ਭਾਰਤ-ਚੀਨ ਵਿਚਾਲੇ ਵਪਾਰਕ ਰਸਤੇ ਮੁੜ ਖੁੱਲ੍ਹੇ

0
12
ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਕਾਰ ਵਪਾਰਕ ਰਸਤੇ ਸ਼ਨੀਵਾਰ ਤੋਂ ਉਤਰਾਖੰਡ ਦੇ ਲਿਪੁਲੇਖ ਦੱਰੇ ਅਤੇ ਸਿੱਕਮ ਦੇ ਨਾਥੂ ਲਾ ਦੱਰੇ ਰਾਹੀਂ ਮੁੜ ਖੁੱਲ੍ਹ ਗਏ ਹਨ। ਸਿੱਕਮ ਰਾਹੀਂ ਸਿਲਕ ਰੂਟ 1 ਅਗਸਤ ਤੋਂ ਦੁਬਾਰਾ ਖੁੱਲ੍ਹ ਗਿਆ।
ਦੋਵਾਂ ਦੇਸ਼ਾਂ ਵਿਚਕਾਰ ਸਰਹੱਦੀ ਵਪਾਰ ਛੇ ਸਾਲਾਂ ਬਾਅਦ ਪੁਰਾਣੇ ਸਿਲਕ ਰੂਟ ਰਾਹੀਂ ਮੁੜ ਸ਼ੁਰੂ ਹੋਵੇਗਾ, ਜੋ ਕਿ ਕੋਰੋਨਾ ਮਹਾਂਮਾਰੀ ਕਾਰਨ ਬੰਦ ਹੋ ਗਿਆ ਸੀ। ਨਾਥੂ ਲਾ ਰਾਹੀਂ ਸਰਹੱਦੀ ਵਪਾਰ ਪਹਿਲੀ ਵਾਰ 6 ਜੁਲਾਈ, 2006 ਨੂੰ ਸ਼ੁਰੂ ਹੋਇਆ ਸੀ। ਇਹ ਪੁਰਾਣਾ ਸਿਲਕ ਰੂਟ ਹੈ । ਸਰਹੱਦ ਸੋਮਵਾਰ ਤੋਂ ਵੀਰਵਾਰ ਤੱਕ ਵਪਾਰ ਲਈ ਖੁੱਲ੍ਹੀ ਰਹੇਗੀ ਅਤੇ ਦੋਵੇਂ ਦੇਸ਼ 36 ਪ੍ਰਵਾਨਿਤ ਸਾਮਾਨ ਦੀ ਮੌਜੂਦਾ ਸੂਚੀ ਨੂੰ ਬਰਕਰਾਰ ਰੱਖਣਗੇ।   ਨਾਥੂ ਲਾ ਵਿਖੇ ਵਾਧੂ ਇੰਡੋ-ਤਿੱਬਤੀ ਸਰਹੱਦੀ ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਪਹਿਲੀ ਵਾਰ ਸਰਹੱਦ ਪਾਰ ਵਪਾਰ ਵਿੱਚ ਸਹਾਇਤਾ ਲਈ ਔਰਤਾਂ ਦੀ ਇੱਕ ਪੂਰੀ ਪਲਟੂਨ ਵੀ ਤਾਇਨਾਤ ਕੀਤੀ ਜਾਵੇਗੀ।
ਭਾਰਤ ਚੀਨ ਨੂੰ 36 ਪ੍ਰਵਾਨਤ ਉਤਪਾਦ ਨਿਰਯਾਤ ਕਰ ਸਕਦਾ ਹੈ। ਇਨ੍ਹਾਂ ਵਿੱਚ ਦਸਤਕਾਰੀ, ਹੱਥ ਨਾਲ ਬਣੇ ਸਾਮਾਨ, ਕੰਬਲ, ਖੇਤੀਬਾੜੀ ਸੰਦ, ਪ੍ਰੋਸੈਸਡ ਭੋਜਨ, ਸੁੱਕੀਆਂ ਸਬਜ਼ੀਆਂ, ਮਸਾਲੇ, ਤਿਆਰ ਕੱਪੜੇ, ਭਾਂਡੇ ਅਤੇ ਰਵਾਇਤੀ ਧਾਰਮਿਕ ਵਸਤੂਆਂ ਸ਼ਾਮਲ ਹਨ।
ਤਿੱਬਤ ਤੋਂ ਆਯਾਤ ਵਿੱਚ ਤਿਆਰ ਕੱਪੜੇ, ਜੁੱਤੇ, ਯਾਕ ਉਤਪਾਦ, ਮੱਖਣ, ਬੋਰੈਕਸ, ਬੱਕਰੀਆਂ, ਰਜਾਈ ਅਤੇ ਹੋਰ ਪ੍ਰਵਾਨਤ ਵਸਤੂਆਂ ਸ਼ਾਮਲ ਹਨ। ਇੱਕ ਵਪਾਰਕ ਸੀਜ਼ਨ ਦੌਰਾਨ 400 ਵਪਾਰੀਆਂ ਨੂੰ ਪਰਮਿਟ ਜਾਰੀ ਕੀਤੇ ਜਾਣੇ ਹਨ।