ਨਵੀਂ ਦਿੱਲੀ (ਨ ਜ਼ ਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਖਾਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ੇ ਕੁਝ ਸਮੇਂ ਲਈ ਜੋਸ਼ ਵਿੱਚ ਲਿਆ ਸਕਦੇ ਹਨ, ਪਰ ਇਹ ਪੂਰੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਨੂੰ ਕਮਜ਼ੋਰ ਜਾਂ ਬਰਬਾਦ ਕਰ ਦਿੰਦੇ ਹਨ। ‘ਨਸ਼ਾਮੁਕਤ ਯੁਵਾ ਫਾਰ ਵਿਕਸਿਤ ਭਾਰਤ ਸੰਕਲਪ ਅਭਿਆਨ’ ਦੀ ਸ਼ੁਰੂਆਤ ਕਰਦਿਆਂ, ਮੋਦੀ ਨੇ ਕਿਹਾ ਕਿ ਨੌਜਵਾਨਾਂ ਦਾ ਮਾਨਸਿਕ ਅਤੇ ਸਰੀਰਕ ਤੌਰ ‘ਤੇ ਫਿੱਟ ਹੋਣਾ ਬਹੁਤ ਜ਼ਰੂਰੀ ਹੈ, ਜਿਸ ਲਈ ਉਨ੍ਹਾਂ ਦਾ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰ ਰਹਿਣਾ ਜ਼ਰੂਰੀ ਹੈ। ਦੁਸ਼ਮਣ ਦੇਸ਼ ਆਪਣੀਆਂ ਅੱਤਵਾਦੀ ਯੋਜਨਾਵਾਂ ਦੇ ਹਿੱਸੇ ਵਜੋਂ ਨਸ਼ਿਆਂ ਦੀ ਸਪਲਾਈ ਦੀ ਵਰਤੋਂ ਕਰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ‘ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ।’
ਨਸ਼ੇੜੀਆਂ ਦੇ ਆਲੇ-ਦੁਆਲੇ ਦੇ ਸਮਾਜਿਕ ਡਰ ਜਾਂ ਝਿਜਕ ‘ਤੇ ਸਵਾਲ ਉਠਾਉਂਦਿਆਂ ਮੋਦੀ ਨੇ ਕਿਹਾ ਕਿ ਜਿਹੜੇ ਲੋਕ ਨਸ਼ਾ ਛੱਡ ਕੇ ਬਾਹਰ ਆਉਂਦੇ ਹਨ, ਉਹ ਯੋਧਾ ਹਨ ਅਤੇ ਸਮਾਜ ਨੂੰ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਉਨ੍ਹਾਂ ਨੂੰ ਗਲੇ ਲਗਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦੂਜਾ ਮੌਕਾ ਦੇਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਜੈੱਨ-ਜ਼ੀ ਦੇ ਨੁਮਾਇੰਦਿਆਂ ਵਜੋਂ ਜਾਣੇ ਜਾਂਦੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਮੌਜੂਦਗੀ ਵਿੱਚ ਵਰਚੁਅਲ ਤਰੀਕੇ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਜਨਤਕ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਦੀ ਮੰਗ ਕਰਨ ਵਾਲੇ ਵਿਦਿਆਰਥੀਆਂ ਦੇ ਵੱਡੇ ਪੱਧਰ ‘ਤੇ ਪ੍ਰਦਰਸ਼ਨਾਂ ਤੋਂ ਕੁਝ ਦਿਨ ਬਾਅਦ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ”ਸਾਡਾ ਸੱਭਿਆਚਾਰ ਸਾਨੂੰ ਸਿਖਾਉਂਦਾ ਹੈ ਕਿ ਸਮਾਜ, ਯੋਗ ਅਤੇ ਧਿਆਨ ਦੇ ਸਹਿਯੋਗ ਨਾਲ ਨਸ਼ੇ ਨੂੰ ਦੂਰ ਕੀਤਾ ਜਾ ਸਕਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਨਸ਼ਾਮੁਕਤ ਯੁਵਾ’ ਮੁਹਿੰਮ ਵਿਅਕਤੀ, ਪਰਵਾਰ, ਸਮਾਜ ਅਤੇ ਸਭ ਤੋਂ ਮਹੱਤਵਪੂਰਨ ਤੌਰ ‘ਤੇ ਕੌਮ ਲਈ ਇੱਕ ਸੰਕਲਪ ਹੈ ਅਤੇ ਇਸ ਪਹਿਲਕਦਮੀ ਦਾ ਨਾਂਅ ਹੀ ਇਸ ਦੇ ਉਦੇਸ਼ ਨੂੰ ਦਰਸਾਉਂਦਾ ਹੈ।
ਉਨ੍ਹਾ ਕਿਹਾ, ”ਜਦੋਂ ਦੇਸ਼ ਨੇ ਇੱਕ ਵਿਕਸਿਤ ਭਾਰਤ ਬਣਾਉਣ ਦਾ ਟੀਚਾ ਮਿੱਥਿਆ ਹੈ, ਤਾਂ ਇਹ ਜ਼ਰੂਰੀ ਹੈ ਕਿ ਨੌਜਵਾਨ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸਿਹਤਮੰਦ ਅਤੇ ਸਵੈ-ਵਿਸ਼ਵਾਸ ਨਾਲ ਭਰਪੂਰ ਰਹਿਣ ਲਈ ਨੁਕਸਾਨਦੇਹ ਨਸ਼ਿਆਂ ਤੋਂ ਦੂਰ ਰਹਿਣ। ਉਨ੍ਹਾ ਸਾਰਿਆਂ ਨੂੰ ਇਹ ਯਕੀਨੀ ਬਣਾਉਣ ਲਈ ਪ੍ਰਣ ਲੈਣ ਦੀ ਅਪੀਲ ਕੀਤੀ ਕਿ ਨੌਜਵਾਨ ਨਸ਼ੇ ਦੀ ਲਤ ਦੇ ਖਤਰਿਆਂ ਨੂੰ ਸਮਝਣ ਅਤੇ ਹਰ ਸੰਭਵ ਤਰੀਕੇ ਨਾਲ ਸੁਚੇਤ ਅਤੇ ਚੌਕਸ ਰਹਿਣ।
ਮੋਦੀ ਨੇ ਕਿਹਾ, ”ਅੱਜ ਲਿਆ ਗਿਆ ਸੰਕਲਪ ਆਉਣ ਵਾਲੇ 100 ਹਫਤਿਆਂ ਤੱਕ ਇਸੇ ਤਰ੍ਹਾਂ ਅੱਗੇ ਵਧੇਗਾ। ਹਰ ਐਤਵਾਰ ਨੂੰ ਕਲਾ, ਸੱਭਿਆਚਾਰ, ਖੇਡਾਂ, ਧਿਆਨ, ਅਧਿਆਤਮਿਕਤਾ ਅਤੇ ਸੇਵਾ ਨਾਲ ਜੁੜੀਆਂ ਗਤੀਵਿਧੀਆਂ ਆਯੋਜਤ ਕੀਤੀਆਂ ਜਾਣਗੀਆਂ। ਨਸ਼ਾ ਛੁਡਾਉਣ ਦਾ ਸੁਨੇਹਾ ਨਵੇਂ ਲੋਕਾਂ ਤੱਕ ਪਹੁੰਚੇਗਾ। ਆਉਣ ਵਾਲੇ 100 ਐਤਵਾਰ ਨਸ਼ਾਮੁਕਤ ਭਾਰਤ ਵੱਲ 100 ਮਜ਼ਬੂਤ ਕਦਮ ਹੋਣਗੇ।”
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਨਸ਼ਾ ਨਾ ਸਿਰਫ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸਗੋਂ ਇਹ ਮਾਂ ਦੀ ਮੁਸਕਾਨ ਖੋਹ ਲੈਂਦਾ ਹੈ, ਪਿਤਾ ਦੇ ਸੁਪਨਿਆਂ ਨੂੰ ਤੋੜ ਦਿੰਦਾ ਹੈ, ਭੈਣ ਦੀ ਉਮੀਦ ਨੂੰ ਕਮਜ਼ੋਰ ਕਰਦਾ ਹੈ ਅਤੇ ਛੋਟੇ ਭਰਾ ਦੀ ਇੱਜ਼ਤ ਖੋਹ ਲੈਂਦਾ ਹੈ। ਪਰਵਾਰਕ ਮੈਂਬਰ ਹਰ ਰੋਜ਼ ਇਸ ਦਰਦ ਨਾਲ ਜਿਉਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਹੌਲੀ-ਹੌਲੀ ਖਤਮ ਹੁੰਦੇ ਦੇਖਦੇ ਹਨ।
ਮੋਦੀ ਨੇ ਇਹ ਵੀ ਕਿਹਾ ਕਿ ਸਰਕਾਰ ਨਸ਼ਿਆਂ ਵਿਰੁੱਧ ਇਸ ਮੁਹਿੰਮ ਵਿੱਚ ਨੌਜਵਾਨਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਦੇਸ਼ ਭਰ ਵਿੱਚ ਨਸ਼ਾ ਤਸਕਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਪਹਿਲਾਂ ਦੇ ਮੁਕਾਬਲੇ ਗ੍ਰਿਫਤਾਰੀਆਂ ਕਈ ਗੁਣਾ ਵਧ ਗਈਆਂ ਹਨ ਅਤੇ ਹਜ਼ਾਰਾਂ ਕਰੋੜ ਰੁਪਏ ਦੇ ਨਸ਼ੇ ਜ਼ਬਤ ਕੀਤੇ ਗਏ ਹਨ। ਇਹ ਦਰਸਾਉਂਦਾ ਹੈ ਕਿ ਉਨ੍ਹਾ ਦੀ ਸਰਕਾਰ ਨਸ਼ਿਆਂ ਵਿਰੁੱਧ ਕਿੰਨੀ ਮਜ਼ਬੂਤੀ ਨਾਲ ਕਾਰਵਾਈ ਕਰ ਰਹੀ ਹੈ। ਉਨ੍ਹਾ ਪਰਵਾਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਮਾਜਿਕ ਪ੍ਰਤਿਸ਼ਠਾ ਦੀ ਚਿੰਤਾ ਕਾਰਨ ਆਪਣੇ ਬੱਚਿਆਂ ਦੀ ਨਸ਼ੇ ਦੀ ਲਤ ਨੂੰ ਨਾ ਲੁਕਾਉਣ, ਸਗੋਂ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਅਤੇ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਮਾਹਰਾਂ ਅਤੇ ਡਾਕਟਰਾ ਦੀ ਮਦਦ ਲੈਣ।
ਇਨ੍ਹਾਂ ਗਤੀਵਿਧੀਆਂ ਵਿੱਚ ਖੇਡ ਸਮਾਗਮ, ਵਾਕਾਥਨ, ਧਿਆਨ ਸੈਸ਼ਨ, ਸੱਭਿਆਚਾਰਕ ਪ੍ਰੋਗਰਾਮ, ਜਾਗਰੂਕਤਾ ਮੁਹਿੰਮਾਂ, ਨੁੱਕੜ ਨਾਟਕ, ਵਿਚਾਰ ਵਟਾਂਦਰੇ, ਕਲਾ ਮੁਕਾਬਲੇ ਅਤੇ ਭਾਈਚਾਰਕ ਸ਼ਮੂਲੀਅਤ ਦੇ ਪ੍ਰੋਗਰਾਮ ਸ਼ਾਮਲ ਹੋਣਗੇ। ਯੁਵਾ ਮਾਮਲੇ ਅਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਸ਼ੁਰੂਆਤੀ ਮੌਕੇ ‘ਤੇ ਕਿਹਾ ਕਿ ਪ੍ਰਧਾਨ ਮੰਤਰੀ ਦੇ ‘ਨਸ਼ਾਮੁਕਤ ਭਾਰਤ’ ਦੇ ਵਿਜ਼ਨ ਦੇ ਅਨੁਸਾਰ ‘ਨਸ਼ਾਮੁਕਤ ਭਾਰਤ ਅਭਿਆਨ’ ਸਾਲ 2020 ਵਿੱਚ ਸ਼ੁਰੂ ਕੀਤਾ ਗਿਆ ਸੀ।





