ਫਿਰੋਜ਼ਪੁਰ : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਅੰਦਰ ਬੰਦ ਹਵਾਲਾਤੀਆਂ ਅਤੇ ਕੈਦੀਆਂ ਤੱਕ ਗੈਰ-ਕਾਨੂੰਨੀ ਤਰੀਕੇ ਨਾਲ ਮੋਬਾਇਲ ਫ਼ੋਨ ਪਹੁੰਚਾਉਣ ਦੇ ਇੱਕ ਵੱਡੇ ਮਾਮਲੇ ਵਿੱਚ ਪੁਲਸ ਨੇ ਸ਼ਿਕੰਜਾ ਕੱਸਦਿਆਂ ਜੇਲ੍ਹ ਦੇ ਅਸਿਸਟੈਂਟ ਸੁਪਰਡੈਂਟ ਬਿੰਨੀ ਟਾਂਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਤਾਬਕ ਜੇਲ੍ਹ ਦੇ ਅੰਦਰ ਪੈਸੇ ਲੈ ਕੇ ਮੋਬਾਇਲ ਫ਼ੋਨ ਅਤੇ ਹੋਰ ਸ਼ੱਕੀ ਸਮੱਗਰੀ ਪਹੁੰਚਾਉਣ ਦਾ ਇੱਕ ਪੂਰਾ ਨੈੱਟਵਰਕ ਚੱਲ ਰਿਹਾ ਸੀ, ਜਿਸ ‘ਤੇ ਹੁਣ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਮਾਮਲੇ ਦੀ ਸ਼ੁਰੂਆਤ 29 ਜੁਲਾਈ 2026 ਨੂੰ ਹੋਈ ਸੀ, ਜਦੋਂ ਪੁਲਸ ਨੇ ਕੇਂਦਰੀ ਜੇਲ੍ਹ ਦੇ ਵਾਰਡਨ ਰਾਹੁਲ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਵਾਰਡਨ ਕੋਲੋਂ ਪੁੱਛਗਿੱਛ ਅਤੇ ਜਾਂਚ ਦੇ ਦੌਰਾਨ ਕੁਝ ਅਜਿਹੇ ਠੋਸ ਸਬੂਤ ਅਤੇ ਤੱਥ ਸਾਹਮਣੇ ਆਏ, ਜਿਨ੍ਹਾਂ ਨੇ ਜੇਲ੍ਹ ਦੇ ਉੱਚ ਅਧਿਕਾਰੀਆਂ ਦੀ ਭੂਮਿਕਾ ‘ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤੇ। ਇਨ੍ਹਾਂ ਮਿਲੇ ਸਬੂਤਾਂ ਦੇ ਆਧਾਰ ‘ਤੇ ਹੀ ਪੁਲਸ ਨੇ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਅਸਿਸਟੈਂਟ ਜੇਲ੍ਹ ਸੁਪਰਡੈਂਟ ਬਿੰਨੀ ਟਾਂਗ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ।
ਕੁੜੀ ਨੇ ਮੰਗੀ ਮੁਆਫ਼ੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਾਲ੍ਹਾਂ ਕੱਢਣ ਵਾਲੀ ਇੱਕ ਵਾਇਰਲ ਵੀਡੀਓ ਵਿੱਚ ਨਜ਼ਰ ਆਉਣ ਵਾਲੀ ਕੁੜੀ ਨੇ ਸਨਿੱਚਰਵਾਰ ਸੋਸ਼ਲ ਮੀਡੀਆ ‘ਤੇ ਮੁਆਫ਼ੀ ਵਾਲੀ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ‘ਭਰਮਾ ਦਿੱਤੀ ਗਈ ਸੀ।’ ਉਸ ਕੁੜੀ ਨੇ ਕਿਹਾ ਕਿ ਉਹ 15 ਸਾਲ ਦੀ ਹੈ ਤੇ ਵਾਇਰਲ ਕਲਿੱਪ ਉਸ ਵੱਲੋਂ ਪੋਸਟ ਨਹੀਂ ਕੀਤੀ ਗਈ ਸੀ ਅਤੇ ਉਹ ‘ਬਹੁਤ ਜ਼ਿਆਦਾ ਸ਼ਰਮਿੰਦਾ ਅਤੇ ਲਜਿੱਤ’ ਹੈ। ਆਜ਼ਾਦ ਤੌਰ ‘ਤੇ ਮੁਆਫ਼ੀ ਵਾਲੀ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਹੋਈ।
ਗੈਸ ਸਿਲੰਡਰ ਸਸਤਾ ਹੋਇਆ
ਨਵੀਂ ਦਿੱਲੀ : ਦਿੱਲੀ ਵਿੱਚ 19 ਕਿਲੋਗ੍ਰਾਮ ਦੇ ਵਪਾਰਕ ਐੱਲ ਪੀ ਜੀ ਸਿਲੰਡਰ ਦੀ ਕੀਮਤ 202 ਰੁਪਏ ਅਤੇ ਕੋਲਕਾਤਾ ਵਿੱਚ 209 ਰੁਪਏ ਘਟਾ ਦਿੱਤੀ ਗਈ ਹੈ, ਜੋ ਕਿ ਸਨਿੱਚਰਵਾਰ ਤੋਂ ਲਾਗੂ ਹੋ ਗਈ ਹੈ। ਵੇਰਵਿਆਂ ਅਨੁਸਾਰ ਕੋਲਕਾਤਾ ਵਿੱਚ ਸ਼ਨੀਵਾਰ ਤੋਂ 19 ਕਿਲੋਗ੍ਰਾਮ ਦਾ ਸਿਲੰਡਰ 2872.50 ਰੁਪਏ ਦਾ ਮਿਲੇਗਾ, ਜਦ ਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।




