ਚੰਡੀਗੜ੍ਹ (ਗਿਆਨ ਸੈਦਪੁਰੀ)
‘ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਪੂਰੇ ਆਵਾਮ ਦੇ ਫਿਕਰਾਂ ਦੀ ਬਾਂਹ ਫੜਨ ਵਾਲੇ ਆਗੂ ਸਨ। ਸਾਮਰਾਜਵਾਦ ਵਿਰੁੱਧ ਡਟ ਕੇ ਲੜਨ ਦੀ ਲਗਾਤਾਰਤਾ ਦੀ ਲੋੜ ਲਈ ਕਾਮਰੇਡ ਸੁਰਜੀਤ ਸਾਨੂੰ ਹਮੇਸ਼ਾ ਪ੍ਰੇਰਤ ਕਰਦੇ ਰਹੇ। ਉਨ੍ਹਾ ਦੇ ਸ਼ਰਧਾਂਜਲੀ ਸਮਾਗਮ ਵਿੱਚ ਕਾਮਰੇਡ ਸੁਰਜੀਤ ਵੱਲੋਂ ਫਿਰਕਾਪ੍ਰਸਤੀ ਵਿਰੁੱਧ ਲੜਨ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਅਹਿਦ ਕਰਾਂਗੇ।’
ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀ ਪੀ ਆਈ (ਐੱਮ) ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ ਨੇ ਕੀਤਾ। ਉਹ ਸ਼ਨਿੱਚਰਵਾਰ ਬਾਬਾ ਸੋਹਣ ਸਿੰਘ ਭਕਨਾ ਭਵਨ ਚੰਡੀਗੜ੍ਹ ਵਿਖੇ ਕੌਮਾਂਤਰੀ ਪੱਧਰ ਦੀ ਹਸਤੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 18ਵੀਂ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ। ਉਨ੍ਹਾ ਕਿਹਾ ਕਿ ਵਰਤਮਾਨ ਜਾਨਣ ਲਈ ਅਤੀਤ ਸਮਝਣਾ ਜ਼ਰੂਰੀ ਹੁੰਦਾ ਹੈ। ਇਸ ਲਈ ਅਤੀਤ ਸਾਡੇ ਲਈ ਮਹੱਤਵਪੂਰਨ ਹੈ।
ਕਾਮਰੇਡ ਬਾਸੂ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਸਾਡੇ ਸੰਵਿਧਾਨ ਅਤੇ ਹੋਰ ਸੰਵਿਧਾਨਕ ਸੰਸਥਾਵਾਂ ‘ਤੇ ਕਾਤਲਾਨਾ ਹਮਲਾ ਹੋ ਰਿਹਾ ਹੈ। ਉਨ੍ਹਾ ਕਿਹਾ ਕਿ ਕਮਿਊਨਿਸਟ ਆਪਣੀ ਕਮਜ਼ੋਰੀ ਨੂੰ ਨਹੀਂ ਛਪਾਉਂਦੇ, ਪਰ ਅਸੀਂ ਪਾਰਟੀ ਦੀ ਵਿਰਾਸਤ ‘ਤੇ ਮਾਣ ਕਰਦੇ ਹਾਂ। ਆਜ਼ਾਦੀ ਦੇ ਅੰਦੋਲਨ ਵਿੱਚ ਕਮਿਊਨਿਸਟਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।
ਕਾਮਰੇਡ ਸੁਰਜੀਤ ਨੂੰ ਨੇੜਿਓਂ ਜਾਨਣ ਦੇ ਹਵਾਲੇ ਨਾਲ ਕਾਮਰੇਡ ਨਿਲੋਤਪਾਲ ਬਾਸੂ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀ ਡੂੰਘੀ ਸਮਝ ਸੀ। ਉਨ੍ਹਾ ਨੇ ਪੰਜਾਬ ਦੇ ਆਰਥਿਕ, ਸਮਾਜਿਕ, ਸੱਭਿਆਚਾਰਕ ਪਹਿਲੂਆਂ ਨੂੰ ਪੂਰੀ ਤਰ੍ਹਾਂ ਆਤਮਸਾਤ ਕੀਤਾ। ਉਨ੍ਹਾਂ ਨੂੰ ਪੰਜਾਬ ਦੀ ਵੰਡ ਨੇ ਹਮੇਸ਼ਾ ਦੁਖੀ ਕੀਤਾ।
ਕਾਮਰੇਡ ਨਿਲੋਤਪਾਲ ਬਾਸੂ ਨੇ ਕਿਹਾ ਕਿ ਕਿਸੇ ਮੁਲਕ ਦੀ ਧਰਮ ਅਧਾਰਤ ਵੰਡ ਕੀ-ਕੀ ਮੁਸੀਬਤਾਂ ਪੈਦਾ ਕਰਦੀ ਹੈ, ਇਸ ਬਾਰੇ ਕਾਮਰੇਡ ਸੁਰਜੀਤ ਅਤੇ ਕਾਮਰੇਡ ਜੋਤੀ ਬਾਸੂ ਦੀ ਸਮਝ ਕਮਾਲ ਦੀ ਸੀ। ਸੀ ਪੀ ਆਈ (ਐੱਮ) ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਭਾਵਪੂਰਨ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕਾਮਰੇਡ ਸੁਰਜੀਤ ਨੇ ਤਾ-ਜ਼ਿੰਦਗੀ ਸੰਘਰਸ਼ ਕੀਤਾ। ਉਨ੍ਹਾ ਨੇ ਸਾਮਰਾਜਵਾਦ ਦੇ ਸ਼ੋਸ਼ਣ ਵਿਰੁੱਧ ਡਟ ਕੇ ਲੜਾਈ ਲੜੀ। ਕਾਮਰੇਡ ਸੇਖੋਂ ਨੇ ਕਿਹਾ ਕਿ ਕਾਮਰੇਡ ਸੁਰਜੀਤ ਨੇ ਭਾਜਪਾ ਤੇ ਆਰ ਐੱਸ ਅੱੈਸ ਦੇ ਏਜੰਡੇ ਬਾਰੇ ਬਹੁਤ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ। ਉਨ੍ਹਾ ਕਿਹਾ ਕਿ ਮਾਰਕਸਵਾਦ ਤੇ ਲੈਨਿਨਵਾਦ ਨੂੰ ਸਮਝਣ ਲਈ ਕਾਮਰੇਡ ਸੁਰਜੀਤ ਵੱਲੋਂ ਦਰਸਾਏ ਮਾਰਗ ‘ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਕਾਮਰੇਡ ਸੇਖੋਂ ਨੇ ਪੰਜਾਬ ਅਤੇ ਦੇਸ਼ ਦੇ ਹਾਲਾਤ ‘ਤੇ ਵਿਸਥਾਰ ਨਾਲ ਚਾਨਣਾ ਪਾਇਆ। ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਸੂਝ-ਬੂਝ ਸਦਕਾ ਭਾਰਤ ਦੀ ਰਾਜਨੀਤੀ ਦੇ ਚਿੱਤਰਪੱਟ ‘ਤੇ 70 ਸਾਲ ਰਾਜ ਕੀਤਾ। ਕਾਮਰੇਡ ਸੁਰਜੀਤ ਨੂੰ ਬਹੁਪੱਖੀ ਸ਼ਖਸੀਅਤ ਦੱਸਦਿਆਂ ਧਾਲੀਵਾਲ ਨੇ ਕਿਹਾ ਕਿ ਉਹ ਸੰਕਟ ਮੋਚਨ ਵੀ ਸਨ। ਕਮਿਊਨਿਸਟਾਂ ਦੀ ਅਗਵਾਈ ਕਰਨ ਦੀ ਯੋਗਤਾ ਦੀ ਗੱਲ ਕਰਦਿਆਂ ਕਾਮਰੇਡ ਧਾਲੀਵਾਲ ਨੇ ਦਿੱਲੀ ਦੀਆਂ ਬਰੂਹਾਂ ‘ਤੇ ਲੜੇ ਤੇ ਜਿੱਤੇ ਕਿਸਾਨ ਅੰਦੋਲਨ ਦਾ ਹਵਾਲਾ ਦਿੱਤਾ। ਉਨ੍ਹਾ ਕਿਹਾ ਕਿ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵੀ ਇਹ ਗੱਲ ਸਵੀਕਾਰ ਕਰਦੇ ਹਨ ਕਿ ਕਮਿਊਨਿਸਟਾਂ ਦੀ ਅਹਿਮ ਭੂਮਿਕਾ ਸਦਕਾ ਮੋਰਚਾ ਸਫ਼ਲਤਾ ਵੱਲ ਵਧਦਾ ਰਿਹਾ।
ਕਿਸਾਨੀ ਮਸਲਿਆਂ ਬਾਰੇ ਕਾਮਰੇਡ ਧਾਲੀਵਾਲ ਨੇ ਕਿਹਾ ਕਿ ਮੁਕਤ ਵਪਾਰ ਦੀ ਨੀਤੀ ਖੇਤੀ ਨੂੰ ਤਬਾਹ ਕਰ ਦੇਵੇਗੀ। ਉਨ੍ਹਾ ਕਿਹਾ ਕਿ 9-10 ਫ਼ੀਸਦੀ ਕਿਸਾਨ ਖੇਤੀ ਛੱਡ ਗਏ ਹਨ। ਕਾਮਰੇਡ ਧਾਲੀਵਾਲ ਨੇ ਕਿਹਾ ਕਿ ਕਮਿਊਨਿਸਟ ਸੱਤਾ ਵਿੱਚ ਆਉਣ ਜਾਂ ਨਾ, ਪਰ ਉਹ ਲੋਕਾਂ ਲਈ ਹਮੇਸ਼ਾ ਲੜਦੇ ਆਏ ਹਨ ਤੇ ਲੜਦੇ ਰਹਿਣਗੇ।
ਕਮਿਊਨਿਸਟ ਆਗੂ ਨੇ ਜੰਤਰ ਮੰਤਰ ‘ਤੇ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੌਜਵਾਨਾਂ ਨੇ ਡਰ ਤੇ ਫਿਰਕਾਪ੍ਰਸਤੀ ਨੂੰ ਚੁਣੌਤੀ ਦਿੱਤੀ ਹੈ। ਕਾਮਰੇਡ ਧਾਲੀਵਾਲ ਨੇ ਕਿਹਾ ਕਿ ਭਾਜਪਾ ਨੇ ਬੰਗਾਲ ਵਿੱਚ ਛਲ ਕਪਟ ਨਾਲ ਚੋਣਾਂ ਜਿੱਤੀਆਂ ਹਨ। ਉਹ ਕਹਿ ਰਹੇ ਹਨ ਕਿ ਹੁਣ ਪੰਜਾਬ ਦੀ ਵਾਰੀ ਹੈ। ਇਹ ਸਾਡੇ ਲਈ ਚੁਣੌਤੀ ਤੇ ਸੋਚਣ ਦਾ ਮਸਲਾ ਹੈ। ਕਾਮਰੇਡ ਸੁਰਜੀਤ ਨੂੰ ਸੀਨੀਅਰ ਕਾਂਗਰਸੀ ਆਗੂ ਪਵਨ ਕੁਮਾਰ ਬਾਂਸਲ, ਅਕਾਲੀ ਦਲ ਬਾਦਲ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ, ਅਕਾਲੀ ਦਲ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ, ਦੇਸ਼ ਸੇਵਕ ਦੇ ਰੈਜ਼ੀਡੈਂਟ ਐਡੀਟਰ ਚੇਤਨ ਸ਼ਰਮਾ, ਐਡੀਟਰ ਰਿਪੁਦਮਨ ਸਿੰਘ ਰਿਪੀ, ਨਰਿੰਦਰ ਸਿੰਘ ਜੌਹਲ, ਵਰਿੰਦਰਪਾਲ ਸਿੰਘ, ਸਤਨਾਮ ਸਿੰਘ ਵੜੈਚ, ਬਲਜੀਤ ਸਿੰਘ ਗਰੇਵਾਲ, ਕਾਮਰੇਡ ਸੁਰਜੀਤ ਦੇ ਪੋਤਰੇ ਸੰਦੀਪ ਸਿੰਘ ਬਾਸੀ ਤੇ ਮਜ਼ਦੂਰ ਆਗੂ ਗੁਰਮੇਸ਼ ਸਿੰਘ ਨੇ ਵੀ ਭਾਵਪੂਰਤ ਸ਼ਬਦਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ।
ਕਾਮਰੇਡ ਭੂਪ ਚੰਦ ਚੰਨੋ ਨੇ ਸਟੇਜ ਸੰਚਾਲਨ ਕਰਦਿਆਂ ਕਾਮਰੇਡ ਸੁਰਜੀਤ ਦੇ ਵੱਖ-ਵੱਖ ਪਹਿਲੂਆਂ ਬਾਰੇ ਚਰਚਾ ਕੀਤੀ। ਸਮਾਗਮ ਦੀ ਪ੍ਰਧਾਨਗੀ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ਨੇ ਕੀਤੀ।



