ਈ-20 ‘ਕਾਕਰੋਚਾਂ’ ਦੇ ਏਜੰਡੇ ‘ਤੇ

0
7

ਛਤਰਪਤੀ ਸਾਂਭਾਜੀ ਨਗਰ : ਕਾਕਰੋਚ ਜਨਤਾ ਪਾਰਟੀ ਦੇ ਬਾਨੀ ਅਭੀਜੀਤ ਦੀਪਕੇ ਨੇ ਕਿਹਾ ਕਿ ਸੀ ਜੇ ਪੀ ਫਿਲਹਾਲ ਇੱਕ ਪ੍ਰੈਸ਼ਰ ਗਰੁੱਪ ਵਜੋਂ ਕੰਮ ਕਰੇਗੀ, ਕਿਉਂਕਿ ਇਸ ਵੇਲੇ ਭਾਰਤ ਨੂੰ ਇਸੇ ਦੀ ਸਭ ਤੋਂ ਵੱਧ ਲੋੜ ਹੈ। ਇੱਥੇ ਸੀ ਜੇ ਪੀ ਦੀ ਕੋਰ ਟੀਮ ਦੀ ਦੋ ਦਿਨਾ ਬੈਠਕ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀਪਕੇ ਨੇ ਕਿਹਾ ਕਿ ਇਸ ਬੈਠਕ ਵਿੱਚ ਮੀਡੀਆ ਅਤੇ ਨਿਆਂਪਾਲਿਕਾ ਵਰਗੀਆਂ ਸੰਸਥਾਵਾਂ ਵਿੱਚ ਲੋਕਾਂ ਦੇ ਘਟਦੇ ਭਰੋਸੇ ‘ਤੇ ਗੰਭੀਰ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਈਥਾਨੌਲ-ਮਿਸ਼ਰਤ ਈਂਧਣ ਅਤੇ ਵਧਦੀ ਬੇਰੁਜ਼ਗਾਰੀ ਵਰਗੇ ਅਹਿਮ ਮੁੱਦੇ ਵੀ ਚੁੱਕੇ ਜਾਣਗੇ। ਸੀ ਜੇ ਪੀ ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਦੱਸਿਆ ਕਿ ਸੋਨਮ ਵਾਂਗਚੁੱਕ ਪਾਰਟੀ ਦੇ ਮਾਰਗਦਰਸ਼ਕ ਵਜੋਂ ਬਣੇ ਰਹਿਣਗੇ।
‘ਆਪ’ ਤੋਂ ਆਏ ਸਾਂਸਦਾਂ ਨੂੰ ਮੋਦੀ ਨੇ ਨਾਸ਼ਤਾ ਕਰਵਾਇਆ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਸਾਰੇ ਸੱਤ ਰਾਜ ਸਭਾ ਮੈਂਬਰਾਂ ਨੂੰ ਬੁੱਧਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਾਸ਼ਤਾ ਕਰਵਾਇਆ ਗਿਆ। ਉਨ੍ਹਾਂ ਤੋਂ ਇਲਾਵਾ ਭਾਜਪਾ ਦੇ ਸਾਰੇ 36 ਨਵੇਂ ਚੁਣੇ ਗਏ ਰਾਜ ਸਭਾ ਮੈਂਬਰ ਵੀ ਸੱਦੇ ਗਏ ਸਨ। ਨਾਸ਼ਤਾ ਕਰਨ ਵਾਲਿਆਂ ‘ਚ ਰਾਘਵ ਚੱਢਾ, ਸੰਦੀਪ ਪਾਠਕ, ਵਿਕਰਮਜੀਤ ਸਿੰਘ ਸਾਹਨੀ, ਸਵਾਤੀ ਮਾਲੀਵਾਲ, ਅਸ਼ੋਕ ਮਿੱਤਲ ਅਤੇ ਹੋਰ ਸ਼ਾਮਲ ਸਨ।
ਪੰਜਾਬ ਦੇ ਮਣੀਮਹੇਸ਼ ਸ਼ਰਧਾਲੂ ਦੀ ਮੌਤ
ਧਰਮਸ਼ਾਲਾ : ਚੰਬਾ-ਭਰਮੌਰ ਸੜਕ ‘ਤੇ ਬੁੱਧਵਾਰ ਪੰਜਾਬ ਦੇ ਇੱਕ ਮਣੀਮਹੇਸ਼ ਸ਼ਰਧਾਲੂ ਦੀ ਥਾਰ ‘ਤੇ ਪੱਥਰ ਡਿੱਗਣ ਕਾਰਨ ਮੌਤ ਹੋ ਗਈ। ਹਾਦਸਾ ਮੇਹਲਾ ਨੇੜੇ ਤੜਕੇ 3 ਵਜੇ ਦੇ ਕਰੀਬ ਵਾਪਰਿਆ, ਜਦੋਂ ਚਾਰ ਦੋਸਤ ਮਣੀਮਹੇਸ਼ ਯਾਤਰਾ ਲਈ ਭਰਮੌਰ ਜਾ ਰਹੇ ਸਨ। ਪੁਲਸ ਨੇ ਦੱਸਿਆ ਕਿ ਪੱਥਰ ਛੱਤ ਤੋੜ ਕੇ ਸਿੱਧੇ ਸ਼ਰਧਾਲੂ ਦੇ ਵੱਜਾ। ਮ੍ਰਿਤਕ ਦੀ ਪਛਾਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੱਲ੍ਹੀਆਂ ਪਿੰਡ ਦੇ ਮੱਖਣ ਸਿੰਘ (40) ਵਜੋਂ ਹੋਈ ਹੈ। ਉਸ ਦੇ ਬਾਕੀ ਤਿੰਨ ਦੋਸਤ ਵਾਲ-ਵਾਲ ਬਚੇ।
ਖੁਸ਼ੀ ਵੱਡੇ ਗ਼ਮ ‘ਚ ਬਦਲੀ
ਕਪੂਰਥਲਾ (ਨ ਜ਼ ਸ) : ਸ਼ਹਿਰ ਦੇ ਤਿਰਲੋਕੀ ਨਾਥ ਇਲਾਕੇ ਵਿੱਚ ਮੰਗਲਵਾਰ ਪਾਣੀ ਨਾਲ ਭਰੀ ਬਾਲਟੀ ਵਿੱਚ ਡਿੱਗਣ ਕਾਰਨ ਇੱਕ ਸਾਲ ਦੀ ਬੱਚੀ ਦੀ ਮੌਤ ਹੋ ਗਈ। ਰਵੀ ਮਹਿਤੋ ਦੀ ਬੇਟੀ ਖੁਸ਼ੀ ਘਰ ਦੇ ਅੰਦਰ ਖੇਡ ਰਹੀ ਸੀ ਕਿ ਅਚਾਨਕ ਬਾਲਟੀ ਵਿੱਚ ਜਾ ਡਿੱਗੀ। ਕੁਝ ਹੀ ਸਮੇਂ ਬਾਅਦ ਜਦੋਂ ਪਰਵਾਰਕ ਮੈਂਬਰਾਂ ਦੀ ਨਜ਼ਰ ਬੱਚੀ ‘ਤੇ ਪਈ ਤਾਂ ਤੁਰੰਤ ਸਿਵਲ ਹਸਪਤਾਲ ਲੈ ਕੇ ਪਹੁੰਚੇ। ਡਾਕਟਰ ਨੇ ਬੱਚੀ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।