ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਨੀਦਰਲੈਂਡ ਅਤੇ ਬੈਲਜੀਅਮ ਵਿੱਚ 15 ਤੋਂ 30 ਅਗਸਤ ਤੱਕ ਹੋਣ ਵਾਲੇ ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਆਪਣੀ ਰਵਾਇਤੀ ਨੀਲੀ ਕਿੱਟ ਦੀ ਬਜਾਏ ਕੇਸਰੀ (ਭਗਵਾ) ਰੰਗ ਦੀਆਂ ਜਰਸੀਆਂ ਵਿੱਚ ਨਜ਼ਰ ਆਉਣਗੀਆਂ। ਰੰਗ ਵਿੱਚ ਕੀਤੇ ਗਏ ਇਸ ਬਦਲਾਅ ‘ਤੇ ਸਾਬਕਾ ਕਪਤਾਨ ਵੀਰੇਨ ਰਸਕਿਨਾ ਨੇ ਸਵਾਲ ਉਠਾਏ ਹਨ, ਜਦਕਿ ਹਾਕੀ ਇੰਡੀਆ ਨੇ ਇਸ ਨੂੰ ਤਕਨੀਕੀ ਲੋੜ ਦੱਸਦਿਆਂ ਆਪਣੇ ਫੈਸਲੇ ਦਾ ਬਚਾਅ ਕੀਤਾ ਹੈ।
ਹਾਕੀ ਇੰਡੀਆ ਨੇ ਆਪਣੇ ਸੋਸ਼ਲ ਮੀਡੀਆ ਪੇਜਾਂ ‘ਤੇ ਨਵੀਂ ਜਰਸੀ ਨੂੰ ਜਾਰੀ ਕਰਦਿਆਂ ਕਿਹਾ ਕਿ ਇਸ ਦਾ ਡਿਜ਼ਾਈਨ ਅਤੇ ਰੰਗ ‘ਇੱਕ ਕਹਾਣੀ ਬਿਆਨ ਕਰਦਾ ਹੈ’ ਅਤੇ ‘ਭਾਰਤ ਦੇ ਮਾਣ’ ਨੂੰ ਦਰਸਾਉਂਦਾ ਹੈ। ਇਸ ਫੈਸਲੇ ਨੂੰ ਖਿਡਾਰੀਆਂ ਅਤੇ ਸਪੋਰਟਸ ਸਟਾਫ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਅੰਤਮ ਰੂਪ ਦਿੱਤਾ ਗਿਆ ਸੀ। ਹਾਕੀ ਇੰਡੀਆ ਨੇ ਕਿਹਾ ਕਿ ਕੇਸਰੀ ਰੰਗ ਹਿੰਮਤ, ਕੁਰਬਾਨੀ ਅਤੇ ਜਿੱਤ ਦਾ ਪ੍ਰਤੀਕ ਹੈ।
ਹਾਕੀ ਇੰਡੀਆ ਨੇ ਰਸਕਿਨਾ ਦੇ ਸਵਾਲਾਂ ਦੇ ਜਵਾਬ ਵਿੱਚ ਜਾਰੀ ਬਿਆਨ ਵਿੱਚ ਕਿਹਾ, ‘ਇਹ ਦੇਖਿਆ ਗਿਆ ਕਿ ਨੀਲੀ ਖੇਡ ਵਰਦੀ ਅੱਜਕੱਲ੍ਹ ਅੰਤਰਰਾਸ਼ਟਰੀ ਹਾਕੀ ਪਿੱਚਾਂ ਦਾ ਮਿਆਰੀ ਰੰਗ ਬਣ ਚੁੱਕੇ ਨੀਲੇ ਸਿੰਥੈਟਿਕ ਗਰਾਊਂਡ ਨਾਲ ਮਿਲ ਜਾਂਦੀ ਹੈ। ਇਸ ਵਿਜ਼ੂਅਲ ਸਮਾਨਤਾ ਕਾਰਨ ਮੈਦਾਨ ‘ਤੇ ਖਿਡਾਰੀਆਂ ਨੂੰ ਸਾਫ ਦਿਖਾਈ ਦੇਣ ਵਿੱਚ ਮੁਸ਼ਕਲ ਆਉਂਦੀ ਸੀ। ਕੋਚਾਂ ਅਤੇ ਖਿਡਾਰੀਆਂ ਨੇ ਪੀਲੇ ਜਾਂ ਕੇਸਰੀ ਵਰਗੇ ਬਦਲਵੇਂ ਰੰਗਾਂ ਦਾ ਸੁਝਾਅ ਦਿੱਤਾ। ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਕੇਸਰੀ ਰੰਗ ਨੂੰ ਅੰਤਮ ਰੂਪ ਦਿੱਤਾ ਗਿਆ। ਹਾਕੀ ਇੰਡੀਆ ਮੁਤਾਬਕ ਨਵੀਂ ਜਰਸੀ ਵਿੱਚ ਗੂੜ੍ਹੇ ਨੇਵੀ ਬਲੂ ਰੰਗ ਦੇ ਡਿਜ਼ਾਈਨ ਅਸ਼ੋਕ ਚੱਕਰ ਤੋਂ ਪ੍ਰੇਰਤ ਹਨ, ਜੋ ਤਰੱਕੀ, ਸ਼ਾਂਤੀ ਅਤੇ ਫੋਕਸ ਦਾ ਪ੍ਰਤੀਕ ਹਨ। ਛਾਤੀ ‘ਤੇ ਬਣਿਆ ਗ੍ਰਾਫਿਕ ਸੁਦਰਸ਼ਨ ਚੱਕਰ ਦਾ ਆਧੁਨਿਕ ਰੂਪ ਹੈ, ਜੋ ਤਾਕਤ, ਏਕਤਾ ਅਤੇ ਗਤੀ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ ਮੋਢਿਆਂ ਅਤੇ ਪਾਸਿਆਂ ‘ਤੇ ਤਿਰੰਗੀ ਪਾਈਪਿੰਗ ਦਿੱਤੀ ਗਈ ਹੈ, ਜੋ ਰਾਸ਼ਟਰੀ ਮਾਣ ਨੂੰ ਮਜ਼ਬੂਤ ਕਰਦੀ ਹੈ।
ਭਾਰਤੀ ਸੱਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਦਾ ਜਸ਼ਨ ਮਨਾਉਣ ਲਈ ਜਰਸੀ ਦੇ ਅੱਗੇ ਸਟਾਈਲਿਸ਼ ‘ਦੇਵਨਾਗਰੀ’ ਲਿਪੀ ਵਿੱਚ ‘ਇੰਡੀਆ’ ਲਿਖਿਆ ਗਿਆ ਹੈ। ਕੇਸਰੀ ਰੰਗ ਤੋਂ ਇਲਾਵਾ ਦੋਵਾਂ ਭਾਰਤੀ ਟੀਮਾਂ ਦੀ ਕਿੱਟ ਵਿੱਚ ਸਫੈਦ ਰੰਗ ਦੀਆਂ ਜਰਸੀਜ਼ ਵੀ ਸ਼ਾਮਲ ਹੋਣਗੀਆਂ, ਜਿਨ੍ਹਾਂ ‘ਤੇ ਇਹੀ ਨਵਾਂ ਡਿਜ਼ਾਈਨ ਹੋਵੇਗਾ। ਹਾਕੀ ਇੰਡੀਆ ਨੇ ਕਿਹਾ ਕਿ ਕੌਮੀ ਟੀਮਾਂ ਦੀ ਜਰਸੀ ਵਿੱਚ ਬਦਲਾਅ ਕੋਈ ਨਵੀਂ ਗੱਲ ਨਹੀਂ ਅਤੇ ਅਤੀਤ ਵਿੱਚ ਵੀ ਅਜਿਹਾ ਹੁੰਦਾ ਰਿਹਾ ਹੈ। ਇਹ ਵੀ ਧਿਆਨ ਦੇਣ ਯੋਗ ਹੈ ਕਿ ਹਾਕੀ ਵਿੱਚ ਜਰਸੀ ਦੇ ਰੰਗ ਵਿੱਚ ਬਦਲਾਅ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ। ਸਮੇਂ-ਸਮੇਂ ‘ਤੇ ਕਾਰਜਸ਼ੀਲ ਅਤੇ ਹੋਰ ਲੋੜਾਂ ਅਨੁਸਾਰ ਕੌਮੀ ਟੀਮ ਦੀ ਖੇਡ ਕਿੱਟ ਦੇ ਰੰਗ ਵਿੱਚ ਸੋਧ ਕੀਤੀ ਜਾਂਦੀ ਰਹੀ ਹੈ। ਉਦਾਹਰਣ ਵਜੋਂ 2014 ਦੇ ਹਾਕੀ ਵਿਸ਼ਵ ਕੱਪ ਦੌਰਾਨ ਟੀਮ ਦੀ ਜਰਸੀ ਦਾ ਰੰਗ ਬਦਲ ਕੇ ਪੀਲਾ ਕਰ ਦਿੱਤਾ ਗਿਆ ਸੀ ਅਤੇ 2018 ਦੇ ਹਾਕੀ ਵਿਸ਼ਵ ਕੱਪ ਦੌਰਾਨ ਰੰਗ ਬਦਲ ਕੇ ਬਿਲਕੁਲ ਵੱਖਰੇ ਡਿਜ਼ਾਈਨ ਨਾਲ ਹਲਕਾ ਨੀਲਾ ਕਰ ਦਿੱਤਾ ਗਿਆ ਸੀ। ਵੀਰੇਨ ਰਸਕਿਨਾ ਨੇ ਨਵੀਂ ਵਰਦੀ ਨੂੰ ਸ਼ਰਮਨਾਕ ਦੱਸਿਆ ਹੈ। ਉਨ੍ਹਾ ਐੱਕਸ ‘ਤੇ ਲਿਖਿਆ ਹੈ, ”ਮੈਨੂੰ ਲੱਗਦਾ ਹੈ ਕਿ ਹਾਕੀ ਇੰਡੀਆ ਨੇ ਭਾਰਤੀ ਹਾਕੀ ਲਈ ਕਈ ਚੰਗੇ ਕੰਮ ਕੀਤੇ ਹਨ… ਪਰ ਇਹ ਸ਼ਰਮਨਾਕ ਹੈ। ਭਾਰਤੀ ਟੀਮ ਦੀ ਵਿਰਾਸਤ ਅਤੇ ਪਛਾਣ ਹਮੇਸ਼ਾ ਤੋਂ ‘ਨੀਲੀ’ ਰਹੀ ਹੈ। ਮੈਂ ਕਈ ਸਾਲਾਂ ਤੱਕ ਮਾਣ ਨਾਲ ਨੀਲੀ ਜਰਸੀ ਪਹਿਨੀ ਹੈ। ਪ੍ਰਸ਼ਾਸਕ ਸਾਡੀ ਭਾਰਤੀ ਟੀਮ ਨੂੰ ਨੀਲੇ ਰੰਗ ਵਿੱਚ ਦੇਖਣਾ ਚਾਹੁੰਦੇ ਹਨ। ਸੰਤਰੀ ਰੰਗ ਪਿੱਛੇ ਕੀ ਤਰਕ ਹੈ? ” ਉਨ੍ਹਾ ਕਿਹਾ, ‘ਮੇਰਾ ਸਧਾਰਨ ਅਤੇ ਨਿਮਰ ਨੁਕਤਾ ਮਾਣ, ਪਛਾਣ ਅਤੇ ਵਿਰਾਸਤ ਬਾਰੇ ਹੈ।’ ਪ੍ਰਿਅੰਕਾ ਗਾਂਧੀ ਨੇ ਰੰਗ ਬਦਲਣ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਭਾਰਤ ਦੀ ਪਛਾਣ ਅਹਿੰਸਾ, ਸੱਚਾਈ ਅਤੇ ਭਾਈਚਾਰੇ ਨਾਲ ਹੈ।




