ਬਲੀਜੀਤ ਤੇ ਗੁਰਤੇਜ ਕੋਹਾਰਵਾਲਾ ਗੁਰਦਾਸ ਰਾਮ ਆਲਮ ਐਵਾਰਡ ਨਾਲ ਸਨਮਾਨਤ

0
360

ਜਲੰਧਰ (ਰਾਜੇਸ਼ ਥਾਪਾ)-ਮਾਨਵਵਾਦੀ ਰਚਨਾ ਮੰਚ ਪੰਜਾਬ ਵੱਲੋਂ ਐਤਵਾਰ ਕਥਾਕਾਰ ਬਲੀਜੀਤ ਤੇ ਸ਼ਾਇਰ ਗੁਰਤੇਜ ਕੋਹਾਰਾਵਾਲਾ ਨੂੰ ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਬਲੀਜੀਤ ਬਾਰੇ ਜਸਵੀਰ ਕਲਸੀ ਨੇ ਗੱਲ ਕਰਦਿਆਂ ਕਿਹਾ ਕਿ ਬਲੀਜੀਤ ਦੀ ਕਹਾਣੀ ਗਹਿਰੀ ਕਹਾਣੀ ਹੈ। ਬਲੀਜੀਤ ਨੇ ਬਹੁਤ ਘੱਟ ਲਿਖਿਆ, ਪਰ ਜਿੰਨਾ ਲਿਖਿਆ, ਉਹ ਗੌਲਣਯੋਗ ਹੈ। ਨਾਵਲਕਾਰ ਦੇਸ ਰਾਜ ਕਾਲੀ ਨੇ ਕਿਹਾ ਕਿ ਬਲੀਜੀਤ ਮਚਣ ਵਾਲਾ ਕਹਾਣੀਕਾਰ ਹੈ। ਉਹਦੀ ਕਹਾਣੀ ਆਮ ਬੰਦੇ ਦੀ ਹੋਣੀ ਹੈ। ਚਿੰਤਕ ਹਰਵਿੰਦਰ ਭੰਡਾਲ ਨੇ ਗੁਰਦਾਸ ਰਾਮ ਆਲਮ ਬਾਰੇ ਗੱਲ ਕਰਦਿਆਂ ਕਿਹਾ ਕਿ ਆਲਮ ਨੂੰ ਪੰਜਾਬੀ ਕਵਿਤਾ ਵਿਚ ਅਣਗੌਲਿਆ ਕੀਤਾ ਹੈ। ਉਸ ਦੀ ਕਵਿਤਾ ਬਾਰੇ ਸਾਹਿਤਕ ਹਲਕਿਆਂ ਵਿਚ ਘੱਟ ਚਰਚਾ ਹੋਈ ਹੈ। ਸ਼ਾਇਰ ਗੁਰਤੇਜ ਕੋਹਾਰਵਾਲਾ ਬਾਰੇ ਉੱਘੇ ਸ਼ਾਇਰ ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਗੁਰਤੇਜ ਦੀ ਸ਼ਾਇਰੀ ਲੋਕਾਈ ਦੀ ਗੱਲ ਕਰਦੀ ਹੈ। ਉਹ ਲੋਕਾਂ ਦਾ ਸ਼ਾਇਰ ਹੈ, ਜੋ ਲੋਕਾਂ ਲਈ ਸੱਤਾ ਨਾਲ ਆਢਾ ਲੈਂਦਾ ਹੈ। ਉਹਦੇ ਕੋਲ ਸ਼ਾਇਰੀ ਹੈ। ਉਹਨੇ ਜੋ ਵੀ ਲਿਖਿਆ ਉਹ ਲੋਕ-ਪੱਖੀ ਹੈ। ਦਿੱਲੀ ਤੋਂ ਆਏ ਪ੍ਰੋ. ਨਵਸ਼ਰਨ ਸਿੰਘ ਨੇ ਜਮੂਹਰੀਅਤ ’ਚੋਂ ਕਿਰ ਰਿਹਾ ਬੰਦਾ ਤੇ ਬੁਲਡੋਜ਼ਰ ਦੀ ਭਾਸ਼ਾ ਸਿਰਲੇਖ ਹੇਠ ਵਿਸ਼ੇਸ਼ ਭਾਸ਼ਣ ਦਿੱਤਾ। ਉਹਨਾ ਆਪਣੇ ਭਾਸ਼ਣ ਵਿਚ ਕਿਹਾ ਕਿ ਇਸ ਦੇਸ਼ ਨੂੰ ਇਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇਸ਼ ਵਿਚ ਘੱਟ ਗਿਣਤੀਆਂ ਉਪਰ ਅੱਤਿਆਚਾਰ ਲਗਾਤਾਰ ਵਧ ਰਿਹਾ ਹੈ। ਔਰਤਾਂ ’ਤੇ ਜ਼ੁਲਮ ਕਰਨ ਵਾਲਿਆਂ ਨੂੰ ਸੰਸਕਾਰੀ ਲੋਕ ਕਹਿ ਕੇ ਰਿਹਾਅ ਕੀਤਾ ਜਾ ਰਿਹਾ ਹੈ। ਮਜ਼ਦੂਰ ਦੀ ਹਾਲਤ ਇਸ ਦੌਰ ਵਿਚ ਬਹੁਤ ਮਾੜੀ ਹੈ। ਮਾਨਵਵਾਦੀ ਰਚਨਾ ਮੰਚ ਦੇ ਵਾਈਸ ਪ੍ਰਧਾਨ ਦੇਸ ਰਾਜ ਕਾਲੀ ਤੇ ਜਨਰਲ ਸਕੱਤਰ ਮੱਖਣ ਮਾਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਇਸ ਐਵਾਰਡ ਨੂੰ ਜਾਰੀ ਰੱਖਣ ਦਾ ਅਹਿਦ ਵੀ ਲਿਆ। ਇਸ ਮੌਕੇ ਗੁਲ ਚੌਹਾਨ, ਜਗਦੀਪ ਸਿੱਧੂ, ਹਰਵਿੰਦਰ ਭੰਡਾਲ, ਸਬਦੀਸ਼, ਤਸਕੀਨ ਤੇ ਹੋਰ ਲੇਖਕ ਸ਼ਾਮਲ ਸਨ।

LEAVE A REPLY

Please enter your comment!
Please enter your name here