ਮੁੰਬਈ (ਨ ਜ਼ ਸ) : ਅਦਾਕਾਰਾ ਤੇ ਭਾਜਪਾ ਸਾਂਸਦ ਕੰਗਨਾ ਰਣੌਤ ਤੇ ਅਦਾਕਾਰ ਰਿਤਿਕ ਰੌਸ਼ਨ ਨਾਲ ਜੁੜਿਆ ਇੱਕ ਟਰੈਂਡ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਤੇ ਰਿਤਿਕ ਰੌਸ਼ਨ ਵੱਲੋਂ ਦਿੱਤੀ ਗਈ ਪ੍ਰਤੀਕਿਰਿਆ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਕੰਗਨਾ ਰਣੌਤ ਨੇ ਰਿਤਿਕ ਨੂੰ ਅੱਗ ‘ਚ ਘਿਓ ਨਾ ਪਾਉਣ ਦੀ ਨਸੀਹਤ ਦਿੱਤੀ ਹੈ। ‘ਕਾਕਰੋਚ ਜਨਤਾ ਪਾਰਟੀ’ ਦੇ ਬੁਲਾਰੇ ਸੌਰਭ ਦਾਸ ਨੇ ਇੱਕ ਇੰਟਰਵਿਊ ਦੌਰਾਨ ਕੰਗਨਾ ‘ਤੇ ਟਿੱਪਣੀ ਕਰਦਿਆਂ ਮਜ਼ਾਕੀਆ ਲਹਿਜੇ ਵਿੱਚ ਕਿਹਾ ਸੀ ਕਿ ਉਸ ਦੇ ਦੋਸਤਾਂ ਅਨੁਸਾਰ ਕੰਗਨਾ ਉਸ ਦੇ ਪਿੱਛੇ ਇਸ ਲਈ ਪਈ ਹੋਈ ਹੈ, ਕਿਉਂਕਿ ਉਸ ਦੀ ਸ਼ਕਲ ਰਿਤਿਕ ਰੌਸ਼ਨ ਨਾਲ ਮਿਲਦੀ-ਜੁਲਦੀ ਹੈ। ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਦੁਨੀਆ ‘ਰਿਤਿਕ ਰੌਸ਼ਨ ਤੋਂ ਮੁਆਫੀ ਦੀ ਹੱਕਦਾਰ ਹੈ’ ਟਰੈਂਡ ਕਰਨ ਲੱਗਾ ਅਤੇ ਲੋਕਾਂ ਨੇ ਕੰਗਨਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਟਰੈਂਡ ‘ਤੇ ਰਿਤਿਕ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਉਹ ਉਦੋਂ ਤੱਕ ਇੰਤਜ਼ਾਰ ਕਰਨਗੇ, ਜਦੋਂ ਤੱਕ ਮਾਮਲੇ ਦਾ ਸਹੀ ਸੰਦਰਭ ਸਾਹਮਣੇ ਨਹੀਂ ਆਉਂਦਾ। ਰਿਤਿਕ ਦੀ ਇਸ ਪ੍ਰਤੀਕਿਰਿਆ ਤੋਂ ਬਾਅਦ ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਰਿਤਿਕ ਨਾਲ ਜੁੜੀ ਖਬਰ ਦਾ ਆਰਟੀਕਲ ਸ਼ੇਅਰ ਕਰਦਿਆਂ ਲਿਖਿਆ, “ਡੀਅਰ ਰਿਤਿਕ, ਮੈਨੂੰ ਖ਼ੁਸ਼ੀ ਹੈ ਕਿ ਤੁਹਾਨੂੰ ਆਪਣਾ ਪਰਫੈਕਟ ਮੈਚ ਮਿਲ ਗਿਆ ਹੈ। ਤੁਸੀਂ ਅਤੇ ਸਬਾ ਆਜ਼ਾਦ ਇੱਕ-ਦੂਜੇ ਨਾਲ ਬਹੁਤ ਚੰਗੇ ਲੱਗਦੇ ਹੋ।” ਕੰਗਨਾ ਨੇ ਆਪਣੀ ਗੱਲ ਜਾਰੀ ਰੱਖਦਿਆਂ ਅੱਗੇ ਲਿਖਿਆ, “ਤੁਸੀਂ ਇੱਕ ਕਮਿਟਿਡ ਰਿਲੇਸ਼ਨਸ਼ਿਪ ਵਿੱਚ ਹੋ ਅਤੇ ਕਿਸੇ ਔਰਤ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕਰਨਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਇਸ ਦੀ ਬਜਾਏ ਤੁਹਾਨੂੰ ਉਨ੍ਹਾਂ ਲੋਕਾਂ ਦੀ ਨਿੰਦਾ ਕਰਨੀ ਚਾਹੀਦੀ ਹੈ ਜੋ ਤੁਹਾਡੇ ਨਾਂਅ ਦੀ ਵਰਤੋਂ ਕਰਕੇ ਮੈਨੂੰ ਪ੍ਰੇਸ਼ਾਨ ਅਤੇ ਬੁੱਲੀ ਕਰ ਰਹੇ ਹਨ।” ਆਪਣੀ ਪੋਸਟ ਦੇ ਅਖੀਰ ਵਿੱਚ ਕੰਗਨਾ ਨੇ ਲਿਖਿਆ, “ਅੱਗ ‘ਚ ਘਿਓ ਪਾਉਣਾ ਅਤੇ ਆਪਣੇ ਪਾਰਟਨਰ ਨੂੰ ਸ਼ਰਮਿੰਦਾ ਕਰਨਾ ਬੰਦ ਕਰੋ। ਉਮੀਦ ਹੈ ਕਿ ਤੁਹਾਨੂੰ ਸਹੀ ਗੱਲ ਸਮਝ ਆਵੇਗੀ ਅਤੇ ਤੁਸੀਂ ਬੇਮਤਲਬ ਦੀਆਂ ਗੱਲਾਂ ਕਰਨਾ ਬੰਦ ਕਰ ਦਿਓਗੇ।”” ਕੰਗਨਾ ਅਤੇ ਰਿਤਿਕ ਵਿਚਾਲੇ ਵਿਵਾਦ ਸਾਲਾਂ ਪੁਰਾਣਾ ਹੈ, ਜਦੋਂ ਕੰਗਨਾ ਨੇ ਇੱਕ ਇੰਟਰਵਿਊ ਦੌਰਾਨ ਰਿਤਿਕ ਨੂੰ ‘ਸਿਲੀ ਐਕਸ’ ਕਿਹਾ ਸੀ। ਉਸ ਸਮੇਂ ਰਿਤਿਕ ਨੇ ਕੰਗਨਾ ਨਾਲ ਕਿਸੇ ਵੀ ਤਰ੍ਹਾਂ ਦੇ ਸੰਬੰਧ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਅਤੇ ਅਦਾਕਾਰਾ ਨੂੰ ਲੀਗਲ ਨੋਟਿਸ ਵੀ ਭੇਜਿਆ ਸੀ। ਰਿਤਿਕ ਦਾ ਦਾਅਵਾ ਸੀ ਕਿ ਕੋਈ ਅਣਪਛਾਤਾ ਵਿਅਕਤੀ ਉਸ ਦੀ ਨਕਲੀ ਈਮੇਲ ਆਈ ਡੀ ਬਣਾ ਕੇ ਕੰਗਨਾ ਨਾਲ ਗੱਲ ਕਰ ਰਿਹਾ ਸੀ, ਜਦੋਂਕਿ ਕੰਗਨਾ ਦਾ ਕਹਿਣਾ ਸੀ ਕਿ ਉਹ ਈਮੇਲ ਆਈ ਡੀ ਖੁਦ ਰਿਤਿਕ ਨੇ ਹੀ ਦਿੱਤੀ ਸੀ।





