ਦਿੱਲੀ ਤਸ਼ੱਦਦ ਖਿਲਾਫ ਧਾਲੀਵਾਲ ਵੱਲੋਂ ਪੰਜਾਬ ਭਰ ‘ਚ ਪ੍ਰੋਟੈਸਟ ਦਾ ਸੱਦਾ

0
8

ਚੰਡੀਗੜ੍ਹ (ਨ ਜ਼ ਸ)-ਸੀ ਪੀ ਆਈ ਪੰਜਾਬ ਦੇ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਕਾਕਰੋਚ ਜਨਤਾ ਪਾਰਟੀ ਦੀ ਅਗਵਾਈ ਵਿਚ ਜੰਤਰ-ਮੰਤਰ ਦਿੱਲੀ ਤੋਂ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਮੁਜ਼ਾਹਰਾਕਾਰੀਆਂ ਵੱਲੋਂ ਸੰਸਦ ਚਲੋ ਮਾਰਚ ਦੇ ਦਿੱਤੇ ਸੱਦੇ ‘ਤੇ ਜਦੋਂ ਨੌਜਵਾਨ ਸੰਸਦ ਵੱਲ ਵਧ ਰਹੇ ਸਨ ਤਾਂ ਮੋਦੀ ਸਰਕਾਰ ਦੀ ਤੈਅਸ਼ੁਦਾ ਨੀਤੀ ਮੁਤਾਬਕ ਹਰ ਤਰ੍ਹਾਂ ਦੇ ਵਿਰੋਧ ਨੂੰ ਕੁਚਲਣ ਅਤੇ ਤਸ਼ੱਦਦ ਢਾਹੁਣ ਦੀ ਕਾਰਵਾਈ ਕਰਦਿਆਂ ਪੁਲਸ ਅਤੇ ਸੁਰੱਖਿਆ ਫੋਰਸਾਂ ਵੱਲੋਂ ਮੁਜ਼ਾਹਰਾਕਾਰੀਆਂ ‘ਤੇ ਲਾਠੀਚਾਰਜ ਕੀਤਾ ਗਿਆ ਅਤੇ ਗੈਸ ਦੇ ਗੋਲੇ ਦਾਗੇ ਗਏ, ਜਿਸ ਨਾਲ ਕਈ ਦਰਜਨਾਂ ਨੌਜਵਾਨ ਅਤੇ ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ ਕਰ ਦਿਤੇ ਗਏ। ਇਸ ਤਰ੍ਹਾਂ ਦੇ ਘਿਨਾਉਣੇ ਕਾਰਨਾਮੇ ਦੀ ਪੰਜਾਬ ਸੀ ਪੀ ਆਈ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਸੀ ਪੀ ਆਈ ਵੱਲੋਂ ਪਾਰਟੀ ਦੇ ਸਾਰੇ ਜ਼ਿਲਿਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਇਨਸਾਫਪਸੰਦ ਅਤੇ ਜ਼ੁਲਮ ਵਿਰੁੱਧ ਲੜਨ ਵਾਲੇ ਲੋਕਾਂ ਨੂੰ ਨਾਲ ਲੈ ਕੇ ਸਾਰੇ ਪੰਜਾਬ ਵਿਚ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਅਤੇ ਸੰਘਰਸ਼ਸ਼ੀਲ ਨੌਜਵਾਨਾਂ ਤੇ ਵਿਦਿਆਰਥੀਆਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਦੀ ਜਨਤਾ ਸਾਹਮਣੇ ਮੋਦੀ ਸਰਕਾਰ ਦੇ ਦੁਰਪ੍ਰਬੰਧ ਅਤੇ ਤਾਨਾਸ਼ਾਹੀ ਦੇ ਕਾਲੇ ਕਾਰਨਾਮੇ ਦੱਸੇ ਜਾਣ ਕਿ 150 ਤੋਂ ਵੱਧ ਪੇਪਰ ਲੀਕ ਹੋਣ ਦੇ ਬਾਵਜੂਦ ਇਹ ਸਰਕਾਰ ਚੁੱਪ ਵੱਟ ਕੇ 7 ਕਰੋੜ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੁੰਦਾ ਵੇਖ ਕੇ ਜ਼ਰਾ ਵੀ ਸ਼ਰਮ ਮਹਿਸੂਸ ਨਹੀਂ ਕਰ ਰਹੀ। ਛੇ ਦਰਜਨ ਤੋਂ ਵੱਧ ਬੱਚੇ ਨੀਟ ਦਾ ਪੇਪਰ ਲੀਕ ਹੋਣ ਤੋਂ ਦੁਖੀ ਹੋ ਕੇ ਖੁਦਕਸ਼ੀਆਂ ਕਰ ਗਏ, ਪਰ ਸਰਕਾਰ ਅਜਿਹੀਆਂ ਹਿਰਦੇਵੇਦਕ ਘਟਨਾਵਾਂ ਨੂੰ ਵੀ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ। ਫਿਰ ਵੀ ਆਪਣੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਮੰਤਰੀ ਮੰਡਲ ਵਿਚੋਂ ਬਾਹਰ ਨਹੀਂ ਕਰ ਰਹੀ। ਪ੍ਰਧਾਨ ਮੰਤਰੀ ਦਾ ਇਸ ਸਾਰੇ ਘਟਨਾਕ੍ਰਮ ‘ਤੇ ਚੁੱਪ ਰਹਿਣਾ ਕਿਹੜੀ ਨੈਤਿਕਤਾ ਦੇ ਦਾਇਰੇ ਵਿਚ ਆਉਂਦਾ ਹੈ। ਸ਼ਾਂਤਮਈ ਤਰੀਕੇ ਨਾਲ ਇਨਸਾਫ ਲਈ ਆਪਣੀ ਆਵਾਜ਼ ਚੁੱਕ ਰਹੇ ਲੋਕਾਂ ਉਪਰ ਤਸ਼ੱਦਦ ਕਰਨਾ ਕੀ ਲੋਕਤੰਤਰ ਦਾ ਘਾਣ ਨਹੀਂ। ਕਾਮਰੇਡ ਧਾਲੀਵਾਲ ਨੇ ਕਿਹਾ ਕਿ ਪੰਜਾਬ ਸੀ ਪੀ ਆਈ ਮੰਗ ਕਰਦੀ ਹੈ ਕਿ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਮੰਤਰੀ ਮੰਡਲ ਵਿਚੋਂ ਤੁਰੰਤ ਬਰਤਰਫ ਕੀਤਾ ਜਾਵੇ। ਖੁਦਕੁਸ਼ੀਆਂ ਕਰਨ ਵਾਲੇ ਵਿਦਿਆਰਥੀਆਂ ਦੇ ਪਰਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦਾ ਮੁਆਵਜ਼ਾ ਦਿਤਾ ਜਾਵੇ, ਗ੍ਰਿਫਤਾਰ ਕੀਤੇ ਮੁਜ਼ਾਹਰਾਕਾਰੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਦਰਜ ਕੀਤੇ ਮੁਕੱਦਮੇ ਵਾਪਸ ਲਏ ਜਾਣ, ਪੇਪਰ ਲੀਕ ਮਾਮਲਿਆਂ ਦੀ ਉਚ-ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਲੋਕਤੰਤਰੀ ਤਰੀਕੇ ਨਾਲ ਕੀਤੇ ਜਾ ਰਹੇ ਸੰਘਰਸ਼ ਨੂੰ ਕੁਚਲਣਾ ਬੰਦ ਕੀਤਾ ਜਾਵੇ।