ਨੰਗਲ, (ਸੁਰਜੀਤ ਸਿੰਘ) -ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਐਤਵਾਰ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਸ਼ਹਿਰ ਦੇ ਬੱਸ ਸਟੈਂਡਾਂ ਦਾ ਅਚਨਚੇਤ ਦੌਰਾ ਕਰਕੇ ਬੰਦ ਪਏ ਰੂਟਾਂ ’ਤੇ ਬੱਸ ਸਰਵਿਸ ਸ਼ੁਰੂ ਕਰਾਉਣ ਦੇ ਨਾਲ-ਨਾਲ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ। ਭੁੱਲਰ ਨੇ ਡਿਪੂ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਅੰਮਿ੍ਰਤਸਰ ਵਿਚਾਲੇ ਸਰਕਾਰੀ ਬੱਸਾਂ ਨਾ ਚਲਾਉਣ ਦਾ ਕਾਰਨ ਜਾਣਿਆ ਅਤੇ ਭਲਕੇ 10 ਅਕਤੂਬਰ ਤੋਂ ਸਿੱਖੀ ਦੇ ਦੋਵੇਂ ਕੇਂਦਰਾਂ ਵਿਚਾਲੇ ਨਿਰੰਤਰ ਬੱਸ ਸਰਵਿਸ ਸ਼ੁਰੂ ਕਰਨ ਦੀ ਹਦਾਇਤ ਕੀਤੀ। ਨੰਗਲ ਡਿਪੂ ਵਿੱਚ ਖੜ੍ਹੀਆਂ ਬੱਸਾਂ ਸੰਬੰਧੀ ਭੁੱਲਰ ਨੇ ਜਨਰਲ ਮੈਨੇਜਰ ਗੁਰਸੇਵਕ ਸਿੰਘ ਰਾਜਪਾਲ ਨੂੰ ਨਿਰਦੇਸ਼ ਦਿੱਤੇ ਕਿ ਬੱਸਾਂ ਦੀ ਪਾਸਿੰਗ ਕਰਵਾ ਕੇ ਤੁਰੰਤ ਇਨ੍ਹਾਂ ਨੂੰ ਚਲਾਇਆ ਜਾਵੇ।





