ਲੁਧਿਆਣਾ, (ਐੱਮ ਐੱਸ ਭਾਟੀਆ/ ਰੈਕਟਰ ਕਥੂਰੀਆ)-ਲੁਧਿਆਣਾ ਦੇ ਜਮਾਲਪੁਰ ਵਿਚ ਦੋ ਸਕੇ ਭਰਾਵਾਂ ਨੂੰ ਫਰਜ਼ੀ ਮੁਕਬਾਲੇ ਵਿੱਚ ਮਾਰਨ ਦੇ ਦੋਸ਼ ਵਿੱਚ ਸੋਮਵਾਰ ਕੋਰਟ ਨੇ 2 ਪੁਲਸ ਮੁਲਾਜ਼ਮਾਂ ਸਣੇ ਤਿੰਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਦੋ ਪੁਲਸ ਮੁਲਾਜ਼ਮ ਦੋਸ਼ੀਆਂ ਨੂੰ 37-37 ਹਜ਼ਾਰ ਦਾ ਜੁਰਮਾਨਾ ਲਾਇਆ, ਜਦੋਂ ਕਿ ਤੀਜੇ ਦੋਸ਼ੀ ਨੂੰ 35 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ। ਸਜ਼ਾ ਸੁਣਾਉਣ ਤੋਂ ਬਾਅਦ ਮਿ੍ਰਤਕਾਂ ਦੇ ਮਾਤਾ-ਪਿਤਾ ਨੇ ਕਿਹਾ ਕਿ ਇਸ ਕੇਸ ਵਿਚ ਇਕ ਪੁਲਸ ਮੁਲਾਜਮ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਜਿਸ ਨੂੰ ਸਜ਼ਾ ਦਿਵਾਉਣ ਲਈ ਹੁਣ ਉਹ ਹਾਈ ਕੋਰਟ ਦਾ ਰੁਖ ਕਰਨਗੇ। ਕੋਰਟ ਨੇ ਤਿੰਨੇ ਦੋਸ਼ੀਆਂ ਨੂੰ ਆਰਮਜ਼ ਐਕਟ ਅਤੇ ਸਾਜ਼ਿਸ਼ ਰਚਣ ਵਿੱਚ ਦੋਸ਼ੀ ਪਾਇਆ ਸੀ। ਪਰਵਾਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਦੋ ਮੁਲਜ਼ਮ ਹਾਲੇ ਵੀ ਫਰਾਰ ਹਨ, ਜਿਨ੍ਹਾਂ ਨੂੰ ਹਾਲੇ ਤੱਕ ਗਿ੍ਰਫਤਾਰ ਨਹੀਂ ਕੀਤਾ ਗਿਆ ਹੈ, ਉਹਨਾਂ ਨੂੰ ਵੀ ਜਲਦ ਤੋਂ ਜਲਦ ਗਿ੍ਰਫਤਾਰ ਕਰਨਾ ਚਾਹੀਦਾ ਹੈ। ਮਾਤਾ-ਪਿਤਾ ਨੇ ਕਿਹਾ ਕਿ ਸਾਡੇ ਦੋਵੇਂ ਬੇਟੇ ਪੜ੍ਹੇ-ਲਿਖੇ ਸਨ, ਉਹਨਾਂ ਨੂੰ ਸਾਜ਼ਿਸ਼ ਦੇ ਤਹਿਤ ਹੀ ਮਾਰਿਆ ਗਿਆ ਹੈ।
ਪੂਰਾ ਮਾਮਲਾ 2014 ਦਾ ਹੈ, ਜਦੋਂ ਹਰਿੰਦਰ ਸਿੰਘ (23) ਅਤੇ ਜਤਿੰਦਰ ਸਿੰਘ (25) ਨੂੰ ਪੁਲਸ ਵੱਲੋਂ ਮਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕਈ ਸਾਲ ਕੇਸ ਚੱਲਣ ਤੋਂ ਬਾਅਦ ਇਸ ਮੁਕਾਬਲੇ ਨੂੰ ਫਰਜ਼ੀ ਮੰਨਿਆ ਗਿਆ। ਅਦਾਲਤ ਨੇ ਤਤਕਾਲੀ ਆਗੂ ਗੁਰਜੀਤ ਸਿੰਘ, ਕਾਂਸਟੇਬਲ ਯਾਦਵਿੰਦਰ ਸਿੰਘ ਅਤੇ ਹੋਮਗਾਰਡ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਤਿੰਨਾਂ ਨੂੰ ਸੋਮਵਾਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਕ ਹੋਰ ਹੋਮਗਾਰਡ ਜਵਾਨ ਬਲਦੇਵ ਸਿੰਘ ਨੂੰ ਬਰੀ ਕਰ ਦਿੱਤਾ ਸੀ, ਜਿਸ ਖਿਲਾਫ ਪਰਵਾਰ ਨੇ ਹਾਈ ਕੋਰਟ ਜਾਣ ਦਾ ਫੈਸਲਾ ਕੀਤਾ ਹੈ।





