ਪੁਲਸ ਵਧੀਕੀਆਂ ਲਈ ਜ਼ਿੰਮੇਵਾਰ ਸ਼ਾਹ ਅਸਤੀਫਾ ਦੇਣ : ਦੀਪਕੇ

0
7

ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਕਾਕਰੋਚ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ਵੀਰਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕਰਦਿਆਂ ਦੋਸ਼ ਲਗਾਇਆ ਕਿ 20 ਜੁਲਾਈ ਨੂੰ ਸੰਸਦ ਮਾਰਚ ਦੌਰਾਨ ਪੁਲਸ ਦੀਆਂ ਵਧੀਕੀਆਂ ਉਨ੍ਹਾ ਦੇ ਨਿਰਦੇਸ਼ਾਂ ‘ਤੇ ਕੀਤੀਆਂ ਗਈਆਂ। ਦੀਪਕੇ ਨੇ ਅਸਤੀਫੇ ਦੀ ਮੰਗ ਰਾਹੁਲ ਗਾਂਧੀ ਵੱਲੋਂ ਅਮਿਤ ਸ਼ਾਹ ‘ਤੇ ਪ੍ਰਦਰਸ਼ਨਕਾਰੀਆਂ ‘ਤੇ ਕਾਰਵਾਈ ਦਾ ਹੁਕਮ ਦੇਣ ਦਾ ਦੋਸ਼ ਲਗਾਉਣ ਅਤੇ ਉਨ੍ਹਾਂ ਤੋਂ ਅਸਤੀਫਾ ਮੰਗਣ ਤੋਂ ਇੱਕ ਦਿਨ ਬਾਅਦ ਕੀਤੀ ਹੈ।
ਦੀਪਕੇ ਨੇ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀ ਨਗਰ ਵਿੱਚ ਪੱਤਰਕਾਰਾਂ ਨੂੰ ਕਿਹਾ, ‘ਜਿਸ ਤਰ੍ਹਾਂ ਵਿਦਿਆਰਥੀਆਂ ‘ਤੇ ਹਮਲਾ ਕੀਤਾ ਗਿਆ ਅਤੇ ਜਦੋਂ ਉਹ ਵਿਰੋਧ ਕਰ ਰਹੇ ਸਨ ਤਾਂ ਉਨ੍ਹਾਂ ਦਾ ਖੂਨ ਵਹਾਇਆ ਗਿਆ, ਉਹ ਸ਼ਾਹ ਦੇ ਹੁਕਮਾਂ ਤੋਂ ਬਿਨਾਂ ਨਹੀਂ ਹੋ ਸਕਦਾ ਸੀ।’
ਦੀਪਕੇ ਨੇ ਕਿਹਾ ਕਿ ਉਹ ਰਾਹੁਲ ਦੀ ਮੰਗ ਦਾ ਸਮਰਥਨ ਕਰਦੇ ਹਨ ਅਤੇ ਸ਼ਾਹ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕਾਕਰੋਚ ਜਨਤਾ ਪਾਰਟੀ ਨੂੰ ਵਿਦੇਸ਼ੀ ਫੰਡਿੰਗ ਮਿਲਣ ਦੇ ਦੋਸ਼ਾਂ ਨੂੰ ਖਾਰਜ ਕਰ ਕਰਦਿਆਂ ਦੀਪਕੇ ਨੇ ਕਿਹਾ, ‘ਜੇ ਸਾਨੂੰ ਸ਼ਾਹ ਦੇ ਗ੍ਰਹਿ ਮੰਤਰਾਲੇ ਦੀ ਕਮਾਨ ਸੰਭਾਲਣ ਦੇ ਬਾਵਜੂਦ ਵਿਦੇਸ਼ੀ ਫੰਡ ਮਿਲ ਰਹੇ ਹਨ, ਤਾਂ ਇਹ ਉਨ੍ਹਾ ਦੀ ਅਸਫਲਤਾ ਵੀ ਹੈ। ਫਿਰ ਤੁਸੀਂ ਕਿਸ ਤਰ੍ਹਾਂ ਦੇ ਚਾਣਕਿਆ ਹੋ? ਉਸ ਸਥਿਤੀ ਵਿੱਚ ਵੀ ਉਨ੍ਹਾ [ਸ਼ਾਹ] ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।’
ਦੀਪਕੇ ਨੇ ਦੋਸ਼ ਲਗਾਇਆ ਕਿ 20 ਜੁਲਾਈ ਨੂੰ ਜੰਤਰ-ਮੰਤਰ ਵਿਖੇ ਦਿੱਲੀ ਪੁਲਸ ਨੇ ਪੱਥਰਬਾਜ਼ੀ ਦੀ ਯੋਜਨਾ ਬਣਾਈ ਸੀ। ਭਾਜਪਾ ਦੇ ਗੁੰਡੇ ਆਏ, ਪੱਥਰ ਸੁੱਟੇ ਅਤੇ ਵਿਦਿਆਰਥੀਆਂ ਨੂੰ ਦੋਸ਼ੀ ਠਹਿਰਾਇਆ ਗਿਆ। ਦੀਪਕੇ ਨੇ ਭਾਜਪਾ ਆਗੂਆਂ ‘ਤੇ ਦੋਸ਼ ਲਗਾਇਆ ਕਿ ਉਹ ਉਨ੍ਹਾ ਨੂੰ ਅਤੇ ਉਨ੍ਹਾ ਦੇ ਪਰਵਾਰ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਧਮਕੀਆਂ ਦੇ ਰਹੇ ਹਨ। ਉਨ੍ਹਾਂ ਨੇ ਸਾਨੂੰ ਕਿਹਾ ਕਿ ਜਾਂ ਤਾਂ ਪਾਰਟੀ ਵਿੱਚ ਸ਼ਾਮਲ ਹੋਵੋ ਜਾਂ ਨਤੀਜੇ ਭੁਗਤੋ।