ਨਵੀਂ ਦਿੱਲੀ (ਨ ਜ਼ ਸ)
ਵਿਦਿਆਰਥੀਆਂ, ਨੌਜਵਾਨਾਂ ਤੇ ਆਮ ਲੋਕਾਂ ਦੇ ਸੋਮਵਾਰ ਦੇ ਸੰਸਦ ਵੱਲ ਮਾਰਚ ਵੇਲੇ ਮਨੁੱਖਤਾ ਦੇ ਦਿਲਟੁੰਭਵੇਂ ਨਜ਼ਾਰੇ ਵੀ ਦੇਖਣ ਨੂੰ ਮਿਲੇ। ਸਵੇਰੇ 3 ਵਜੇ, ਜਦੋਂ ਦਿੱਲੀ ਦਾ ਜ਼ਿਆਦਾਤਰ ਹਿੱਸਾ ਸੁੱਤਾ ਪਿਆ ਸੀ, ਇੱਕ ਭੋਜਨ ਡਿਲੀਵਰੀਮੈਨ ਜੰਤਰ-ਮੰਤਰ ‘ਤੇ ਪ੍ਰਦਰਸ਼ਨਕਾਰੀਆਂ ਲਈ ਪੈਕੇਟ ਲੈ ਕੇ ਆਇਆ, ਜੋ ਰਾਤ ਭਰ ਉੱਥੇ ਡੇਰਾ ਲਾ ਕੇ ਬੈਠੇ ਸਨ। ਆਰਡਰ ਮੁੰਬਈ ਦੇ ਅਨੁਜ ਰਾਵਤ ਨੇ ਦਿੱਤਾ ਸੀ ਅਤੇ ਇਸ ਦਾ ਭੁਗਤਾਨ ਕੀਤਾ ਗਿਆ। ਰਾਵਤ ਨੇ ਡਿਲੀਵਰੀਮੈਨ ਨੂੰ ਉਨ੍ਹਾਂ ਪ੍ਰਦਰਸ਼ਨਕਾਰੀਆਂ ਵਿੱਚ ਮੁਫਤ ਭੋਜਨ ਵੰਡਣ ਲਈ ਕਿਹਾ, ਜਿਨ੍ਹਾਂ ਨੂੰ ਸਖਤ ਲੋੜ ਸੀ। ਇਸ ਦੀ ਵਾਇਰਲ ਵੀਡੀਓ ਦੇ ਹੇਠਾਂ ਪੋਸਟ ਪਈ ਮਿਲੀ, ‘ਇਹ ਉਹ ਭਾਰਤ ਹੈ, ਜਿਸ ਨੂੰ ਅਸੀਂ ਗੁਆਉਣ ਤੋਂ ਇਨਕਾਰ ਕਰਦੇ ਹਾਂ। ਮੀਲਾਂ ਦੂਰ ਬੈਠੇ ਲੋਕ ਜ਼ੋਮੈਟੋ ਅਤੇ ਸਵਿਗੀ ਰਾਹੀਂ ਖਾਣਾ ਆਰਡਰ ਕਰ ਰਹੇ ਹਨ, ਡਿਲੀਵਰੀ ਪਾਰਟਨਰਾਂ ਨੂੰ ਜੰਤਰ-ਮੰਤਰ ‘ਤੇ ਭੁੱਖੇ ਪ੍ਰਦਰਸ਼ਨਕਾਰੀਆਂ ਨੂੰ ਖਾਣਾ ਖੁਆਉਣ ਲਈ ਕਹਿ ਰਹੇ ਹਨ। ਇਹੀ ਭਾਰਤ ਦਾ ਵਿਚਾਰ ਹੈ।’
ਇਹ ਦਿੱਲੀ ਵਿੱਚ ਪ੍ਰਦਰਸ਼ਨ ਦੌਰਾਨ ਸਾਹਮਣੇ ਆਏ ਕਈ ਛੋਟੇ-ਮੋਟੇ ਦਿਆਲਤਾ ਦੇ ਕੰਮਾਂ ਵਿੱਚੋਂ ਇੱਕ ਸੀ, ਜਿੱਥੇ ਪੁਲਸ ਦੇ ਤਸ਼ੱਦਦ ਨਾਲ ਕਈ ਲੋਕ ਜ਼ਖਮੀ ਹੋਏ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਪੰਜ ਸਟੇਸ਼ਨ ਬੰਦ ਕਰ ਦਿੱਤੇ ਸਨ, ਜਿਸ ਕਰਕੇ ਪ੍ਰਦਰਸ਼ਨਕਾਰੀਆਂ ਲਈ ਕੇਂਦਰੀ ਦਿੱਲੀ ਵਿੱਚ ਦਾਖਲ ਹੋਣਾ ਅਤੇ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਬਿਨਾਂ ਪੈਸੇ ਲਏ ਸਵਾਰੀਆਂ ਢੋਹਣ ਵਾਲਾ ਆਟੋ ਚਾਲਕ ਰਾਕੇਸ਼ ਕੁਮਾਰ ਯਾਦਵ ਇੱਕ ਵੀਡੀਓ ਵਿੱਚ ਮਾਣ ਨਾਲ ਕਹਿ ਰਿਹਾ ਹੈ, ‘ਇਹ ਸਾਥੀ ਨਾਗਰਿਕਾਂ ਪ੍ਰਤੀ ਮੇਰਾ ਫਰਜ਼ ਹੈ। ਮੈਂ ਇਹ ਆਪਣੇ ਬੱਚਿਆਂ ਲਈ, ਆਪਣੇ ਦੇਸ਼ ਦੇ ਭਵਿੱਖ ਲਈ ਕਰ ਰਿਹਾ ਹਾਂ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਏਨਾ ਦਰਦ ਨਾ ਝੱਲਣਾ ਪਵੇ। ਮੈਂ ਸਵੇਰ ਤੋਂ ਹੀ ਕਈ ਬੱਚਿਆਂ ਨੂੰ ਸਾਈਟ ‘ਤੇ ਲਿਜਾ ਰਿਹਾ ਹਾਂ ਅਤੇ ਇੱਕ ਵੀ ਪੈਸਾ ਨਹੀਂ ਲਿਆ ਹੈ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ।’ ਇੱਕ ਹੋਰ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਵਿੱਚ ਜੰਤਰ-ਮੰਤਰ ‘ਤੇ ਭੀੜ ਦੇ ਵਿਚਕਾਰ ਅਪਾਹਜ ਵਿਦਿਆਰਥੀਆਂ ਨੂੰ ਸੈਨਤ ਭਾਸ਼ਾ ਰਾਹੀਂ ਗੱਲਬਾਤ ਕਰਦੇ ਦਿਖਾਇਆ ਗਿਆ ਹੈ। ਇਹ ਦ੍ਰਿਸ਼ ਸਪੱਸ਼ਟ ਯਾਦ ਦਿਵਾਉਂਦਾ ਸੀ ਕਿ ਜਨਤਕ ਵਿਰੋਧ ਪ੍ਰਦਰਸ਼ਨਾਂ, ਜੋ ਅਕਸਰ ਇਸ ਗੱਲ ਤੋਂ ਮਾਪੇ ਜਾਂਦੇ ਹਨ ਕਿ ਉਨ੍ਹਾਂ ਦੇ ਨਾਅਰਿਆਂ ਦੀ ਆਵਾਜ਼ ਕਿੰਨੀ ਉੱਚੀ ਹੈ, ਨੂੰ ਹਮੇਸ਼ਾ ਆਵਾਜ਼ ‘ਤੇ ਨਿਰਭਰ ਨਹੀਂ ਕਰਨਾ ਪੈਂਦਾ। ਇੱਕ ਥੱਕੇ ਹੋਏ ਪੁਲਸ ਅਧਿਕਾਰੀ ਦੀ ਵੀਡੀਓ ਵਿੱਚ ਇੱਕ ਪ੍ਰਦਰਸ਼ਨਕਾਰੀ ਉਸ ਨੂੰ ਪੱਖਾ ਝੱਲ ਰਿਹਾ ਹੈ, ਜਦੋਂ ਕਿ ਇੱਕ ਹੋਰ ਵਰਦੀਧਾਰੀ ਵਿਅਕਤੀ ਨੇੜੇ ਬੈਠਾ ਦਿਖਾਈ ਦੇ ਰਿਹਾ ਸੀ। ਇਸ ਨੇ ਦਿਖਾਇਆ ਕਿ ਕਿਵੇਂ ਪੁਲਸੀਆ ਕਾਰਵਾਈ ਦੇ ਬਾਵਜੂਦ ਪ੍ਰਦਰਸ਼ਨਕਾਰੀ ਇੱਕ ਸੰਸਥਾ (ਪੁਲਸ) ਪ੍ਰਤੀ ਆਪਣੇ ਗੁੱਸੇ ਨੂੰ ਉਸ ਦੇ ਅੰਦਰ ਸੇਵਾ ਕਰ ਰਹੇ ਵਿਅਕਤੀਆਂ ਦੀਆਂ ਫੌਰੀ ਲੋੜਾਂ ਤੋਂ ਵੱਖ ਕਰ ਸਕਦੇ ਹਨ। ਹੋਰਨਾਂ ਵੀਡੀਓਜ਼ ਵਿੱਚ ਵੀ ਇਸੇ ਤਰ੍ਹਾਂ ਦਾ ਸੰਜਮ ਦੇਖਣ ਨੂੰ ਮਿਲਿਆ। ਇੱਕ ਕਲਿੱਪ ਵਿੱਚ ਨੌਜਵਾਨ ਪ੍ਰਦਰਸ਼ਨਕਾਰੀ ਇੱਕ ਵਾਹਨ ਦੇ ਕੋਲ ਤੋਂ ਸੁਰੱਖਿਆ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਦਿਖਾਈ ਦਿੱਤੇ। ਵੀਡੀਓ ਦੇ ਨਾਲ ਨੱਥੀ ਪੋਸਟ ਮੁਤਾਬਕ ਉਨ੍ਹਾਂ ਜਵਾਨਾਂ ਨੂੰ ਕਿਹਾ, ‘ਇਹ ਤੁਹਾਡੀ ਗਲਤੀ ਨਹੀਂ ਹੈ। ਤੁਸੀਂ ਆਪਣਾ ਫਰਜ਼ ਨਿਭਾਇਆ ਹੈ। ਲਵ ਯੂ, ਲਵ ਯੂ, ਦਿੱਲੀ ਪੁਲਸ। ਲਵ ਯੂ, ਆਰ ਏ ਐੱਫ। ਸ਼ਾਬਾਸ਼, ਅੱਜ ਤੁਸੀਂ ਬੱਚਿਆਂ ਨੂੰ ਕੁੱਟਿਆ, ਘਰ ਜਾਓ ਅਤੇ ਆਪਣੇ ਪਰਵਾਰਾਂ ਨੂੰ ਇਹ ਦੱਸੋ।’
ਐੱਨ ਜੀ ਓ ਹੇਮਕੁੰਟ ਫਾਊਂਡੇਸ਼ਨ ਦੇ ਡਾਇਰੈਕਟਰ ਹਰਤੀਰਥ ਸਿੰਘ ਆਹਲੂਵਾਲੀਆ ਨੇ ਇੱਕ ਪੋਸਟ ‘ਚ ਕਿਹਾ, ‘ਜੇ ਪ੍ਰੋਟੈੱਸਟ ਵਾਲੀ ਥਾਂ ‘ਤੇ ਟੈਂਟ ਉਖਾੜ ਦਿੱਤੇ ਗਏ ਹਨ ਤੇ ਤੁਹਾਨੂੰ ਅੱਜ ਰਾਤ ਸੌਣ ਲਈ ਥਾਂ ਦੀ ਲੋੜ ਹੈ, ਤਾਂ ਗੁਰਦੁਆਰਾ ਬੰਗਲਾ ਸਾਹਿਬ, ਰਕਾਬ ਗੰਜ ਸਾਹਿਬ, ਸੀਸ ਗੰਜ ਸਾਹਿਬ ਅਤੇ ਦਿੱਲੀ ਦੇ ਹੋਰ ਗੁਰਦੁਆਰਿਆਂ ਦੇ ਦਰਵਾਜ਼ੇ ਖੁੱਲ੍ਹੇ ਹਨ।’ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਜ਼ਾਰਾਂ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ, ਆਸਰਾ ਅਤੇ ਇਸ਼ਨਾਨ ਸਹੂਲਤ ਮਿਲੀ। ਚਾਹ ਤੇ ਪ੍ਰਸ਼ਾਦਿਆਂ ਦਾ ਲੰਗਰ ਅਟੁੱਟ ਵਰਤਿਆ। ਰਕਾਬ ਗੰਜ ਸਾਹਿਬ ਅਤੇ ਦਿੱਲੀ ਦੇ ਹੋਰਨਾਂ ਗੁਰਦੁਆਰਿਆਂ ਨੇ ਵੀ ਅਜਿਹਾ ਹੀ ਕੀਤਾ। ਇਨ੍ਹਾਂ ਪਲਾਂ ਨੇ ਦਿਖਾਇਆ ਕਿ ਆਮ ਲੋਕਾਂ ਨੇ ਕਿਵੇਂ ਹੁੰਗਾਰਾ ਭਰਿਆ, ਜਦੋਂ ਲੋਕਾਂ ਨੂੰ ਮਦਦ ਦੀ ਲੋੜ ਪਈ। ਇਹ ਕੰਮ ਆਪਣੇ ਆਪ ਹੀ ਹੋਏ। ਇਹ ਇਸ ਲਈ ਹੋਏ, ਕਿਉਂਕਿ ਕੋਈ ਭੁੱਖਾ ਸੀ, ਫਸਿਆ ਹੋਇਆ ਸੀ, ਦੁਖੀ ਸੀ, ਥੱਕਿਆ ਹੋਇਆ ਸੀ ਜਾਂ ਸੌਣ ਲਈ ਥਾਂ ਦੀ ਲੋੜ ਸੀ ਅਤੇ ਕਿਸੇ ਹੋਰ ਵਿਅਕਤੀ ਨੇ ਉਸ ਨੂੰ ਦੇਖਿਆ।





