ਕੀ ਨੌਜਵਾਨਾਂ ਤੇ ਭਾਜਪਾ ਆਗੂਆਂ ਲਈ ਵੱਖੋ-ਵੱਖਰੇ ਕਾਨੂੰਨ ਹਨ : ਦੀਪਕੇ

0
3

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕਥਿਤ ਤੌਰ ‘ਤੇ ਗ਼ਲਤ ਭਾਸ਼ਾ ਵਰਤਣ ਦੇ ਦੋਸ਼ ‘ਚ ਇੱਕ ਲੜਕੀ ‘ਤੇ ਦਰਜ ਹੋਈ ਐੱਫ ਆਈ ਆਰ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ ਦੇ ਮੁਖੀ ਅਭਿਜੀਤ ਦੀਪਕੇ ਨੇ ਦੇਸ਼ ਦੀ ਕਾਨੂੰਨ ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਦੀਪਕੇ ਨੇ ਪੁੱਛਿਆ ਕਿ ਕੀ ਦੇਸ਼ ਵਿੱਚ ਦੋ ਵੱਖ-ਵੱਖ ਕਾਨੂੰਨ ਚੱਲ ਰਹੇ ਹਨ? ਉਨ੍ਹਾ ਸਵਾਲ ਕੀਤਾ ਕਿ ਮਹਿਲਾਵਾਂ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲੇ ਭਾਜਪਾ ਨੇਤਾਵਾਂ ਅਤੇ ਆਈ ਟੀ ਸੈੱਲ ਦੇ ਮੈਂਬਰਾਂ ਵਿਰੁੱਧ ਅਜਿਹੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਸੰਸਥਾ ਵੱਲੋਂ ਸੋਸ਼ਲ ਮੀਡੀਆ ਮੰਚ ਐੱਕਸ ‘ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਦੀਪਕੇ ਨੇ ਕਿਹਾ ਕਿ ਉਨ੍ਹਾ ਨੂੰ ਪਤਾ ਲੱਗਾ ਹੈ ਕਿ ਗਾਲੀ-ਗਲੋਚ ਕਰਨ ਦੇ ਦੋਸ਼ ਵਿੱਚ ਇੱਕ ਲੜਕੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾ ਕਿਹਾ, ‘ਜੇਕਰ ਤੁਸੀਂ ਗਾਲ੍ਹਾਂ ਕੱਢਣ ‘ਤੇ ਕੇਸ ਦਰਜ ਕਰ ਰਹੇ ਹੋ, ਤਾਂ ਭਾਜਪਾ ਆਈ ਟੀ ਸੈੱਲ ਦੇ ਉਨ੍ਹਾਂ ਲੋਕਾਂ ‘ਤੇ ਕੇਸ ਕਦੋਂ ਦਰਜ ਹੋਣਗੇ, ਜੋ ਸਾਲਾਂ ਤੋਂ ਸੋਸ਼ਲ ਮੀਡੀਆ ‘ਤੇ ਔਰਤਾਂ ਲਈ ਗੰਦੀ ਭਾਸ਼ਾ ਵਰਤ ਰਹੇ ਹਨ?” ਦੀਪਕੇ ਨੇ ਦੋਸ਼ ਲਾਇਆ ਕਿ ਕਈ ਅਜਿਹੇ ਯੂਜ਼ਰਜ਼ ਨੇ ਆਪਣੇ ਪ੍ਰੋਫਾਈਲ ਬਾਇਓ ਵਿੱਚ ‘ਫਾਲੋਡ ਬਾਏ ਪੀ ਐੱਮ ਮੋਦੀ’ ਲਿਖਿਆ ਹੋਇਆ ਹੈ ਅਤੇ ਉਹ ਸ਼ਰੇਆਮ ਕੁੜੀਆਂ ਤੇ ਔਰਤਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਦੇ ਹਨ। ਉਨ੍ਹਾ ਪੁੱਛਿਆ ਕਿ ਅਜਿਹੇ ਲੋਕਾਂ ‘ਤੇ ਹੁਣ ਤੱਕ ਪੁਲਸ ਕਾਰਵਾਈ ਕਿਉਂ ਨਹੀਂ ਹੋਈ? ਆਪਣੇ ਬਿਆਨ ਵਿੱਚ ਦੀਪਕੇ ਨੇ ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਵੱਲੋਂ ਸੰਸਦ ਦੇ ਅੰਦਰ ਇੱਕ ਹੋਰ ਸੰਸਦ ਮੈਂਬਰ ਲਈ ਵਰਤੀ ਗਈ ਭਾਸ਼ਾ ਦਾ ਜ਼ਿਕਰ ਕੀਤਾ। ਇਸ ਤੋਂ ਇਲਾਵਾ ਉਨ੍ਹਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਇੱਕ ਵਾਇਰਲ ਵੀਡੀਓ ਦਾ ਹਵਾਲਾ ਵੀ ਦਿੱਤਾ, ਜਿਸ ਵਿੱਚ ਉਹ ਕੈਮਰਾਮੈਨ ਖ਼ਿਲਾਫ਼ ਗਲਤ ਸ਼ਬਦ ਵਰਤਦੇ ਦਿਖਾਈ ਦਿੱਤੇ ਸਨ। ਦੀਪਕੇ ਨੇ ਕਿਹਾ, ‘ਦੇਸ਼ ਵਿੱਚ ਕੀ ਚੱਲ ਰਿਹਾ ਹੈ? ਕੀ ਨੌਜਵਾਨਾਂ ਲਈ ਵੱਖਰਾ ਕਾਨੂੰਨ ਹੈ ਅਤੇ ਭਾਜਪਾ ਆਗੂਆਂ ਲਈ ਵੱਖਰਾ?’”ਸੀ ਜੇ ਪੀ ਆਗੂ ਨੇ ਦਾਅਵਾ ਕੀਤਾ ਕਿ ਸਿਰਫ਼ ਅਭੱਦਰ ਭਾਸ਼ਾ ਵਰਤਣਾ ਕੋਈ ਅਪਰਾਧਿਕ ਜੁਰਮ ਨਹੀਂ ਅਤੇ ਇਸ ਲਈ ਕੇਸ ਦਰਜ ਨਹੀਂ ਹੋਣਾ ਚਾਹੀਦਾ, ਸਗੋਂ ਵਿਅਕਤੀ ਨੂੰ ਸਮਝਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਗਾਲੀ-ਗਲੋਚ ‘ਤੇ ਹੀ ਕੇਸ ਦਰਜ ਕਰਨੇ ਹਨ, ਤਾਂ ਸਭ ਤੋਂ ਵੱਧ ਕੇਸ ਭਾਜਪਾ ਆਈ ਟੀ ਸੈੱਲ ਅਤੇ ਉਨ੍ਹਾਂ ਦੇ ਨੇਤਾਵਾਂ ‘ਤੇ ਹੋਣੇ ਚਾਹੀਦੇ ਹਨ।