ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫੇ ਦਾ ਦਾਅਵਾ ਕਰਨ ਵਾਲਾ ਇੱਕ ਫਰਜ਼ੀ ਤਿਆਗ-ਪੱਤਰ ਸੋਸ਼ਲ ਮੀਡੀਆ ‘ਤੇ ਘੁੰਮ ਰਿਹਾ ਹੈ, ਜਿਸ ਕਾਰਨ ਕੇਂਦਰ ਨੇ ਵੀਰਵਾਰ ਨੂੰ ਸਪੱਸ਼ਟੀਕਰਨ ਜਾਰੀ ਕੀਤਾ ਅਤੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ। ਇਸ ਪੱਤਰ ਨੂੰ ਫੇਸਬੁਕ ਵਰਗੇ ਪਲੇਟਫਾਰਮਾਂ ‘ਤੇ ਕਈ ਉਪਭੋਗਤਾਵਾਂ ਨੇ ਸਾਂਝਾ ਕੀਤਾ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੋਦੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਦਿੱਤਾ ਹੈ।
ਵਾਇਰਲ ਦਸਤਾਵੇਜ਼, ਜਿਸ ‘ਤੇ ਅਸ਼ੋਕ ਚੱਕਰ ਦਾ ਚਿੰਨ੍ਹ ਸੀ ਅਤੇ ਜਿਸ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਦਸਤਖਤ ਸਨ, ਬਾਰੇ ਦਾਅਵਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਨਿੱਜੀ ਅਤੇ ਸਿਆਸੀ ਜ਼ਿੰਮੇਵਾਰੀ ਕਾਰਨ ਅਸਤੀਫਾ ਦੇ ਰਹੇ ਹਨ।
ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀ ਆਈ ਬੀ) ਦੀ ਫੈਕਟ ਚੈੱਕ ਯੂਨਿਟ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਅਜਿਹਾ ਕੋਈ ਤਿਆਗ ਪੱਤਰ ਜਾਰੀ ਨਹੀਂ ਕੀਤਾ ਗਿਆ।
ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਪੀ ਆਈ ਬੀ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦਸਤਖਤ ਕੀਤੇ ਗਏ ਇੱਕ ਪੱਤਰ ਨੂੰ ਸੋਸ਼ਲ ਮੀਡੀਆ ‘ਤੇ ਪ੍ਰਸਾਰਤ ਕੀਤਾ ਜਾ ਰਿਹਾ ਹੈ। ਅਜਿਹਾ ਕੋਈ ਪੱਤਰ ਪ੍ਰਧਾਨ ਮੰਤਰੀ ਦੁਆਰਾ ਜਾਰੀ ਨਹੀਂ ਕੀਤਾ ਗਿਆ, ਨਾ ਹੀ ਇਸ ‘ਤੇ ਉਨ੍ਹਾ ਦੁਆਰਾ ਦਸਤਖਤ ਕੀਤੇ ਗਏ ਹਨ।’ ਪੀ ਆਈ ਬੀ ਨੇ ਇੰਟਰਨੈੱਟ ਉਪਭੋਗਤਾਵਾਂ ਨੂੰ ਅਜਿਹੇ ਦਾਅਵਿਆਂ ਨੂੰ ਆਨਲਾਈਨ ਸਾਂਝਾ ਕਰਨ ਤੋਂ ਪਹਿਲਾਂ ਅਧਿਕਾਰਤ ਸਰੋਤਾਂ ਰਾਹੀਂ ਜਾਣਕਾਰੀ ਦੀ ਪੁਸ਼ਟੀ ਕਰਨ ਦੀ ਸਲਾਹ ਵੀ ਦਿੱਤੀ। ਇਹ ਤਾਜ਼ਾ ਸਪੱਸ਼ਟੀਕਰਨ ਪੀ ਆਈ ਬੀ ਫੈਕਟ-ਚੈੱਕ ਯੂਨਿਟ ਵੱਲੋਂ ਉਨ੍ਹਾਂ ਝੂਠੀਆਂ ਵੀਡੀਓਜ਼ ਤੋਂ ਇਨਕਾਰ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਪੇਪਰ ਲੀਕ ਦੇ ਮੁੱਦੇ ‘ਤੇ ਜੰਤਰ-ਮੰਤਰ ‘ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਕਥਿਤ ਤੌਰ ‘ਤੇ ਧਮਕੀ ਭਰੀਆਂ ਟਿੱਪਣੀਆਂ ਕਰਦੇ ਦਿਖਾਇਆ ਗਿਆ।




