ਨਵੀਂ ਦਿੱਲੀ (ਨ ਜ਼ ਸ) : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਿਲ ਰਹੀ ਸ਼ਾਨਦਾਰ ਸਿੱਖਿਆ ਦੀ ਬਦੌਲਤ ਨੀਟ ਕਲੀਅਰ ਕਰਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ। ਕੇਜਰੀਵਾਲ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ 881 ਬੱਚਿਆਂ ਨੇ ਨੀਟ ਦਾ ਇਮਤਿਹਾਨ ਕਲੀਅਰ ਕੀਤਾ ਹੈ। ਨੀਟ ਦਾ ਪੇਪਰ ਬਹੁਤ ਔਖਾ ਹੁੰਦਾ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਗਰੀਬਾਂ ਦੇ ਬੱਚੇ ਪੜ੍ਹਦੇ ਹਨ। 2022 ਵਿੱਚ ਸਾਡੀ ਸਰਕਾਰ ਆਉਣ ਤੋਂ ਪਹਿਲਾਂ 100 ਤੋਂ ਵੀ ਘੱਟ ਬੱਚਿਆਂ ਨੇ ਨੀਟ ਕਲੀਅਰ ਕੀਤਾ ਸੀ, ਪਰ ਇਸ ਵਾਰ 881 ਬੱਚਿਆਂ ਨੇ ਸਫਲਤਾ ਹਾਸਲ ਕੀਤੀ ਹੈ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਰਿਕਸ਼ੇ ਵਾਲਿਆਂ ਅਤੇ ਮਜ਼ਦੂਰਾਂ ਦੇ ਬੱਚੇ ਡਾਕਟਰ ਬਣਨਗੇ ਅਤੇ ਉਨ੍ਹਾਂ ਦਾ ਭਵਿੱਖ ਸੁਨਹਿਰੀ ਹੋਵੇਗਾ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਕਿਹਾ ਸੀ ਕਿ ਸਿੱਖਿਆ ਉਸ ਸ਼ੇਰਨੀ ਦੇ ਦੁੱਧ ਵਾਂਗ ਹੈ, ਜੋ ਇਸ ਨੂੰ ਪੀਵੇਗਾ, ਉਹ ਦਹਾੜੇਗਾ। ਅਸੀਂ ਡਾ. ਅੰਬੇਡਕਰ ਦਾ ਸੁਪਨਾ ਪੂਰਾ ਕਰ ਰਹੇ ਹਾਂ। ਮੈਂ ਉਨ੍ਹਾਂ ਸਾਰੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਸਵੇਰੇ 3-4 ਵਜੇ ਦਾ ਅਲਾਰਮ ਲਗਾ ਕੇ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਜਗਾਇਆ ਅਤੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਮਾਨ ਨੇ ਕਿਹਾ ਕਿ ਪੰਜਾਬ ਹੁਣ ਸਿੱਖਿਆ ਦੇ ਖੇਤਰ ਵਿੱਚ ਨੰਬਰ ਇੱਕ ਬਣ ਰਿਹਾ ਹੈ।



