ਭੋਪਾਲ : ਸੁਪਰੀਮ ਕੋਰਟ ਦੇ ਜਸਟਿਸ ਉੱਜਲ ਭੂਈਆਂ ਨੇ ਕੁਝ ਮਹੀਨੇ ਪਹਿਲਾਂ ਯੂ ਪੀ ਵਿੱਚ ਇਫਤਾਰ ਦੌਰਾਨ ਕਿਸ਼ਤੀ ‘ਚ ਚਿਕਨ ਬਰਿਆਨੀ ਖਾਣ ‘ਤੇ ਮੁਸਲਮ ਵਿਦਿਆਰਥੀਆਂ ਦੀ ਗ੍ਰਿਫਤਾਰੀ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਗੰਗਾ ਦੇ ਕੰਢੇ ਕਿਸੇ ਨੂੰ ਵੀ ਚਿਕਨ ਖਾਣ ਤੋਂ ਰੋਕਣ ਵਾਲਾ ਕੋਈ ਕਾਨੂੰਨ ਨਹੀਂ ਹੈ। ਇੱਥੇ ਨੈਸ਼ਨਲ ਲਾਅ ਇੰਸਟੀਚਿਊਟ ਯੂਨੀਵਰਸਿਟੀ ਵਿਖੇ ਜਸਟਿਸ ਜੀ ਪੀ ਸਿੰਘ ਦੇ ਚੌਥੇ ਮੈਮੋਰੀਅਲ ਲੈਕਚਰ ਵਿੱਚ ਬੋਲਦਿਆਂ ਜਸਟਿਸ ਭੁਈਆਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਉਸ ਚੀਜ਼ ਲਈ ਤਿੰਨ ਮਹੀਨੇ ਜੇਲ੍ਹ ਵਿੱਚ ਬਿਤਾਉਣੇ ਪਏ, ਜੋ ਅਪਰਾਧ ਨਹੀਂ ਹੈ। ਵਾਰਾਨਸੀ ਪੁਲਸ ਨੇ ਮਾਰਚ ਵਿੱਚ 14 ਮੁਸਲਮ ਨੌਜਵਾਨਾਂ ਨੂੰ ਧਾਰਮਕ ਭਾਵਨਾਵਾਂ ਭੜਕਾਉਣ ਅਤੇ ਜਲ ਪ੍ਰਦੂਸ਼ਣ ਕੰਟਰੋਲ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਦੋਸ਼ ਲਗਾਇਆ ਸੀ ਕਿ ਨੌਜਵਾਨ ਚਿਕਨ ਬਰਿਆਨੀ ਖਾ ਰਹੇ ਸਨ ਅਤੇ ਹੱਡੀਆਂ ਤੇ ਬਚੇ ਹੋਏ ਪਦਾਰਥਾਂ ਨੂੰ ਸਿੱਧੇ ਪਵਿੱਤਰ ਨਦੀ ਵਿੱਚ ਸੁੱਟ ਰਹੇ ਸਨ, ਜਿਸ ਦਾ ਸਨਾਤਨ ਧਰਮ ਵਿੱਚ ਡੂੰਘਾ ਅਧਿਆਤਮਕ ਮਹੱਤਵ ਹੈ।



