦਾ ਦੌਰਾ ਕੀਤਾ। ਜੂਨ ਦੀ ਤੇਜ਼ ਗਰਮੀ ਫਰਾਂਸ, ਸਲੋਵਾਕੀਆ, ਸੇਸ਼ੇਲਸ ਗਣਰਾਜ ਦਾ ਦੌਰਾ ਕਰਕੇ ਬਿਤਾਈ ਅਤੇ ਹਾਲ ਹੀ ਵਿੱਚ ਜੁਲਾਈ ਵਿੱਚ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਹੁੰਦੇ ਹੋਏ ਵਾਪਸ ਆਏ। ਇਸ ਤਰ੍ਹਾਂ ਵਿਦੇਸ਼ ਯਾਤਰਾ ਨਾ ਕਰਨ ਦੇ ਆਪਣੇ ਸੱਦੇ ਤੋਂ ਬਾਅਦ ਉਨ੍ਹਾ ਕੁੱਲ 11 ਦੇਸ਼ਾਂ ਦਾ ਦੌਰਾ ਕੀਤਾ ਹੈ। ਇਸ ਦੇ ਨਾਲ ਹੁਣ ਤੱਕ ਉਨ੍ਹਾ ਆਪਣੇ ਕਾਰਜਕਾਲ ਵਿੱਚ 82 ਦੇਸ਼ਾਂ ਦੇ 100 ਵਿਦੇਸ਼ੀ ਦੌਰੇ ਅਤੇ 415 ਦਿਨ ਭਾਰਤ ਤੋਂ ਬਾਹਰ ਰਹਿਣ ਦਾ ਰਿਕਾਰਡ ਬਣਾਇਆ ਹੈ, ਜੋ ਕਿ ਭਾਰਤ ਨੂੰ ਛੱਡ ਕੇ, ਦੁਨੀਆ ਦੇ ਕਿਸੇ ਵੀ ਰਾਜ ਦੇ ਮੁਖੀ ਲਈ ਬੇਮਿਸਾਲ ਹੈ। ਪਹਿਲਾਂ ਜਦੋਂ ਵੀ ਕੋਈ ਪ੍ਰਧਾਨ ਮੰਤਰੀ ਵਿਦੇਸ਼ ਯਾਤਰਾ ਤੋਂ ਵਾਪਸ ਆਉਂਦਾ ਸੀ ਤਾਂ ਉਹ ਸੰਸਦ ਨੂੰ ਅਤੇ ਇਸ ਰਾਹੀਂ ਦੇਸ਼ ਨੂੰ ਯਾਤਰਾ ਦੇ ਉਦੇਸ਼, ਇਸ ਦੇ ਨਤੀਜੇ, ਮੌਜੂਦਾ ਵਿਸ਼ਵ ਸਥਿਤੀ ਅਤੇ ਇਸ ਬਾਰੇ ਭਾਰਤ ਦੇ ਦ੍ਰਿਸ਼ਟੀਕੋਣ ਬਾਰੇ ਸੂਚਿਤ ਕਰਦਾ ਸੀ। ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਅਭਿਆਸ ਖਤਮ ਹੋ ਗਿਆ ਹੈ। ਨਤੀਜਾ ਡਰਾਉਣਾ ਅਤੇ ਚਿੰਤਾਜਨਕ ਦੋਵੇਂ ਹੈ। ਏਨੇ ਸਾਰੇ ਵਿਦੇਸ਼ੀ ਦੌਰਿਆਂ ਤੋਂ ਬਾਅਦ ਜੇ ਤੁਸੀਂ ਅਮਰੀਕਾ ਨਾਲ ਸਲਾਹ ਕੀਤੇ ਬਿਨਾਂ ਸਰਹੱਦੀ ਸੁਰੱਖਿਆ ਬਾਰੇ ਕੁਝ ਨਹੀਂ ਕਰ ਸਕਦੇ, ਟਰੰਪ ਦੀਆਂ ਧਮਕੀਆਂ ਅਤੇ ਨੇਤਨਯਾਹੂ ਦੇ ‘1.4 ਅਰਬ ਭਾਰਤੀ ਮੇਰੇ ਨਾਲ ਹਨ’ ਦੇ ਦਾਅਵੇ ਦਾ ਖੰਡਨ ਨਹੀਂ ਕਰ ਸਕਦੇ, ਆਪਣੇ ਰਵਾਇਤੀ ਦੋਸਤ ਈਰਾਨ ਦੇ ਆਪਣੇ ਸਭ ਤੋਂ ਵੱਡੇ ਨੇਤਾ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣ ਦੇ ਸੱਦੇ ਦਾ ਸਹੀ ਢੰਗ ਨਾਲ ਸਨਮਾਨ ਨਹੀਂ ਕਰ ਸਕਦੇ ਅਤੇ ਅਮਰੀਕਾ ਦੇ ਡਰੋਂ ਸਿਰਫ ਦੋ ਮਾਮੂਲੀ ਪ੍ਰਤੀਨਿਧੀਆਂ ਨੂੰ ਭੇਜ ਸਕਦੇ ਹੋ… ਤਾਂ ਇਸ ਤੋਂ ਚੰਗਾ ਤਾਂ ਇਹੀ ਸੀ ਕਿ ਘਰੋਂ ਬਾਹਰ ਹੀ ਨਾ ਨਿਕਲਦੇ। ਕਿਸੇ ਦੇਸ਼ ਦੀ ਸਾਖ ਵਿਸ਼ਵ ਰਾਜਨੀਤੀ ਪ੍ਰਤੀ ਉਸ ਦੇ ਨੈਤਿਕ ਅਤੇ ਵਿਚਾਰਧਾਰਕ ਰਵੱਈਏ, ਉਸ ਦੀ ਲੀਡਰਸ਼ਿਪ ਦੀ ਪਰਿਪੱਕਤਾ ਅਤੇ ਅੰਤ ਵਿੱਚ ਦੇਸ਼ ਦੀ ਆਪਣੀ ਅੰਦਰੂਨੀ ਸਥਿਤੀ ਤੇ ਤਾਕਤ ਨਾਲ ਨਿਰਧਾਰਤ ਹੁੰਦੀ ਹੈ।
ਸਾਢੇ ਅੱਠ ਹਜ਼ਾਰ ਕਰੋੜ ਦੇ ਹਵਾਈ ਜਹਾਜ਼ ਵਿੱਚ ਵਿਦੇਸ਼ੀ ਦੌਰਿਆਂ ‘ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕਰਨ ਨਾਲ ਇਹ ਤੱਥ ਛੁਪਾਇਆ ਨਹੀਂ ਜਾ ਸਕਦਾ ਕਿ ਉਹ ਦੁਨੀਆ ਦੇ ਸਭ ਤੋਂ ਭੁੱਖੇ ਦੇਸ਼ਾਂ ਵਿੱਚੋਂ ਇੱਕ ਦੇ ਪ੍ਰਧਾਨ ਮੰਤਰੀ ਹਨ। 2025 ਦੇ ਗਲੋਬਲ ਹੰਗਰ ਇੰਡੈਕਸ ਵਿੱਚ ਭਾਰਤ 123 ਦੇਸ਼ਾਂ ਵਿੱਚੋਂ 102ਵੇਂ ਸਥਾਨ ‘ਤੇ ਸੀ। ਭਾਵੇਂ ਭਾਰਤ ਨੂੰ ਚੌਥੀ ਜਾਂ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਕਹੋ, ਪਰ ਅਸਲੀਅਤ ਇਹ ਹੈ ਕਿ ਵਿਸ਼ਵ ਬੈਂਕ ਤੋਂ ਲਏ ਗਏ ਕਰਜ਼ੇ (ਲੱਗਭੱਗ 24.4 ਅਰਬ ਡਾਲਰ) ਦੇ ਮਾਮਲੇ ਵਿੱਚ ਭਾਰਤ ਪਹਿਲੇ ਸਥਾਨ ‘ਤੇ ਹੈ। ਲੈਨਿਨ ਨੇ ਇੱਕ ਵਾਰ ਕਿਹਾ ਸੀ ਕਿ ਕਿਸੇ ਦੇਸ਼ ਦੀ ਵਿਦੇਸ਼ ਨੀਤੀ ਅੰਤ ਵਿੱਚ ਉਸ ਦੀਆਂ ਅੰਦਰੂਨੀ ਨੀਤੀਆਂ ਦਾ ਅਕਸ ਹੁੰਦੀ ਹੈ।