ਬਿ੍ਟਿਸ਼ ਕੋਲੰਬੀਆ ‘ਚ ਕੰਜ਼ਰਵੇਟਿਵਾਂ ਨੂੰ ਮਿਲਿਆ ਦੋ-ਤਿਹਾਈ ਬਹੁਮਤ

0
9

ਜੇਤੂਆਂ ‘ਚ ਡਾ. ਹਰਬ ਧਾਲੀਵਾਲ, ਨਿੱਕੀ ਸ਼ਰਮਾ, ਗੈਰੀ ਪੁਰੇਵਾਲ, ਰਾਜ ਚੌਹਾਨ, ਗੈਰੀ ਥਿੰਦ, ਹਰਮਨ ਭੰਗੂ ਸ਼ਾਮਲ

ਵੈਨਕੂਵਰ : ਕੈਨੇਡਾ ਦੇ ਪੱਛਮੀ ਤੱਟੀ ਸੂਬੇ ਬਿ੍ਟਿਸ਼ ਕੋਲੰਬੀਆ ਵਿੱਚ ਹੋਈਆਂ ਮੱਧਕਾਲੀ ਚੋਣਾਂ ਵਿੱਚ ਸੱਤਾਧਾਰੀ ਐੱਨ ਡੀ ਪੀ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖਣਾ ਪਿਆ | 17 ਅਗਸਤ 2024 ਨੂੰ ਬੀ ਸੀ ਐੱਨ ਡੀ ਪੀ ਨੇ ਗ੍ਰੀਨ ਪਾਰਟੀ ਦੇ ਦੋ ਵਿਧਾਇਕਾਂ ਦੇ ਸਹਿਯੋਗ ਨਾਲ ਜੌਹਨ ਹੋਰਗਨ ਦੀ ਅਗਵਾਈ ਵਿੱਚ ਸੱਤਾ ਸੰਭਾਲੀ ਸੀ | ਸਰਕਾਰ ਦੇ ਕਾਰਜਕਾਲ ਵਿੱਚ ਅਜੇ ਦੋ ਸਾਲ ਬਾਕੀ ਸਨ | ਬੁਰੀ ਤਰ੍ਹਾਂ ਵੰਡੀ ਹੋਈ ਅਤੇ ਬਿਨਾਂ ਪੱਕੇ ਆਗੂ ਤੋਂ ਵਿਚਰ ਰਹੀ ਵਿਰੋਧੀ ਬੀ ਸੀ ਕੰਜ਼ਰਵੇਟਿਵ ਪਾਰਟੀ ਦੀ ਸਥਿਤੀ ਦਾ ਫਾਇਦਾ ਚੁੱਕਦਿਆਂ ਮੁੱਖ ਮੰਤਰੀ ਡੇਵਿਡ ਈਬੀ ਨੇ ਆਪਣੀ ਮਨਮਰਜ਼ੀ ਨਾਲ ਡੇਢ ਕੁ ਮਹੀਨਾ ਪਹਿਲਾਂ ਵਿਧਾਨ ਸਭਾ ਭੰਗ ਕਰਕੇ ਮੱਧਕਾਲੀ ਚੋਣਾਂ ਦਾ ਐਲਾਨ ਕਰ ਦਿੱਤਾ ਸੀ, ਪਰ ਚਾਰ ਸਾਲ ਹੋਰ ਲੈਣ ਦੇ ਚੱਕਰ ਵਿੱਚ ਉਹ ਰਹਿੰਦੇ ਦੋ ਸਾਲ ਵੀ ਗੁਆ ਬੈਠੇ | 93 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਬੀ ਸੀ ਕੰਜ਼ਰਵੇਟਿਵਾਂ ਨੇ ਕਾਰਜਕਾਰੀ ਆਗੂ ਲੌਰਨ ਡੌਰਕਸਨ ਦੀ ਅਗਵਾਈ ਹੇਠ 62 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ | ਬੀ ਸੀ ਐੱਨ ਡੀ ਪੀ 18 ਵਿਧਾਇਕ ਗੁਆ ਕੇ 29 ਦੇ ਅੰਕੜੇ ‘ਤੇ ਸੁੰਗੜ ਗਈ | ਗ੍ਰੀਨ ਪਾਰਟੀ ਨੇ ਆਪਣੀ ਵੋਟ ਪ੍ਰਤੀਸ਼ਤਤਾ ਤਾਂ ਵਧਾ ਲਈ, ਪਰ ਸੀਟਾਂ ਦੋ ਤੋਂ ਵੱਧ ਨਹੀਂ ਕਰ ਸਕੀ | 56 ਲੱਖ ਦੀ ਆਬਾਦੀ ਵਾਲੇ ਸੂਬੇ ਵਿੱਚ ਕਰੀਬ ਸਾਢੇ 37 ਲੱਖ ਵੋਟਰ ਹਨ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੀ ਘੱਟ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ | ਪੰਜਾਬੀਆਂ ਦੀ ਵੱਡੀ ਵਸੋਂ ਵਾਲੇ ਸ਼ਹਿਰ ਸਰੀ ਦੇ ਵੋਟਰਾਂ ਨੇ ਪਹਿਲੀ ਵਾਰ ਸ਼ਹਿਰ ਦੀਆਂ ਸਾਰੀਆਂ 10 ਸੀਟਾਂ ਕੰਜ਼ਰਵੇਟਿਵਾਂ ਦੀ ਝੋਲੀ ਪਾ ਕੇ ਰਿਕਾਰਡ ਕਾਇਮ ਕੀਤਾ ਹੈ | ਡੇਵਿਡ ਈਬੀ ਨੇ ਪਾਰਟੀ ਆਗੂ ਵਜੋਂ ਵੀ ਅਸਤੀਫ਼ਾ ਦੇ ਦਿੱਤਾ ਹੈ | ਉਨ੍ਹਾ ਹਾਰ ਦੀ ਪੂਰੀ ਜ਼ਿੰਮੇਵਾਰੀ ਕਬੂਲਦਿਆਂ ਅਗਲਾ ਸਮਾਂ ਪਰਵਾਰ ਨਾਲ ਬਿਤਾਉਣ ਦੀ ਗੱਲ ਕਹੀ ਹੈ | ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੋਣ ਜਿੱਤਣ ‘ਤੇ ਬੀ ਸੀ ਕੰਜ਼ਰਵੇਟਿਵ ਆਗੂ ਲੌਰਨ ਡੌਰਕਸਨ ਨੂੰ ਵਧਾਈ ਦਿੰਦਿਆਂ ਫੈਡਰਲ ਸਰਕਾਰ ਵੱਲੋਂ ਪੂਰੇ ਸਮਰਥਨ ਦਾ ਭਰੋਸਾ ਦਿੱਤਾ ਹੈ | ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਵੀ ਜੇਤੂ ਪਾਰਟੀ ਦੇ ਆਗੂ ਨੂੰ ਮੁਬਾਰਕਬਾਦ ਦਿੰਦਿਆਂ ਸਹਿਯੋਗ ਦਾ ਭਰੋਸਾ ਦਿੱਤਾ | ਰਾਜਨੀਤਕ ਜਾਣਕਾਰਾਂ ਅਨੁਸਾਰ 1933 ਤੋਂ ਬਾਅਦ ਪਹਿਲੀ ਵਾਰ ਬਿ੍ਟਿਸ਼ ਕੋਲੰਬੀਆ ਵਿੱਚ ਕਿਸੇ ਪਾਰਟੀ ਨੇ ਦੋ-ਤਿਹਾਈ ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ | ਨਤੀਜਿਆਂ ਅਨੁਸਾਰ ਐੱਨ ਡੀ ਪੀ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਚੋਣ ਜਿੱਤ ਗਏ ਹਨ | ਇਸੇ ਪਾਰਟੀ ਵੱਲੋਂ 6 ਵਾਰ ਜੇਤੂ ਰਹੇ ਜਗਰੂਪ ਬਰਾੜ ਨੂੰ ਗੈਰੀ ਪੁਰੇਵਾਲ ਨੇ ਹਰਾਇਆ, ਸਾਹਿਬ ਸਿੰਘ ਥਿੰਦ ਵੀ ਹਾਰ ਗਏ ਅਤੇ ਦੋ ਵਾਰ ਵਿਧਾਇਕ ਤੇ ਇੱਕ ਵਾਰ ਸੰਸਦ ਮੈਂਬਰ ਰਹੀ ਜਿੰਨੀ ਸਿਮਜ਼ (ਜੋਗਿੰਦਰ ਕੌਰ) ਵੀ ਚੋਣ ਹਾਰ ਗਈ | ਬਰਨਬੀ ਤੋਂ ਰਾਜ ਚੌਹਾਨ ਆਪਣੀ ਸੀਟ ਬਚਾਉਣ ਵਿੱਚ ਸਫ਼ਲ ਰਹੇ | ਸਰੀ-ਗਿਲਡਫੋਰਡ ਤੋਂ ਬੀ ਸੀ ਕੰਜ਼ਰਵੇਟਿਵ ਵੱਲੋਂ ਗੈਰੀ ਥਿੰਦ ਜਿੱਤੇ, ਜਦ ਕਿ ਐਬਟਸਫੋਰਡ ਤੋਂ ਹਰਮਨ ਭੰਗੂ ਨੇ ਵੱਡੇ ਫਰਕ ਨਾਲ ਚੋਣ ਜਿੱਤੀ | ਐੱਨ ਡੀ ਪੀ ਦਾ ਗੜ੍ਹ ਸਮਝੇ ਜਾਂਦੇ ਸਰੀ-ਨਿਊਟਨ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਡਾ. ਹਰਬ ਧਾਲੀਵਾਲ ਨੇ ਜਿੱਤ ਦਰਜ ਕਰਾਈ ਹੈ | ਖ਼ਬਰ ਲਿਖੇ ਜਾਣ ਤੱਕ ਸਿਰਫ਼ 7 ਸੀਟਾਂ ਦੇ ਨਤੀਜਿਆਂ ਦਾ ਐਲਾਨ ਬਾਕੀ ਸੀ, ਪਰ ਉਨ੍ਹਾਂ ਹਲਕਿਆਂ ਵਿੱਚ ਬਣੀ ਲੀਡ ਟੁੱਟਣ ਦੇ ਆਸਾਰ ਘੱਟ ਹੋਣ ਕਰਕੇ ਅੱਗੇ ਚੱਲ ਰਹੇ ਉਮੀਦਵਾਰਾਂ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ |