ਮੁਹਾਲੀ (ਗੁਰਜੀਤ ਬਿੱਲਾ)
ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਵਿੱਚ ਪ੍ਰਿੰਸੀਪਲਾਂ ਦੇ ਯੋਗ ਮਾਰਗ-ਦਰਸ਼ਨ ਅਤੇ ਵਚਨਬੱਧਤਾ ਨੂੰ ਉਤਸ਼ਾਹਤ ਕਰਨ ਤੇ ਮਾਨਤਾ ਦੇਣ ਲਈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ “’ਆਪ’” ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਵੀਰਵਾਰ ਸਰਕਾਰੀ ਸਕੂਲਾਂ ਦੇ 300 ਤੋਂ ਵੱਧ ਪ੍ਰਿੰਸੀਪਲਾਂ ਦਾ ਸਨਮਾਨ ਕੀਤਾ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਪੰਜਾਬ ਅਕਾਦਮਿਕ ਕੋਚਿੰਗ ਫਾਰ ਐਕਸੀਲੈਂਸ (ਪੇਸ) ਪਹਿਲਕਦਮੀ ਅਧੀਨ ਜੇ ਈ ਈ (ਮੇਨ), ਜੇ ਈ ਈ (ਐਡਵਾਂਸਡ) ਅਤੇ ਨੀਟ ਯੂ ਜੀ 2026 ਪ੍ਰੀਖਿਆਵਾਂ ਪਾਸ ਕੀਤੀਆਂ ਹਨ।
ਬੈਂਸ ਨੇ ਕਿਹਾ ਕਿ “361 ਵਿਦਿਆਰਥੀਆਂ ਨੇ ਜੇ ਈ ਈ (ਮੇਨ) 2026 ਪ੍ਰੀਖਿਆ ਪਾਸ ਕੀਤੀ ਹੈ, ਜੋ ਪਿਛਲੇ ਸਾਲ ਨਾਲੋਂ 35.2 ਫ਼ੀਸਦ ਵਾਧੇ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ 64 ਵਿਦਿਆਰਥੀਆਂ ਨੇ ਜੇ ਈ ਈ (ਐਡਵਾਂਸਡ) ਪ੍ਰੀਖਿਆ ਪਾਸ ਕੀਤੀ ਹੈ, ਜੋ ਕਿ ਸਾਲ-ਦਰ-ਸਾਲ 45.5 ਫ਼ੀਸਦ ਵਾਧਾ ਦਰਸਾਉਂਦਾ ਹੈ।” ਸਿੱਖਿਆ ਮੰਤਰੀ ਨੇ ਕਿਹਾ—ਪੰਜਾਬ ਦੇ ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ ਯੂ ਜੀ 2026 ਪ੍ਰੀਖਿਆ ਪਾਸ ਕੀਤੀ ਹੈ, ਜਦੋਂ ਕਿ ਸਾਲ 2025 ਵਿੱਚ ਇਹ ਗਿਣਤੀ 847 ਅਤੇ ਸਾਲ 2024 ਵਿੱਚ 437 ਸੀ। ਇਹ ਗਿਣਤੀ ਮਹਿਜ਼ ਦੋ ਸਾਲਾਂ ਵਿੱਚ 100 ਫ਼ੀਸਦ ਤੋਂ ਵੱਧ ਦੇ ਵਾਧੇ ਨੂੰ ਦਰਸਾਉਂਦੀ ਹੈ।ਸਰਕਾਰੀ ਸਕੂਲਾਂ ਦੇ 10 ਵਿਦਿਆਰਥੀਆਂ ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ ਆਈ ਟੀਜ਼), 36 ਵਿਦਿਆਰਥੀਆਂ ਨੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨ ਆਈ ਟੀਜ਼) ਅਤੇ 90 ਤੋਂ ਵੱਧ ਵਿਦਿਆਰਥੀਆਂ ਨੇ ਦੇਸ਼ ਭਰ ਦੇ ਸਰਕਾਰੀ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖਲਾ ਪ੍ਰਾਪਤ ਕੀਤਾ ਹੈ। ਉਨ੍ਹਾ ਕਿਹਾ ਕਿ ਇਹ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਦੇ ਸਰਕਾਰੀ ਸਕੂਲ ਹੁਣ ਅਜਿਹੇ ਵਿਦਿਆਰਥੀ ਪੈਦਾ ਕਰ ਰਹੇ ਹਨ, ਜੋ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚ ਦਾਖਲਾ ਲੈਣ ਦੇ ਯੋਗ ਹਨ।” 2022 ਵਿੱਚ ਸਰਕਾਰੀ ਸਕੂਲਾਂ ਦੇ 80 ਤੋਂ ਘੱਟ ਵਿਦਿਆਰਥੀਆਂ ਨੇ ਇਨ੍ਹਾਂ ਪ੍ਰੀਖਿਆਵਾਂ ਨੂੰ ਪਾਸ ਕੀਤਾ ਸੀ।
ਅੱਜ ਪੰਜਾਬ ਭਰ ਵਿੱਚੋਂ 882 ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕੀਤੀ ਹੈ।”ਮਨੀਸ਼ ਸਿਸੋਦੀਆ ਨੇ ਕਿਹਾ ਕਿ ਲੱਖਾਂ ਵਿਦਿਆਰਥੀਆਂ ਲਈ ਸਰਕਾਰੀ ਸਕੂਲ ਵਿੱਚ ਸਿੱਖਿਆ ਲੈਣਾ ਹੁਣ ਸਮਝੌਤਾ ਨਹੀਂ ਰਿਹਾ। ਇਹ ਹੁਣ ਆਈ ਆਈ ਟੀਜ਼, ਐੱਨ ਆਈ ਟੀਜ਼, ਮੈਡੀਕਲ ਕਾਲਜ ਅਤੇ ਇੱਕ ਬਿਹਤਰ ਭਵਿੱਖ ਦਾ ਰਾਹ ਬਣ ਗਏ ਹਨ।ਇਸ ਸਮਾਗਮ ਵਿੱਚ ਪੀ ਡੀ ਸੀ ਮੈਂਬਰ ਅਨੁਰਾਗ ਕੁੰਡੂ, ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਐੱਸ ਐੱਸ ਬੱਲ ਅਤੇ ਸਕੂਲ ਸਿੱਖਿਆ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।




