ਨਵੀਂ ਦਿੱਲੀ (ਨ ਜ਼ ਸ)-ਸੋਮਵਾਰ ਨੂੰ ਜੰਤਰ-ਮੰਤਰ ‘ਤੇ ਸ਼ਾਂਤੀਪੂਰਨ ਪ੍ਰਦਰਸ਼ਨ ਦੇ ਬਾਵਜੂਦ ਲਾਠੀਚਾਰਜ ਤੋਂ ਬਾਅਦ ਝੂਠੇ ਮੁਕੱਦਮੇ ਦਰਜ ਕਰਕੇ ਨੌਜਵਾਨਾਂ ਨੂੰ ਪਰੇਸ਼ਾਨ ਕਰਨ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਾਨੂੰਨੀ ਤੇ ਮੈਡੀਕਲ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾ ਕਿਹਾ ਕਿ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਨਾਲ ਆਮ ਆਦਮੀ ਪਾਰਟੀ ਖੜ੍ਹੀ ਹੈ। ਮੋਦੀ ਜੀ ਨੇ ਤਾਂ ਅੰਗਰੇਜ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਅੰਗਰੇਜ਼ਾਂ ਨੇ ਵੀ ਸ਼ਾਇਦ ਕਦੇ ਆਜ਼ਾਦੀ ਘੁਲਾਟੀਆਂ ‘ਤੇ ਇਸ ਤਰ੍ਹਾਂ ਲਾਠੀਚਾਰਜ ਜਾਂ ਹਮਲਾ ਨਹੀਂ ਕੀਤਾ ਹੋਵੇਗਾ, ਜਿਸ ਤਰ੍ਹਾਂ ਮੋਦੀ ਸਰਕਾਰ ਨੇ ਸੋਮਵਾਰ ਨੂੰ ਆਪਣੇ ਹੀ ਦੇਸ਼ ਦੇ ਬੱਚਿਆਂ ‘ਤੇ ਕੀਤਾ ਹੈ।
ਕੇਜਰੀਵਾਲ ਨੇ ਕਿਹਾ ਕਿ ਬੱਚਿਆਂ ‘ਤੇ ਕਈ ਝੂਠੀਆਂ ਐੱਫ ਆਈ ਆਰ ਦਰਜ ਕੀਤੀਆਂ ਗਈਆਂ ਹਨ। ਮੈਂ ਸੋਸ਼ਲ ਮੀਡੀਆ ‘ਤੇ ਦੇਖਿਆ ਕਿ ਕਈ ਮਾਪੇ ਲਿਖ ਰਹੇ ਹਨ ਕਿ ਉਨ੍ਹਾਂ ਦੇ ਬੱਚੇ ਗਾਇਬ ਹਨ ਅਤੇ ਮਿਲ ਨਹੀਂ ਰਹੇ। ਸ਼ਾਇਦ ਪੁਲਸ ਉਨ੍ਹਾਂ ਨੂੰ ਚੁੱਕ ਕੇ ਕਿਸੇ ਜੇਲ੍ਹ ਜਾਂ ਅਣਪਛਾਤੀ ਜਗ੍ਹਾ ਲੈ ਗਈ ਹੈ ਅਤੇ ਕੋਈ ਕੁਝ ਦੱਸਣ ਵਾਲਾ ਨਹੀਂ ਹੈ। ਇਸ ਤਰ੍ਹਾਂ ਦੀ ਕਰੂਰਤਾ ਅੱਜ ਤੱਕ ਕਦੇ ਨਹੀਂ ਦੇਖੀ ਗਈ। ਅਜਿਹਾ ਲੱਗਦਾ ਹੈ ਕਿ ਮੋਦੀ ਜੀ ਨੇ ਜਲ੍ਹਿਆਂਵਾਲੇ ਬਾਗ ਦੇ ਜਨਰਲ ਡਾਇਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕੁਝ ਲੋਕਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਸ਼ਾਇਦ ਜਨਰਲ ਡਾਇਰ ਦੀ ਆਤਮਾ ਨੇ ਹੀ ਮੋਦੀ ਜੀ ਦੇ ਰੂਪ ਵਿੱਚ ਜਨਮ ਲਿਆ ਹੈ।ਅਰਵਿੰਦ ਕੇਜਰੀਵਾਲ ਨੇ ਇੱਕ ਹੈਲਪਲਾਈਨ ਨੰਬਰ 8588833548 ਜਾਰੀ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਲੀਗਲ ਮਦਦ ਦੀ ਜ਼ਰੂਰਤ ਹੈ, ਕਿਸੇ ਦੇ ਬੱਚੇ ਨਹੀਂ ਮਿਲ ਰਹੇ, ਬੱਚਿਆਂ ‘ਤੇ ਝੂਠਾ ਕੇਸ ਕਰ ਦਿੱਤਾ ਗਿਆ ਹੈ ਜਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਤਾਂ ਉਹ ਇਸ ਨੰਬਰ ‘ਤੇ ਸੰਪਰਕ ਕਰ ਸਕਦੇ ਹਨ। ਆਮ ਆਦਮੀ ਪਾਰਟੀ ਨੇ ਇੱਕ ਲੀਗਲ ਟੀਮ ਬਣਾਈ ਹੈ ਜੋ ਤੁਹਾਡੀ ਮਦਦ ਕਰੇਗੀ। ਜੇ ਜ਼ਰੂਰਤ ਪਈ ਤਾਂ ਦੇਸ਼ ਦਾ ਵੱਡੇ ਤੋਂ ਵੱਡਾ ਵਕੀਲ ਵੀ ਤੁਹਾਡੇ ਬੱਚਿਆਂ ਲਈ ਖੜ੍ਹਾ ਕਰਾਂਗੇ। ਕਿਸੇ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ।ਕੇਜਰੀਵਾਲ ਨੇ ਕਿਹਾ ਕਿ ਕੁਝ ਲੋਕ ਮੈਨੂੰ ਪੁੱਛ ਰਹੇ ਸਨ ਕਿ ਮੈਂ ਸੋਮਵਾਰ ਨੂੰ ਪ੍ਰਦਰਸ਼ਨ ਵਿੱਚ ਕਿਉਂ ਨਹੀਂ ਸੀ? ਮੈਨੂੰ ਕਿਸੇ ਕਾਰਨ ਪੰਜਾਬ ਜਾਣ ਪਿਆ ਸੀ, ਪਰ ਮੇਰੇ ਦੋਵੇਂ ਬੱਚੇ ਪ੍ਰਦਰਸ਼ਨ ਵਿੱਚ ਮੌਜੂਦ ਸਨ। ਉਹ 4-5 ਘੰਟੇ ਤੱਕ ਬਾਕੀ ਪ੍ਰਦਰਸ਼ਨਕਾਰੀਆਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਸਨ। ਜਿੱਥੇ ਹੰਝੂ ਗੈਸ ਦੇ ਗੋਲੇ ਛੱਡੇ ਗਏ, ਮੇਰੇ ਬੱਚੇ ਉੱਥੇ ਹੀ ਮੌਜੂਦ ਸਨ। ਸਾਡੇ ਸਾਰੇ ਨੇਤਾ ਅਤੇ ਪੂਰੀ ਆਮ ਆਦਮੀ ਪਾਰਟੀ ਉੱਥੇ ਮੌਜੂਦ ਸੀ। ਇਹ ਪੂਰਾ ਦੇਸ਼ 140 ਕਰੋੜ ਲੋਕਾਂ ਦਾ ਇੱਕ ਪਰਵਾਰ ਹੈ। ਕਿਸੇ ਨੂੰ ਇਨ੍ਹਾਂ ਤਾਨਾਸ਼ਾਹਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ, ਅਸੀਂ ਸਭ ਇੱਕ ਨਾਲ ਹਾਂ ਅਤੇ ਮਿਲ ਕੇ ਲੜਾਂਗੇ।ਕੇਜਰੀਵਾਲ ਨੇ ਕਿਹਾ ਕਿ ਇਹ ਭਾਜਪਾ ਵਾਲਿਆਂ ਦਾ ਇੱਕ ਤੈਅ ਨੈਰੇਟਿਵ ਹੈ। ਜੇ ਮੋਦੀ ਜੀ ਕਹਿੰਦੇ ਹਨ ਕਿ ਇਹ ਬੱਚੇ ਐਂਟੀ-ਨੈਸ਼ਨਲ ਸਨ। ਮੈਂ ਕਹਿਣਾ ਚਾਹੁੰਦਾ ਹਾਂ ਕਿ ਮੋਦੀ ਜੀ, ਇਸ ਦੇਸ਼ ਦੇ ਸਭ ਤੋਂ ਵੱਡੇ ਦੇਸ਼ਧ੍ਰੋਹੀ ਤੁਸੀਂ ਖੁਦ ਹੋ। ਜੇਕਰ ਉਹ ਕਹਿੰਦੇ ਹਨ ਕਿ ਇਹ ਬੱਚੇ ਅੱਤਵਾਦੀ ਸਨ, ਤਾਂ ਸਭ ਤੋਂ ਵੱਡੇ ਅੱਤਵਾਦੀ ਵੀ ਤੁਸੀਂ ਹੀ ਹੋ। ਇਹ ਦੇਸ਼ ਹੁਣ ਤੁਹਾਡੇ ਤੋਂ ਦੁਖੀ ਹੋ ਚੁੱਕਾ ਹੈ। ਬੱਚਿਆਂ ‘ਤੇ ਲਗਾਏ ਜਾ ਰਹੇ ਇਹ ਸਾਰੇ ਦੋਸ਼ ਬਿਲਕੁਲ ਗਲਤ ਹਨ





