ਕੈਨੇਡਾ ‘ਚ ਪਾਵਰ ਟੂਲ ਚੋਰੀ ਕਰਨ ਦੇ ਦੋਸ਼ ‘ਚ 4 ਪੰਜਾਬੀ ਗ੍ਰਿਫ਼ਤਾਰ

0
5

ਵਿੰਨੀਪੈੱਗ : ਕੈਨੇਡਾ ਦੇ ਸ਼ਹਿਰ ਟੋਰਾਂਟੋ ਨੇੜੇ ਮਾਰਖਮ ਵਿੱਚ ਇੱਕ ਰਿਟੇਲ ਸਟੋਰ ਤੋਂ ਮਹਿੰਗੇ ਬਿਜਲੀ ਦੇ ਸੰਦ ਚੋਰੀ ਕਰਨ ਦੇ ਦੋਸ਼ ਹੇਠ ਯੌਰਕ ਰਿਜਨਲ ਪੁਲਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦ ਕਿ ਇੱਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ। ਪੁਲਸ ਅਨੁਸਾਰ ਇਹ ਘਟਨਾ ਐਤਵਾਰ 19 ਜੁਲਾਈ ਨੂੰ ਸ਼ਾਮ ਕਰੀਬ 7:45 ਵਜੇ ਫੇਅਰਬਰਨ ਡਰਾਈਵ ਅਤੇ ਹਾਈਵੇਅ 7 ਨੇੜੇ ਸਥਿਤ ਇੱਕ ਰਿਟੇਲ ਸਟੋਰ ਵਿੱਚ ਵਾਪਰੀ। ਸਟੋਰ ਦੇ ਅਮਲੇ ਨੇ ਪੰਜ ਵਿਅਕਤੀਆਂ ਨੂੰ ਮਹਿੰਗੇ ਪਾਵਰ ਟੂਲ ਚੋਰੀ ਕਰਦਿਆਂ ਦੇਖਿਆ। ਸੁਰੱਖਿਆ ਕਰਮਚਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਹੋਈਆਂ ਚੋਰੀਆਂ ਦੇ ਮਾਮਲਿਆਂ ਨਾਲ ਵੀ ਜੁੜੇ ਹੋਏ ਸਨ। ਨਿਗਰਾਨੀ ਦੌਰਾਨ ਪਤਾ ਲੱਗਿਆ ਕਿ ਉਹ ਬਿਨਾਂ ਭੁਗਤਾਨ ਕੀਤੇ ਸਾਮਾਨ ਲੈ ਕੇ ਸਟੋਰ ਤੋਂ ਬਾਹਰ ਨਿਕਲ ਗਏ। ਸਟੋਰ ਕਰਮਚਾਰੀਆਂ ਨੇ ਬਾਹਰ ਜਾ ਕੇ ਦੇਖਿਆ ਕਿ ਮੁਲਜ਼ਮ ਚੋਰੀ ਕੀਤਾ ਸਮਾਨ ਇੱਕ ਵਾਹਨ ਵਿੱਚ ਰੱਖ ਰਹੇ ਸਨ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਅਧਿਕਾਰੀਆਂ ਨੇ ਪਿੱਛਾ ਕਰਕੇ ਚਾਰ ਨੂੰ ਕਾਬੂ ਕਰ ਲਿਆ, ਜਦਂੋ ਕਿ ਪੰਜਵਾਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਮੋਹਿਤ ਸ਼ਰਮਾ (36), ਜਿਸ ਦਾ ਕੋਈ ਪੱਕਾ ਪਤਾ ਦਰਜ ਨਹੀਂ, ਮਨਪ੍ਰੀਤ ਸਿੰਘ (30), ਬਰੈਂਪਟਨ, ਵਿਸ਼ਵਜੀਤ ਸਿੰਘ (22) ਮਿਸੀਸਾਗਾ ਅਤੇ ਸੁਖਜਿੰਦਰ ਰੱਖੜਾ (43) ਕਿਚਨਰ ਸ਼ਾਮਲ ਹਨ।