ਮਹਿਲਾ ਸਸ਼ਕਤੀਕਰਨ ਲਈ ਇਤਿਹਾਸਕ ਕਦਮ : ਮਾਨ

0
3

ਔਰਤਾਂ ਦੇ ਖਾਤਿਆਂ ‘ਚ ਜਮ੍ਹਾਂ ਹੋਈ ਸਤਿਕਾਰ ਰਾਸ਼ੀ
ਧਾਰ ਕਲਾਂ/ਪਠਾਨਕੋਟ : ਪੰਜਾਬ ਸਰਕਾਰ ਵੱਲੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸ਼ਨੀਵਾਰ ਨੂੰ ਸੂਬੇ ਦੀਆਂ ਕਰੀਬ 40 ਲੱਖ ਮਹਿਲਾਵਾਂ ਦੇ ਬੈਂਕ ਖਾਤਿਆਂ ‘ਚ ਵਿੱਤੀ ਸਹਾਇਤਾ ਦੀ ਰਾਸ਼ੀ ਜਮਾਂ ਕਰਵਾਈ ਗਈ। ਜਨਰਲ ਸ਼੍ਰੇਣੀ ਦੀਆਂ ਔਰਤਾਂ ਨੂੰ 3,000 ਅਤੇ ਐੱਸ ਸੀ ਸ਼੍ਰੇਣੀ ਦੀਆਂ ਔਰਤਾਂ ਨੂੰ 4,500 ਪ੍ਰਾਪਤ ਹੋਏ। ਇਸ ਮੌਕੇ ਜ਼ਿਲ੍ਹਾ ਪਠਾਨਕੋਟ ਦੇ ਬਲਾਕ ਧਾਰ ਕਲਾਂ ਸਥਿਤ ਵ੍ਹਾਈਟ ਹਾਊਸ ਹਸਪਤਾਲ ਦੇ ਮੈਦਾਨ ‘ਚ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯੋਜਨਾ ਦੀ ਰਸਮੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਇਕ-ਇੱਕ ਕਰ ਕੇ ਪੂਰਾ ਕੀਤਾ ਹੈ ਤੇ ਮਹਿਲਾ ਸਸ਼ਕਤੀਕਰਨ ਲਈ ਇਹ ਇਤਿਹਾਸਕ ਕਦਮ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਰਕਮ ਭਾਵੇਂ ਕਿਸੇ ਨੂੰ ਅਮੀਰ ਨਹੀਂ ਬਣਾਉਂਦੀ, ਪਰ ਹਰ ਮਹਿਲਾ ਨੂੰ ਆਰਥਕ ਤੌਰ ‘ਤੇ ਆਤਮ ਨਿਰਭਰ ਬਣਾਉਣ ਵੱਲ ਇਹ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਹ ਮਹਿਲਾਵਾਂ ਦਾ ਆਪਣਾ ਹੱਕ ਹੈ, ਜਿਸ ਨਾਲ ਉਹ ਆਪਣੀਆਂ ਘਰੇਲੂ ਲੋੜਾਂ, ਬੱਚਿਆਂ ਦੀ ਸਿੱਖਿਆ, ਪਰਿਵਾਰਕ ਜ਼ਿੰਮੇਵਾਰੀਆਂ ਅਤੇ ਸਮਾਜਿਕ ਰਸਮਾਂ ਨੂੰ ਬਿਨਾਂ ਕਿਸੇ ਉੱਤੇ ਨਿਰਭਰ ਹੋਏ ਪੂਰਾ ਕਰ ਸਕਣਗੀਆਂ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਛਾਣ ਹੀ ਆਪਣੇ ਵਾਅਦੇ ਨਿਭਾਉਣ ਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਹੋਣ ਜਾਂ ਉਨ੍ਹਾਂ ਵੱਲੋਂ ਮੁੱਖ ਮੰਤਰੀ ਵਜੋਂ ਕੀਤੇ ਐਲਾਨ ਹੋਣ, ਸਰਕਾਰ ਨੇ ਉਨ੍ਹਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਹੈ। ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਉਹੀ ਵਾਅਦਾ ਕਰਦੀ ਹੈ, ਜਿਸ ਨੂੰ ਪੂਰਾ ਕਰਨ ਦਾ ਦਮ ਰੱਖਦੀ ਹੈ ਅਤੇ ਜੋ ਵਾਅਦਾ ਕਰ ਦਿੰਦੀ ਹੈ, ਉਸ ਨੂੰ ਹਰ ਹਾਲਤ ਵਿੱਚ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ 32 ਲੱਖ ਮਹਿਲਾਵਾਂ ਨੂੰ ਯੋਜਨਾ ਦਾ ਲਾਭ ਮਿਲਿਆ ਸੀ, ਜਦ ਕਿ ਹੁਣ ਇਹ ਗਿਣਤੀ ਵੱਧ ਕੇ 40 ਲੱਖ ਹੋ ਗਈ ਹੈ। ਜਿਨ੍ਹਾਂ ਮਹਿਲਾਵਾਂ ਨੇ ਬਾਅਦ ਵਿੱਚ ਅਰਜ਼ੀਆਂ ਦਿੱਤੀਆਂ ਹਨ, ਉਨ੍ਹਾਂ ਨੂੰ ਵੀ ਤਿੰਨ ਮਹੀਨਿਆਂ ਦੀ ਬਣਦੀ ਰਾਸ਼ੀ ਮਿਲੇਗੀ। ਕਿਸੇ ਵੀ ਲਾਭਪਾਤਰੀ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਨੀਅਤ ਸਾਫ਼ ਹੈ ਅਤੇ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਲਗਾਤਾਰ ਜਾਰੀ ਰਹਿਣਗੀਆਂ।