ਫਿਰੌਤੀਆਂ ਖਿਲਾਫ ਉੱਠੇ ਤਲਵੰਡੀ ਸਾਬੋ ਦੇ ਲੋਕ

0
298

ਤਲਵੰਡੀ ਸਾਬੋ. (ਜਗਦੀਪ ਗਿੱਲ)-ਸਥਾਨਕ ਇਤਿਹਾਸਕ ਸ਼ਹਿਰ ਦੇ ਕਾਰੋਬਾਰੀ ਸ਼ਾਹੂਕਾਰਾਂ ਅਤੇ ਆਰਥਿਕ ਪੱਖੋਂ ਆਤਮ ਨਿਰਭਰ ਲੋਕਾਂ ਤੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੈਠੇ ਨਾਮੀ ਗੈਂਗਸਟਰਾਂ ਵੱਲੋਂ ਮੰਗੀਆਂ ਜਾ ਰਹੀਆਂ ਫਿਰੌਤੀਆਂ ਦੇ ਸਾਹਮਣੇ ਆਏ ਮਾਮਲੇ ਨੇ ਸਥਾਨਕ ਸ਼ਹਿਰੀਆਂ ਨੂੰ ਸੋਚਾਂ ਦੇ ਸਮੁੰਦਰ ਵਿੱਚ ਡੋਬ ਕੇ ਰੱਖ ਦਿੱਤਾ ਹੈ। ਐਤਵਾਰ ਦਿਨ ਦਿਹਾੜੇ ਤੇ ਖੌਫਨਾਕ ਘਟਨਾਵਾਂ ਪਿੱਛੋਂ ਪੀੜਤ ਲੋਕਾਂ ਸਮੇਤ ਸਮੁੱਚੇ ਸ਼ਹਿਰ ਵਾਸੀਆਂ ਵੱਲੋਂ ਸੋਮਵਾਰ ਸਾਰਾ ਸ਼ਹਿਰ ਬੰਦ ਕਰਕੇ ਖੰਡਾ ਚੌਕ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਗਿਆ। ਭਾਵੇਂ ਪੁਲਸ ਵੱਲੋਂ ਫੁਰਤੀ ਵਿਖਾਉਂਦਿਆਂ ਦਰਜਨ ਤੋਂ ਉਪਰ ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਖਬਰ ਹੈ ਪ੍ਰੰਤੂ ਭਰੋਸੇਯੋਗ ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਸ਼ਹਿਰ ਦੇ ਦੋ ਸਿਖਰਲੇ ਮੋਹਤਬਰ ਲੋਕਾਂ ਦਾ ਨਾਂਅ ਵੀ ਵੱਜ ਰਿਹਾ ਹੈ, ਜਿਨ੍ਹਾਂ ਵਿੱਚੋਂ ਇਕ ਕਾਂਗਰਸ ਅਤੇ ਦੂਸਰਾ ਅਕਾਲੀ ਦਲ ਦਾ ਕੱਦਾਵਰ ਲੀਡਰ ਦੱਸਿਆ ਜਾ ਰਿਹਾ ਹੈ।
ਓਧਰ ਐੱਸ ਐੱਸ ਪੀ ਬਠਿੰਡਾ ਨੇ ਸ਼ਹਿਰ ਨਿਵਾਸੀਆਂ ਨੂੰ ਧਰਨੇ ਵਾਲੀ ਥਾਂ ਪਹੁੰਚ ਕੇ ਵਿਸ਼ਵਾਸ ਦੁਆਇਆ ਕਿ ਤੁਸੀਂ ਇੱਕ ਵਾਰ ਧਰਨਾ ਹਟਾਓ, ਅਸੀਂ ਦੋ ਦਿਨਾਂ ਦੇ ਅੰਦਰ-ਅੰਦਰ ਤੁਹਾਨੂੰ ਨਤੀਜੇ ਕੱਢ ਕੇ ਦੇਵਾਂਗੇ।
ਗੁੱਸੇ ਵਿਚ ਭਰੇ-ਪੀਤੇ ਸ਼ਹਿਰੀਆਂ ਨੇ ਭਾਵੇਂ ਜ਼ਿਲ੍ਹਾ ਪੁਲਸ ਮੁਖੀ ਦੇ ਵਿਸ਼ਵਾਸ ਦਿਵਾਉਣ ’ਤੇ ਧਰਨਾ ਖਤਮ ਕਰਦਿਆਂ ਦੁਕਾਨਾਂ ਖੋਲ੍ਹ ਲਈਆਂ, ਪ੍ਰੰਤੂ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਸ ਨੇ ਦੋ ਦਿਨਾਂ ਵਿਚ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਲੰਬਾ ਸੰਘਰਸ਼ ਵਿੱਢ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਤਲਵੰਡੀ ਸਾਬੋ ਵਿੱਚ ਅੱਧੀ ਦਰਜਨ ਤੋਂ ਵੱਧ ਲੋਕਾਂ ਤੋਂ ਲੱਖਾਂ ਰੁਪਏ ਦੀਆਂ ਜਬਰੀ ਵਸੂਲੀਆਂ ਹੋਣ ਪਿੱਛੋਂ ਹੁਣ ਪੁਲਸ ਬਾਕਾਇਦਾ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਵਿੱਚ ਜੁਟ ਗਈ ਹੈ।

LEAVE A REPLY

Please enter your comment!
Please enter your name here