ਸਟਾਕਹੋਮ : ਇਸ ਸਾਲ ਅਰਥ ਸ਼ਾਸਤਰ ਲਈ ਨੋਬੇਲ ਪੁਰਸਕਾਰ ਨਾਲ ਸਨਮਾਨਤ ਕਰਨ ਲਈ ਤਿੰਨ ਅਮਰੀਕੀ ਅਰਥ ਸ਼ਾਸਤਰੀਆਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਨੂੰ ‘ਬੈਂਕਾਂ ਤੇ ਵਿੱਤੀ ਸੰਕਟ ਬਾਰੇ ਖੋਜ’ ਲਈ ਇਹ ਪੁਰਸਕਾਰ ਦਿੱਤਾ ਗਿਆ ਹੈ। ਸਟਾਕਹੋਮ ’ਚ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ’ਚ ਨੋਬੇਲ ਕਮੇਟੀ ਨੇ ਬੇਨ ਐੱਸ ਬਰਨਾਂਕੇ, ਡਗਲਸ ਡਬਲਿਊ ਡਾਇਮੰਡ ਤੇ ਫਿਲਿਪ ਐੱਚ ਡਾਇਬਵਿਗ ਨੂੰ ਅਰਥ ਸ਼ਾਸਤਰ ਦਾ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ। ਕਮੇਟੀ ਨੇ ਕਿਹਾ ਕਿ ਤਿੰਨਾਂ ਹੀ ਮਾਹਰਾਂ ਨੇ ਦੁਨੀਆ ਨੂੰ ਦੱਸਿਆ ਕਿ ਆਰਥਕਤਾ ਜਦੋਂ ਮੁਸ਼ਕਲ ਦੌਰ ਵਿਚ ਹੁੰਦੀ ਹੈ ਤਾਂ ਸਮਾਜ ਨੂੰ ਬੈਂਕਾਂ ਦੀ ਮਦਦ ਲੈ ਕੇ ਕਿਵੇਂ ਨਿਪਟਣਾ ਚਾਹੀਦਾ ਹੈ। ਬੈਂਕਿੰਗ ਸੈਕਟਰ ਨੂੰ ਤਬਾਹੀ ਤੋਂ ਬਚਾਉਣਾ ਕਿਉ ਸਭ ਤੋਂ ਅਹਿਮ ਹੈ। ਤਿੰਨਾਂ ਨੇ ਬੈਂਕਿੰਗ ਸੈਕਟਰ ਨਾਲ ਜੁੜੀ ਇਹ ਅਹਿਮ ਖੋਜ 1980 ਵਿਚ ਸ਼ੁਰੂ ਕੀਤੀ ਸੀ। ਇਹ ਸਿਰਫ ਥਿਊਰੀ ਨਹੀਂ, ਸਗੋਂ ਮੁਸ਼ਕਲ ਆਰਥਕ ਹਾਲਾਤ ਵਿੱਚੋਂ ਨਿਕਲਣ ਦੇ ਇਨ੍ਹਾਂ ਨੇ ਜਿਹੜੇ ਤਰੀਕੇ ਸੁਝਾਏ, ਉਨ੍ਹਾਂ ’ਤੇ ਕਈ ਦੇਸ਼ਾਂ ਨੇ ਅਮਲ ਕੀਤਾ। ਅਮੂਮਨ ਮਾਲੀ ਸੰਕਟ ਵੇਲੇ ਲੋਕ ਬੈਂਕਾਂ ਵਿੱਚੋਂ ਪੈਸਾ ਕਢਾਉਣ ਵਿਚ ਜਲਦਬਾਜ਼ੀ ਕਰਦੇ ਹਨ। ਤਿੰਨਾਂ ਮਾਹਰਾਂ ਨੇ ਬੈਂਕਿੰਗ ਤੇ ਸਮਾਜ ਵਿਚਾਲੇ ਸੰਤੁਲਨ ਬਣਾ ਕੇ ਇਸ ਮੁਸ਼ਕਲ ਵਿੱਚੋਂ ਨਿਕਲਣ ਦੇ ਉਪਾਅ ਸੁਝਾਏ।



