ਅਮਰੀਕਾ ਜੈਨਰਿਕ ਦਵਾਈਆਂ ‘ਤੇ ਟੈਰਿਫ ਲਾਏਗਾ, ਭਾਰਤ ਨੂੰ ਵੱਜੇਗੀ ਵੱਡੀ ਸੱਟ

0
13

ਵਾਸ਼ਿੰਗਟਨ (ਨ ਜ਼ ਸ) : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਦਰਾਮਦ ਕੀਤੀਆਂ ਜਾਣ ਵਾਲੀਆਂ ਜੈਨਰਿਕ ਦਵਾਈਆਂ ‘ਤੇ ਟੈਰਿਫ ਨੂੰ ਦੋ ਸਾਲਾਂ ਲਈ ਜ਼ੀਰੋ ਫੀਸਦੀ ਰੱਖਣ ਤੋਂ ਬਾਅਦ ਅਗਸਤ 2028 ਵਿੱਚ ਵਧਾ ਕੇ 100 ਫੀਸਦੀ ਅਤੇ ਉਸ ਤੋਂ ਬਾਅਦ 200 ਫੀਸਦੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ, ਜਿਸ ਨਾਲ ਦਵਾਈਆਂ ਦੇ ਨਿਰਮਾਣ ਨੂੰ ਅਮਰੀਕਾ ਵਿੱਚ ਵਾਪਸ ਲਿਆਂਦਾ ਜਾ ਸਕੇਗਾ। ਇਹ ਕਦਮ ਭਾਰਤ ਨੂੰ ਪ੍ਰਭਾਵਤ ਕਰ ਸਕਦਾ ਹੈ। ਭਾਰਤ ਅਮਰੀਕਾ ਨੂੰ ਜੈਨਰਿਕ ਦਵਾਈਆਂ ਦਾ ਸਭ ਤੋਂ ਵੱਡਾ ਨਿਰਯਾਤਕ ਹੈ। ਟਰੂਥ ਸੋਸ਼ਲ ‘ਤੇ ਇੱਕ ਪੋਸਟ ਵਿੱਚ ਟਰੰਪ ਨੇ ਕਿਹਾ ਕਿ 1 ਅਗਸਤ ਤੋਂ ਅਮਰੀਕਾ ਦੇਸ਼ ਵਿੱਚ ਲਿਆਂਦੀਆਂ ਜਾਣ ਵਾਲੀਆਂ ਸਾਰੀਆਂ ਜੈਨਰਿਕ ਦਵਾਈਆਂ ‘ਤੇ ਦੋ ਸਾਲਾਂ ਲਈ ਜ਼ੀਰੋ ਫੀਸਦੀ ਟੈਰਿਫ ਜਾਰੀ ਰੱਖੇਗਾ, ਜਿਸ ਤੋਂ ਬਾਅਦ ਇਸ ਨੂੰ ਇੱਕ ਸਾਲ ਲਈ 100 ਫੀਸਦੀ ਅਤੇ ਉਸ ਤੋਂ ਬਾਅਦ 200 ਫੀਸਦੀ ਕਰ ਦਿੱਤਾ ਜਾਵੇਗਾ। 2025 ਵਿੱਚ ਭਾਰਤ ਨੇ ਅਮਰੀਕਾ ਨੂੰ 9.7 ਅਰਬ ਅਮਰੀਕੀ ਡਾਲਰ ਦੀਆਂ ਫਾਰਮਾਸਿਊਟੀਕਲਸ ਦਾ ਨਿਰਯਾਤ ਕੀਤਾ, ਜੋ ਕਿ ਇਸ ਦੇ ਕੁੱਲ 25.8 ਅਰਬ ਅਮਰੀਕੀ ਡਾਲਰ ਦੇ ਗਲੋਬਲ ਫਾਰਮਾ ਨਿਰਯਾਤ ਦਾ 38 ਪ੍ਰਤੀਸ਼ਤ ਬਣਦਾ ਹੈ।
ਅਨੰਤਨਾਗ ‘ਚ ਹੌਲਦਾਰ ਸ਼ਹੀਦ
ਸ੍ਰੀਨਗਰ : ਅਨੰਤਨਾਗ ਦੇ ਲਾਲ ਚੌਕ ਵਿੱਚ ਬੁੱਧਵਾਰ ਦੁਪਹਿਰੇ ਅੱਤਵਾਦੀ ਹਮਲੇ ਵਿੱਚ ਹੌਲਦਾਰ ਸ਼ਹੀਦ ਹੋ ਗਿਆ। ਅਮਰਨਾਥ ਯਾਤਰਾ ਦੀ ਸੁਰੱਖਿਆ ਡਿਊਟੀ ‘ਤੇ ਤਾਇਨਾਤ ਹੌਲਦਾਰ ਆਸ਼ਿਕ ਹੁਸੈਨ ਹਮਲੇ ਵਿੱਚ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਤੁਰੰਤ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਹਸਪਤਾਲ ਪਹੁੰਚਣ ‘ਤੇ ਹੁਸੈਨ ਨੂੰ ਮ੍ਰਿਤਕ ਐਲਾਨ ਦਿੱਤਾ। ਲਸ਼ਕਰ-ਏ-ਤਈਬਾ ਦੇ ਮੁੱਖ ਸੰਗਠਨ ‘ਦੀ ਰਜ਼ਿਸਟੈਂਸ ਫਰੰਟ’ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
’ਆਜ਼ਾਦੀ ਆਜ਼ਾਦੀ’ ਦੇ ਨਾਅਰੇ ਲਾਉਣ ਤੋਂ ਰੋਕਿਆ
ਨਵੀਂ ਦਿੱਲੀ : ਕਾਕਰੋਚ ਜਨਤਾ ਪਾਰਟੀ ਨੇ ਪ੍ਰਦਰਸ਼ਨ ਦੌਰਾਨ ‘ਆਜ਼ਾਦੀ ਆਜ਼ਾਦੀ’ ਦੇ ਨਾਅਰੇ ਲਗਾਉਣ ‘ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਪਾਰਟੀ ਦੇ ਬੁਲਾਰੇ ਆਸ਼ੂਤੋਸ਼ ਰੰਕਾ ਨੇ ਕਿਹਾ, “ਸ਼ਹੀਦ ਭਗਤ ਸਿੰਘ ਅਤੇ ਮਹਾਤਮਾ ਗਾਂਧੀ ਸਾਨੂੰ ਪਹਿਲਾਂ ਹੀ ਆਜ਼ਾਦੀ ਦੇ ਚੁੱਕੇ ਹਨ। ਇਸ ਦੀ ਬਜਾਏ, ਸਾਨੂੰ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਉਣੇ ਚਾਹੀਦੇ ਹਨ।”