ਮੁਹਾਲੀ : ਨਵੀਂ ਦਿੱਲੀ ਸਥਿਤ ‘ਖਪਤਕਾਰ ਵਿਵਾਦ ਨਿਵਾਰਨ ਕਮਿਸ਼ਨ’ ਨੇ ਮੁਹਾਲੀ ਦੇ ਪ੍ਰਸਿੱਧ ‘ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ’ ਅਤੇ ਇਸ ਦੇ ਡਾਕਟਰ ਸੁਧੀਰ ਸਕਸੈਨਾ ਨੂੰ ਡਾਕਟਰੀ ਲਾਪਰਵਾਹੀ ਅਤੇ ਸੇਵਾਵਾਂ ‘ਚ ਕੋਤਾਹੀ ਦਾ ਦੋਸ਼ੀ ਠਹਿਰਾਉਣ ਵਾਲੇ ਪੰਜਾਬ ਰਾਜ ਕਮਿਸ਼ਨ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ। ਇਹ ਮਾਮਲਾ ਸਾਲ 2013 ਵਿੱਚ ਪੰਜੌਰ ਦੇ 43 ਸਾਲਾ ਰਿਸ਼ੀ ਗੁਪਤਾ ਦੀ ਪੇਸਮੇਕਰ ਲਗਾਉਣ ਤੋਂ ਬਾਅਦ ਹੋਈ ਮੌਤ ਨਾਲ ਸੰਬੰਧਤ ਹੈ। ਕਮਿਸ਼ਨ ਨੇ ਮੈਕਸ ਹਸਪਤਾਲ ਦੀ ਅਪੀਲ ਨੂੰ ਖਾਰਜ ਕਰਦਿਆਂ ਸਪੱਸ਼ਟ ਕੀਤਾ ਕਿ ਰਾਜ ਕਮਿਸ਼ਨ ਵੱਲੋਂ ਇੰਟਰਨੈਸ਼ਨਲ ਕਾਰਡੀਓਲਾਜਿਸਟ ਡਾ. ਸੁਧੀਰ ਸਕਸੈਨਾ ਅਤੇ ਮੈਕਸ ਹਸਪਤਾਲ ਨੂੰ ਦੋਸ਼ੀ ਠਹਿਰਾਉਣ ਦਾ ਫ਼ੈਸਲਾ ਸਬੂਤਾਂ ਅਤੇ ਕਾਨੂੰਨ ਦੀ ਸਹੀ ਪਰਖ ‘ਤੇ ਆਧਾਰਤ ਹੈ, ਜਿਸ ਵਿੱਚ ਕਿਸੇ ਦਖ਼ਲ ਦੀ ਲੋੜ ਨਹੀਂ।
ਸ਼ਿਕਾਇਤਕਰਤਾ ਪੂਜਾ ਗੁਪਤਾ ਅਨੁਸਾਰ ਉਸ ਦੇ ਪਤੀ ਰਿਸ਼ੀ ਗੁਪਤਾ (43) ਨੂੰ 17 ਸਤੰਬਰ 2013 ਨੂੰ ਛਾਤੀ ਵਿੱਚ ਗੰਭੀਰ ਦਰਦ ਕਾਰਨ ਮੈਕਸ ਹਸਪਤਾਲ ਮੁਹਾਲੀ ਦੇ ਆਈ ਸੀ ਯੂ ਵਿੱਚ ਭਰਤੀ ਕਰਵਾਇਆ ਗਿਆ ਸੀ। ਰਿਸ਼ੀ ਦੀ 27 ਸਾਲ ਦੀ ਉਮਰ ਵਿੱਚ ਹੀ ਬਾਈਪਾਸ ਸਰਜਰੀ ਹੋ ਚੁੱਕੀ ਸੀ। ਡਾ. ਸੁਧੀਰ ਸਕਸੈਨਾ ਨੇ ਉਸ ਨੂੰ ਪੇਸਮੇਕਰ ਲਗਾਉਣ ਦੀ ਸਲਾਹ ਦਿੱਤੀ ਅਤੇ 4 ਦਿਨਾਂ ਦੇ ਇਲਾਜ ਲਈ ਲਗਭਗ 5.5 ਲੱਖ ਰੁਪਏ ਦਾ ਪੈਕੇਜ ਤੈਅ ਕੀਤਾ ਗਿਆ। ਪੂਜਾ ਦਾ ਦੋਸ਼ ਹੈ ਕਿ 20 ਸਤੰਬਰ ਨੂੰ 3 ਲੱਖ ਰੁਪਏ ਜਮ੍ਹਾਂ ਕਰਵਾਉਣ ਤੋਂ ਬਾਅਦ ਹੀ ਮਰੀਜ਼ ਨੂੰ ਸਰਜਰੀ ਲਈ ਲਿਜਾਇਆ ਗਿਆ। ਪੂਰੀ ਕਿੱਟ ਨਾ ਹੋਣ ਦੇ ਬਾਵਜੂਦ ਡਾਕਟਰ ਨੇ 45,000 ਰੁਪਏ ਦੀ ਕੀਮਤ ਵਾਲਾ ‘ਡਬਲ ਚੈਂਬਰ ਪੇਸਮੇਕਰ’ ਲਗਾ ਦਿੱਤਾ ਅਤੇ ਤੀਜੀ ਤਾਰ ਨਾ ਹੋਣ ਦਾ ਬਹਾਨਾ ਬਣਾ ਕੇ ‘ਅਪਰੇਸ਼ਨ ਅਧੂਰਾ’ ਛੱਡ ਦਿੱਤਾ। ਇਸ ਤੋਂ ਬਾਅਦ 22 ਸਤੰਬਰ ਨੂੰ ਦੂਜੀ ਸਰਜਰੀ ਕਰਕੇ 4,47,869 ਰੁਪਏ ਦੀ ਕੀਮਤ ਵਾਲਾ ‘ਬਾਈਵੈਂਟਰੀਕੁਲਰ ਪੇਸਮੇਕਰ’ ਲਗਾਇਆ ਗਿਆ, ਜੋ ਕਿ ਪਹਿਲਾਂ ਲਗਾਏ ਗ਼ਲਤ ਪੇਸਮੇਕਰ ਨੂੰ ਬਦਲਣ ਲਈ ਸੀ। 24 ਸਤੰਬਰ ਨੂੰ ਮਰੀਜ਼ ਨੂੰ ਦਰਦ ਹੋਣ ਦੇ ਬਾਵਜੂਦ ਜਲਦਬਾਜ਼ੀ ‘ਚ ਛੁੱਟੀ ਦੇ ਦਿੱਤੀ ਗਈ। 27 ਸਤੰਬਰ ਨੂੰ ਰਿਸ਼ੀ ਗੁਪਤਾ ਨੂੰ ਮੁੜ ਗੰਭੀਰ ਹਾਰਟ ਅਟੈਕ ਆਇਆ, ਜਿਸ ਤੋਂ ਬਾਅਦ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਗੰਭੀਰ ਮੈਡੀਕਲ ਲਾਪਰਵਾਹੀ, ਠੱਗੀ ਅਤੇ ਅਨੁਚਿਤ ਵਪਾਰਕ ਗਤੀਵਿਧੀਆਂ ਦਾ ਦੋਸ਼ ਲਗਾਉਂਦਿਆਂ ਪੀੜਤ ਪਤਨੀ ਨੇ 84.73 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। 4 ਮਈ 2017 ਨੂੰ ਰਾਜ ਕਮਿਸ਼ਨ ਨੇ ਡਾ. ਸੁਧੀਰ ਸਕਸੈਨਾ ਅਤੇ ਮੈਕਸ ਹਸਪਤਾਲ ਨੂੰ ਦੋਸ਼ੀ ਮੰਨਦਿਆਂ ਸ਼ਿਕਾਇਤਕਰਤਾ ਨੂੰ 9 ਫੀਸਦੀ ਵਪਾਰਕ ਵਿਆਜ ਸਮੇਤ 32,94,000 ਰੁਪਏ ਦਾ ਜੁਰਮਾਨਾ ਭਰਨ ਦੇ ਹੁਕਮ ਦਿੱਤੇ ਸਨ।



