ਲੁਧਿਆਣਾ (ਨ ਜ਼ ਸ)-ਵੀਰਵਾਰ ਭਾਰੀ ਮੀਂਹ ਕਾਰਨ ਇੱਥੇ ਘੰਟਾ ਘਰ ਤੋਂ ਲੈ ਕੇ ਮਾਧੋਪੁਰੀ, ਧੱਕਾ ਮੁਹੱਲਾ, ਚੰਡੀਗੜ੍ਹ ਰੋਡ ਅਤੇ ਇੱਥੋਂ ਤੱਕ ਕਿ ਸਰਾਭਾ ਨਗਰ, ਬੀ ਆਰ ਐੱਸ ਨਗਰ ਤੇ ਗੁਰਦੇਵ ਨਗਰ ਵਰਗੇ ਪੌਸ਼ ਇਲਾਕਿਆਂ ਵਿੱਚ ਵੀ ਪਾਣੀ ਭਰ ਜਾਣ ਕਾਰਨ ਸੜਕਾਂ ਨਾਲੇ ਦਾ ਰੂਪ ਧਾਰ ਗਈਆਂ। ਵੱਖ-ਵੱਖ ਥਾਵਾਂ ‘ਤੇ ਸੜਕਾਂ ਧੱਸਣ ਕਾਰਨ ਹਾਲਤ ਹੋਰ ਵਿਗੜ ਗਈ ਅਤੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਟਰੈਫਿਕ ਜਾਮ ਰਿਹਾ।
ਕੋਟ ਮੰਗਲ ਸਿੰਘ ਨਗਰ ਇਲਾਕੇ ਵਿੱਚ ਕੰਮ ‘ਤੇ ਜਾ ਰਿਹਾ ਇੱਕ ਬਜ਼ੁਰਗ ਸਾਈਕਲ ਸਮੇਤ ਖੁੱਲ੍ਹੇ ਸੀਵਰ ਵਿੱਚ ਡਿੱਗ ਪਿਆ। ਚੌਕਸ ਲੋਕਾਂ ਨੇ ਉਸ ਨੂੰ ਸਮੇਂ ਸਿਰ ਬਚਾ ਲਿਆ। ਸਭ ਤੋਂ ਵੱਧ ਪ੍ਰਭਾਵਤ ਮਾਡਲ ਟਾਊਨ ਰਿਹਾ, ਜਿੱਥੇ ਸੋਮਵਾਰ ਨੂੰ ਮਿੰਟਗੁਮਰੀ ਚੌਕ ਨੇੜੇ ਸੜਕ ਧੱਸ ਗਈ, ਪਰ ਉਸ ਦੀ ਮੁਰੰਮਤ ਨਹੀਂ ਕੀਤੀ ਗਈ। ਪਾਣੀ ਭਰਨ ਕਾਰਨ ਉੱਥੇ ਲੋਕ ਫਸਦੇ ਨਜ਼ਰ ਆਏ। ਇਸ ਤੋਂ ਇਲਾਵਾ ਦੀਪ ਹਾਸਪਿਟਲ ਰੋਡ ‘ਤੇ ਵੱਡੇ ਟੋਏ ਪੈ ਗਏ ਹਨ ਅਤੇ ਦੋ ਥਾਵਾਂ ‘ਤੇ ਸੜਕ ਧੱਸ ਚੁੱਕੀ ਹੈ, ਜਿੱਥੇ ਹੁਣ ਤੱਕ ਚਾਰ ਹਾਦਸੇ ਵਾਪਰ ਚੁੱਕੇ ਹਨ। ਮਾਡਲ ਟਾਊਨ ਐਕਸਟੈਂਸ਼ਨ ਵਿੱਚ ਕੋਚਿੰਗ ਕਲਾਸ ਲਈ ਜਾ ਰਹੇ ਤਿੰਨ ਵਿਦਿਆਰਥੀਆਂ ਦਾ ਈ-ਰਿਕਸ਼ਾ ਪਲਟ ਗਿਆ ਅਤੇ ਇੱਕ ਵਿਦਿਆਰਥੀ ਦੀ ਬਾਂਹ ‘ਤੇ ਸੱਟ ਵੀ ਲੱਗ ਗਈ। ਗੁਰਦੇਵ ਨਗਰ ਵਿਖੇ ਸੜਕ ਧੱਸਣ ਕਾਰਨ ਕਾਰ ਉਸ ਵਿੱਚ ਜਾ ਡਿੱਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਮੌਸਮ ਵਿਗਿਆਨ ਤੇ ਜਲਵਾਯੂ ਪਰਿਵਰਤਨ ਵਿਭਾਗ ਦੇ ਮੁਖੀ ਡਾ. ਪੀ ਕੇ ਕਿੰਗਰਾ ਨੇ ਦੱਸਿਆ ਕਿ ਆਉਣ ਵਾਲੇ 2-3 ਦਿਨ ਹੋਰ ਮੀਂਹ ਪਵੇਗਾ।




