10 ਨੂੰ ‘ਰੇਲ ਰੋਕੋ, ਰਸਤਾ ਰੋਕੋ’

0
3

ਲੁਧਿਆਣਾ (ਐੱਮ ਐੱਸ ਭਾਟੀਆ)
ਤਾਲਕਟੋਰਾ ਸਟੇਡੀਅਮ ਨਵੀਂ ਦਿੱਲੀ ਵਿੱਚ ਕੇਂਦਰੀ ਟਰੇਡ ਯੂਨੀਅਨਾਂ (ਸੀ ਟੀ ਯੂਜ਼), ਵੱਖ-ਵੱਖ ਆਜ਼ਾਦ ਫੈਡਰੇਸ਼ਨਾਂ, ਐਸੋਸੀਏਸ਼ਨਾਂ ਅਤੇ ਸੰਯੁਕਤ ਕਿਸਾਨ ਮੋਰਚਾ (ਐੱਸ ਕੇ ਐੱਮ) ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਵਿਸ਼ਾਲ ਮਜ਼ਦੂਰ-ਕਿਸਾਨ ਰਾਸ਼ਟਰੀ ਕਨਵੈਨਸ਼ਨ ਨੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਦੇਸ਼-ਪੱਧਰੀ ਤਾਲਮੇਲ ਵਾਲੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਦੇਸ਼ ਭਰ ਤੋਂ ਹਜ਼ਾਰਾਂ ਮਜ਼ਦੂਰਾਂ, ਕਰਮਚਾਰੀਆਂ ਅਤੇ ਕਿਸਾਨਾਂ ਦੀ ਭਰਵੀਂ ਸ਼ਮੂਲੀਅਤ ਨਾਲ ਹੋਏ ਇਸ ਇਤਿਹਾਸਕ ਇਕੱਠ ਨੇ ਮਜ਼ਦੂਰ-ਕਿਸਾਨ ਏਕਤਾ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਤੰਤਰੀ ਤਾਕਤਾਂ ਨੂੰ ਇੱਕ ਸਾਂਝੇ ਮੰਚ ‘ਤੇ ਲਿਆਉਣ ਦਾ ਸੱਦਾ ਦਿੱਤਾ।
ਕਨਵੈਨਸ਼ਨ ਵਿੱਚ ਉਦਯੋਗਿਕ ਮਜ਼ਦੂਰਾਂ, ਸਰਕਾਰੀ ਖੇਤਰ ਦੇ ਕਰਮਚਾਰੀਆਂ, ਬੈਂਕ, ਬੀਮਾ, ਟਰਾਂਸਪੋਰਟ, ਸਿੱਖਿਆ ਅਤੇ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ, ਸਕੀਮ ਵਰਕਰਾਂ, ਗੈਰ-ਸੰਗਠਿਤ ਖੇਤਰ ਦੇ ਮਜ਼ਦੂਰਾਂ, ਗਿਗ ਅਤੇ ਪਲੇਟਫਾਰਮ ਵਰਕਰਾਂ, ਮਹਿਲਾ ਮਜ਼ਦੂਰਾਂ, ਨੌਜਵਾਨਾਂ, ਪੈਨਸ਼ਨਰਾਂ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਕਿਸਾਨਾਂ ਨੇ ਹਿੱਸਾ ਲਿਆ।ਸੰਮੇਲਨ ਨੇ ਇਹ ਸੰਦੇਸ਼ ਦਿੱਤਾ ਕਿ ਮਜ਼ਦੂਰਾਂ ਅਤੇ ਕਿਸਾਨਾਂ ਦੀ ਸਾਂਝੀ ਲੜਾਈ ਹੀ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਦਾ ਪ੍ਰਭਾਵਸ਼ਾਲੀ ਜਵਾਬ ਹੈ।
ਬੁਲਾਰਿਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਦੇਸ਼ ਆਰਥਿਕ ਸੰਕਟ, ਬੇਰੁਜ਼ਗਾਰੀ, ਮਹਿੰਗਾਈ, ਸਰਕਾਰੀ ਖੇਤਰ ਦੇ ਨਿੱਜੀਕਰਨ, ਚਾਰ ਲੇਬਰ ਕੋਡਾਂ ਰਾਹੀਂ ਮਜ਼ਦੂਰ ਹੱਕਾਂ ‘ਤੇ ਹਮਲਿਆਂ, ਕਿਸਾਨਾਂ ਦੀਆਂ ਮੰਗਾਂ ਦੀ ਅਣਦੇਖੀ, ਨੁਕਸਾਨਦਾਇਕ ਵਿਦੇਸ਼ੀ ਵਪਾਰ ਸਮਝੌਤਿਆਂ, ਲੋਕਤੰਤਰੀ ਅਧਿਕਾਰਾਂ ‘ਤੇ ਹਮਲਿਆਂ ਅਤੇ ਫ਼ਿਰਕੂ ਤੇ ਜਾਤੀਵਾਦੀ ਧਰੁਵੀਕਰਨ ਦੀਆਂ ਕੋਸ਼ਿਸ਼ਾਂ ਨਾਲ ਜੂਝ ਰਿਹਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਦਾ ਮੁਕਾਬਲਾ ਕੇਵਲ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਲੋਕਤੰਤਰੀ ਤਾਕਤਾਂ ਦੀ ਸਾਂਝੀ ਲਹਿਰ ਹੀ ਕਰ ਸਕਦੀ ਹੈ।
ਕਨਵੈਨਸ਼ਨ ਨੇ ਸਰਬਸੰਮਤੀ ਨਾਲ ਪਾਸ ਕੀਤੇ ਘੋਸ਼ਣਾ ਪੱਤਰ ਵਿੱਚ ਚਾਰ ਲੇਬਰ ਕੋਡ ਰੱਦ ਕਰਨ, ਟਰੇਡ ਯੂਨੀਅਨ ਹੱਕਾਂ ਦੀ ਗਾਰੰਟੀ, ਮਹਿੰਗਾਈ ਭੱਤੇ ਨਾਲ ਜੋੜ ਕੇ 42,000 ਘੱਟੋ-ਘੱਟ ਕਾਨੂੰਨੀ ਤਨਖ਼ਾਹ, ਸੀ-2 ਲਾਗਤ ‘ਤੇ 50 ਫ਼ੀਸਦੀ ਮੁਨਾਫ਼ੇ (32+50 ਫੀਸਦੀ) ਦੇ ਆਧਾਰ ‘ਤੇ ਕਾਨੂੰਨੀ ਐੱਮ ਐੱਸ ਪੀ ਅਤੇ ਯਕੀਨੀ ਸਰਕਾਰੀ ਖ਼ਰੀਦ, ਕਿਸਾਨ ਅਤੇ ਮਜ਼ਦੂਰ ਵਿਰੋਧੀ ਮੁਕਤ ਵਪਾਰ ਸਮਝੌਤਿਆਂ (ਐੱਫ ਟੀ ਏ) ਨੂੰ ਰੱਦ ਕਰਨ, ਨਿੱਜੀਕਰਨ ਅਤੇ ਨੈਸ਼ਨਲ ਮੋਨੀਟਾਈਜ਼ੇਸ਼ਨ ਪਾਈਪਲਾਈਨ 2.0 ਨੂੰ ਰੋਕਣ, ਮਨਰੇਗਾ ਨੂੰ ਮਜ਼ਬੂਤ ਕਰਨ, ਸਮਾਜਿਕ ਸੁਰੱਖਿਆ ਦਾ ਵਿਸਥਾਰ, ਰੁਜ਼ਗਾਰ ਸਿਰਜਣ, ਸਰਕਾਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ, ਜਨਤਕ ਵੰਡ ਪ੍ਰਣਾਲੀ ਦੀ ਰੱਖਿਆ, ਦਮਨਕਾਰੀ ਕਾਨੂੰਨਾਂ ਦੀ ਵਾਪਸੀ ਅਤੇ ਸੰਵਿਧਾਨਕ ਤੇ ਲੋਕਤੰਤਰੀ ਹੱਕਾਂ ਦੀ ਰਾਖੀ ਦੀ ਮੰਗ ਕੀਤੀ।
ਕਨਵੈਨਸ਼ਨ ਨੇ ਤੁਰੰਤ ਕਾਰਵਾਈ ਦੇ ਤਹਿਤ 10 ਅਗਸਤ ਨੂੰ ‘’ਭਾਰਤ ਛੱਡੋ ਅੰਦੋਲਨ’’ ਦੀ ਯਾਦ ਵਿੱਚ ਦੇਸ਼ ਭਰ ਵਿੱਚ ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਧਰਨੇ, ਮੁਜ਼ਾਹਰੇ, ਰੇਲ ਰੋਕੋ, ਰਸਤਾ ਰੋਕੋ, ਕੰਮਕਾਜ ਵਾਲੀਆਂ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ, ਮਨੁੱਖੀ ਲੜੀਆਂ ਅਤੇ ਹੋਰ ਸ਼ਾਂਤਮਈ ਜਨ-ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਤੋਂ ਇਲਾਵਾ ਸਾਂਝੇ ਰਾਜ ਪੱਧਰੀ ਕਨਵੈਨਸ਼ਨਾਂ, ਵਿਕੇਂਦਰੀਕ੍ਰਿਤ ਮਹਾਂਪੜਾਵਾਂ ਅਤੇ ਲੋੜ ਪੈਣ ‘ਤੇ ਦੇਸ਼-ਵਿਆਪੀ ਵੱਡੇ ਸਿੱਧੇ ਸੰਘਰਸ਼ਾਂ ਦੀ ਤਿਆਰੀ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ।
ਕਨਵੈਨਸ਼ਨ ਦੇ ਅੰਤ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਨੇ ਆਪਣੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਦੇ ਹੱਕਾਂ, ਸੰਵਿਧਾਨ, ਧਰਮ ਨਿਰਪੱਖਤਾ, ਸਮਾਜਿਕ ਇਨਸਾਫ਼ ਅਤੇ ਲੋਕਤੰਤਰ ਦੀ ਰੱਖਿਆ ਲਈ ਸੰਘਰਸ਼ ਨੂੰ ਹੋਰ ਵਿਸ਼ਾਲ ਬਣਾਉਣ ਦਾ ਅਹਿਦ ਕੀਤਾ।ਸਮਾਗਮ ਦਾ ਸਮਾਪਨ ਇਸ ਨਾਅਰੇ ਨਾਲ ਹੋਇਆ—’ਇਕਜੁੱਟ ਹੋਵੋ, ਸੰਗਠਿਤ ਹੋਵੋ ਅਤੇ ਸੰਘਰਸ਼ ਕਰੋ-ਜਿੱਤ ਸਾਡੀ ਹੋਵੇਗੀ।’