ਸਰਕਾਰ ਵੱਲੋਂ ਚਰਚਾ ਦੀ ਪੇਸ਼ਕਸ਼, ਆਪੋਜ਼ੀਸ਼ਨ ਸਿੱਖਿਆ ਮੰਤਰੀ ਦੇ ਅਸਤੀਫੇ ‘ਤੇ ਅੜੀ

0
8

ਨਵੀਂ ਦਿੱਲੀ : ਪੇਪਰ ਲੀਕ ਮੁੱਦੇ ‘ਤੇ ਵਿਰੋਧੀ ਧਿਰ ਦੇ ਹਮਲੇ ਦੇ ਵਿਚਕਾਰ ਸਰਕਾਰ ਨੇ ਬੁੱਧਵਾਰ ਕਿਹਾ ਕਿ ਉਹ ਇਸ ਮਾਮਲੇ ‘ਤੇ ਲੋਕ ਸਭਾ ਵਿੱਚ ਵਿਸਤ੍ਰਿਤ ਚਰਚਾ ਕਰਨ ਲਈ ਤਿਆਰ ਹੈ, ਨਾਲ ਹੀ ਇਹ ਸਪੱਸ਼ਟ ਕੀਤਾ ਕਿ ਸੜਕਾਂ ‘ਤੇ ਪ੍ਰਦਰਸ਼ਨ ਕਰਨ ਨਾਲ ਕੋਈ ਨਤੀਜਾ ਨਹੀਂ ਨਿਕਲੇਗਾ। ਜਿਵੇਂ ਹੀ ਲੋਕ ਸਭਾ ਪਹਿਲਾਂ ਮੁਅੱਤਲ ਹੋਣ ਤੋਂ ਬਾਅਦ ਦੁਪਹਿਰ 12 ਵਜੇ ਦੁਬਾਰਾ ਜੁੜੀ, ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੂੰ ਬਿਆਨ ਦੇਣ ਲਈ ਕਿਹਾ, ਪਰ ਕਾਂਗਰਸ ਆਗੂ ਕੇ ਸੀ ਵੇਣੂਗੋਪਾਲ ਨੇ ਇਹ ਦਾਅਵਾ ਕਰਨ ਲਈ ਦਖ਼ਲ ਦਿੱਤਾ ਕਿ ਵਿਰੋਧੀ ਧਿਰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਵੀ ਮੰਗ ਕਰ ਰਹੀ ਹੈ। ਵੇਣੂਗੋਪਾਲ ਨੇ ਕਿਹਾ, ‘ਸਾਡੀ ਮੰਗ ਸਪੱਸ਼ਟ ਹੈ। ਜਦੋਂ ਪੂਰਾ ਦੇਸ਼ ਸਾਡੇ ਵਿਦਿਆਰਥੀਆਂ ਦਾ ਦਰਦ ਮਹਿਸੂਸ ਕਰ ਰਿਹਾ ਹੈ, ਸਦਨ ਦੇ ਬਾਕੀ ਸਾਰੇ ਕੰਮਕਾਜ ਨੂੰ ਇਕ ਪਾਸੇ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਸ ਭਖਦੇ ਮੁੱਦੇ ਨੂੰ ਸੰਸਦ ਲਈ ਸਭ ਤੋਂ ਪਹਿਲੀ ਤਰਜੀਹ ਬਣਾਇਆ ਜਾਣਾ ਚਾਹੀਦਾ ਹੈ।’ ਰਿਜਿਜੂ ਨੇ ਕਿਹਾ ਕਿ ਸਰਕਾਰ ਨੀਟ ਪੇਪਰ ਲੀਕ ਮੁੱਦੇ ‘ਤੇ ਚਰਚਾ ਕਰਨ ਲਈ ਤਿਆਰ ਹੈ, ਪਰ ਸਪੀਕਰ ਨੂੰ ਉਸ ਨਿਯਮ, ਮਿਤੀ ਅਤੇ ਮਿਆਦ ਬਾਰੇ ਫੈਸਲਾ ਕਰਨ ਲਈ ਸਾਰੀਆਂ ਪਾਰਟੀਆਂ ਦੇ ਫਲੋਰ ਲੀਡਰਾਂ ਨਾਲ ਮੀਟਿੰਗ ਕਰਨੀ ਪਵੇਗੀ, ਜਿਸ ਤਹਿਤ ਚਰਚਾ ਕੀਤੀ ਜਾਵੇਗੀ।