ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭੀਜੀਤ ਦੀਪਕੇ ਨੇ ਕਿਹਾ ਕਿ ਧਰਮਿੰਦਰ ਪ੍ਰਧਾਨ ਨੇ ਅਸਤੀਫ਼ਾ ਦੇ ਦਿੱਤਾ ਹੈ ਅਤੇ ਇਹ ਅਸਤੀਫ਼ਾ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਤੁਸੀਂ ਲੋਕ ਡਰਦੇ ਨਹੀਂ ਹੋ, ਜੇਕਰ ਤੁਸੀਂ ਲੋਕ ਇਸ ਸਰਕਾਰ ਅੱਗੇ ਨਹੀਂ ਝੁਕਦੇ, ਤਾਂ ਅਸੀਂ ਕਿਸੇ ਦਾ ਵੀ ਅਸਤੀਫ਼ਾ ਲੈ ਸਕਦੇ ਹਾਂ। ਉਨ੍ਹਾ ਕਿਹਾ, ‘ਡਰਨ ਦੀ ਕੋਈ ਲੋੜ ਨਹੀਂ, ਇਹ ਲੋਕਤੰਤਰ ਹੈ। ਉਨ੍ਹਾ ਅਸਤੀਫਾ ਦੇ ਦਿੱਤਾ ਹੈ, ਪਰ ਸਾਡੀਆਂ ਦੋ ਹੋਰ ਮੰਗਾਂ ਹਨ। ਅਸੀਂ ਇਸ ਤਰ੍ਹਾਂ ਨਹੀਂ ਜਾਵਾਂਗੇ। ਖੁਦਕੁਸ਼ੀ ਕਰਨ ਵਾਲੇ ਬੱਚਿਆਂ ਦੇ ਪਰਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਅਤੇ ਜਿਨ੍ਹਾਂ ਪੁਲਸ ਗੁੰਡਿਆਂ ਨੇ 20 ਤਰੀਕ ਨੂੰ ਕਾਰਵਾਈ ਕੀਤੀ, ਉਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਯਾਦ ਰੱਖੋ, ਕਾਕਰੋਚਾਂ ਨਾਲ ਪੰਗਾ ਨਾ ਲਓ…।’ ਦੀਪਕੇ ਨੇ ਕਿਹਾ, ‘ਲੋਕਤੰਤਰ ਜਿੱਤ ਗਿਆ।’ ਉਸ ਨੇ ਜੰਤਰ-ਮੰਤਰ ਵਿੱਚ ਇਕੱਠ ਨੂੰ ਕਿਹਾ—ਨਰਿੰਦਰ ਮੋਦੀ ਜੀ, ਲੋਕਤੰਤਰ ਕੀ ਸੁਭਾ ਹੋਈ ਹੈ। ਇਹ ਸ਼ੁਰੂਆਤ ਹੈ, ਇਹ ਸਿਰਫ਼ ਪਹਿਲੀ ਵਿਕਟ ਹੈ। ਲੜਾਈ ਅਜੇ ਖਤਮ ਨਹੀਂ ਹੋਈ, ਅਸੀਂ ਸ਼ਾਮ 6 ਵਜੇ ਸ਼ਾਂਤੀਪੂਰਨ ਮੋਮਬੱਤੀ ਮਾਰਚ ਕੱਢਾਂਗੇ।’ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਦੀਪਕੇ ਨੇ ਕਿਹਾ ਕਿ ਅਸਤੀਫ਼ਾ ਸਮੂਹਿਕ ਕਾਰਵਾਈ ਅਤੇ ਲੋਕਤੰਤਰੀ ਵਿਰੋਧ ਦੀ ਸ਼ਕਤੀ ਨੂੰ ਦਰਸਾਉਂਦਾ ਹੈ। ਉਨ੍ਹਾ ਦੀਆਂ ਟਿੱਪਣੀਆਂ ਤੋਂ ਬਾਅਦ ਉੱਚੀ-ਉੱਚੀ ਤਾੜੀਆਂ ਵੱਜੀਆਂ ਅਤੇ ਨਾਅਰੇਬਾਜ਼ੀ ਹੋਈ।





