ਗਰੀਬ ਦੋ ਵਕਤ ਦੀ ਰੋਟੀ ਤੋਂ ਆਤੁਰ : ਮਾੜੀਮੇਘਾ, ਅਲਗੋਂ

0
7

ਭਿੱਖੀਵਿੰਡ/ਖਾਲੜਾ
(ਲਖਵਿੰਦਰ ਸਿੰਘ ਗੋਲਣ/
ਰਣਵੀਰ ਸਿੰਘ ਗੋਲਣ)
ਸੀ ਪੀ ਆਈ ਵੱਲੋਂ ਦੇਸ਼ ਭਰ ਵਿੱਚ ਆਰੰਭੀ ਜਨ-ਜਾਗਰਨ ਮੁਹਿੰਮ ਤਹਿਤ ਭਾਈ ਲੱਧੂ, ਕਲਸੀਆਂ ਕਲਾਂ, ਭਗਵਾਨਪੁਰਾ ਖੁਰਦ ਅਤੇ ਭਗਵਾਨਪੁਰਾ ਕਲਾਂ ਵਿਖੇ ਪਾਰਟੀ ਵਰਕਰਾਂ ਅਤੇ ਹਮਦਰਦਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਬੋਲਦਿਆਂ ਸੀ ਪੀ ਆਈ ਦੇ ਸੂਬਾ ਸਕੱਤਰੇਤ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਬਲਾਕ ਸਕੱਤਰ ਨਰਿੰਦਰ ਸਿੰਘ ਅਲਗੋਂ ਕੋਠੀ ਨੇ ਕਿਹਾ ਕਿ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਔਖਾ ਕੀਤਾ ਹੋਇਆ ਹੈ। ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਹੋ ਗਿਆ। ਉਪਰੋਂ ਗਰਮੀਆਂ ਦਾ ਤੇਰ੍ਹਵਾਂ ਮਹੀਨਾ ਚੱਲ ਰਿਹਾ ਹੈ। ਇਸ ਵੇਲੇ ਖੇਤਾਂ ਵਿੱਚ ਵੀ ਕੋਈ ਕੰਮ-ਕਾਰ ਨਹੀਂ। ਪਿੰਡਾਂ ਦੇ ਮਜ਼ਦੂਰ ਵਿਹਲੇ ਹਨ, ਜੋ ਉਨ੍ਹਾਂ ਕੋਲ ਥੋੜ੍ਹੀ-ਬਹੁਤੀ ਰਾਸ ਹੁੰਦੀ ਹੈ, ਉਸ ਨਾਲ ਲੰਗੇ-ਡੰਗ ਰੋਟੀ ਖਾ ਕੇ ਗੁਜ਼ਾਰਾ ਕਰ ਰਹੇ ਹਨ। ਪਹਿਲਾਂ ਮਜ਼ਦੂਰਾਂ ਨੂੰ ਇਨ੍ਹਾਂ ਦਿਨਾਂ ਵਿੱਚ ਨਰੇਗਾ ਦਾ ਕੰਮ ਮਿਲ ਜਾਂਦਾ ਸੀ, ਹੁਣ ਉਹ ਵੀ ਕੇਂਦਰ ਤੇ ਸੂਬਾਈ ਸਰਕਾਰ ਕਿਸੇ ਨੂੰ ਕੰਮ ਨਹੀਂ ਦੇ ਰਹੀ। ਕੇਂਦਰ ਨੇ ਨਰੇਗਾ ਕਾਨੂੰਨ ਬਦਲ ਕੇ ਉਸ ਵਿੱਚ ਕੰਮ ਲੈਣ ਲਈ ਸ਼ਰਤਾਂ ਹੀ ਏਨੀਆਂ ਸਖ਼ਤ ਕਰ ਦਿੱਤੀਆਂ ਹਨ ਕਿ ਉਹ ਨਰੇਗਾ ਕਾਮਾ ਪੂਰੀਆਂ ਹੀ ਨਹੀਂ ਕਰ ਸਕਦਾ। ਪਹਿਲਾ ਨਰੇਗਾ ਕਾਨੂੰਨ ਬਹਾਲ ਕਰਕੇ ਨਰੇਗਾ ਕਾਮਿਆਂ ਨੂੰ ਕੰਮ ਫੌਰੀ ਤੌਰ ‘ਤੇ ਦਿੱਤਾ ਜਾਣਾ ਚਾਹੀਦਾ ਹੈ। ਪੰਜਾਬ ਇਸਤਰੀ ਸਭਾ ਦੀ ਸੁਬਾਈ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਮਾੜੀਮੇਘਾ, ਕਿਸਾਨ ਆਗੂ ਰਛਪਾਲ ਸਿੰਘ ਬਾਠ ਅਤੇ ਮਜ਼ਦੂਰਾਂ ਦੇ ਆਗੂ ਟਹਿਲ ਸਿੰਘ ਲੱਧੂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹਿੰਦੁਸਤਾਨ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਉਨ੍ਹਾਂ ‘ਤੇ ਡਾਂਗਾਂ ਤੇ ਅੱਥਰੂ ਗੈਸ ਦੇ ਗੋਲੇ ਵਰਾਉਂਦੀ ਹੈ। ਠੀਕ ਹੈ ਗਰੀਬ ਬੱਚੇ ਡਾਕਟਰ ਬਣਨ ਦੀ ਪੜ੍ਹਾਈ ਨਹੀਂ ਲੈ ਸਕਦੇ, ਪਰ ਮੱਧ ਵਰਗ ਦੇ ਬੱਚੇ ਮੈਡੀਕਲ ਦੀ ਵਿਦਿਆ ਲੈ ਕੇ ਡਾਕਟਰ ਬਣ ਸਕਦੇ ਹਨ।ਉਂਝ ਡਾਕਟਰੀ ਵਿਦਿਆ ਸਸਤੀ ਹੋਣੀ ਚਾਹੀਦੀ ਹੈ, ਤਾਂ ਜੋ ਗਰੀਬਾਂ ਦੇ ਬੱਚੇ ਡਾਕਟਰ ਦੀ ਵਿਦਿਆ ਲੈ ਸਕਣ।ਆਗੂਆਂ ਕਿਹਾ ਕਿ ਕੇਂਦਰ ਸਰਕਾਰ ਨੇ ਵਿਦਿਆ ਦੇ ਸਿਲੇਬਸ ਵਿੱਚੋਂ ਵੀ ਆਜ਼ਾਦੀ ਘੁਲਾਟੀਆਂ ਅਤੇ ਦੇਸ਼ ਭਗਤਾਂ ਦੇ ਚੈਪਟਰ ਕੱਢ ਕੇ ਉੱਥੇ ਫਿਰਕੂ ਜ਼ਹਿਰ ਪੈਦਾ ਕਰਨ ਵਾਲੇ ਚੈਪਟਰ ਫਿੱਟ ਕਰ ਦਿੱਤੇ ਹਨ। ਆਪਣੀ ਜਨਮ ਭੂਮੀ ‘ਤੇ ਆਪਣੇ ਅਧਿਕਾਰਾਂ ਪ੍ਰਤੀ ਲੇਖਕ ਜਾਂ ਬੁੱਧੀਜੀਵੀ ਲਿਖ ਤੇ ਬੋਲ ਨਹੀਂ ਸਕਦਾ।ਦੇਸ਼ ਤੇ ਪੰਜਾਬ ਦੀਆਂ ਇਹੋ ਜਿਹੀਆਂ ਹਾਲਤਾਂ ਵਿੱਚ ਸੀ ਪੀ ਆਈ ਦਾ ਜਥਾ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਕਰਦਾ ਹੋਇਆ ਸੱਦਾ ਦਿੰਦਾ ਹੈ ਕਿ ਪਹਿਲੀ ਸਤੰਬਰ ਨੂੰ ਦਿੱਲੀ ਵਿਖੇ ਹੋ ਰਹੀ ਕੁੱਲ ਹਿੰਦ ਪੱਧਰ ਦੀ ਰੈਲੀ ਵਿੱਚ ਵਹੀਰਾਂ ਘੱਤ ਕੇ ਪਹੁੰਚੋ।ਮੀਟਿੰਗਾਂ ਵਿੱਚ ਬੀਬੀ ਬੀਰੋ, ਡਾਕਟਰ ਚਾਨਣ ਸਿੰਘ, ਜਸਬੀਰ ਕੌਰ ਭਾਈ ਲੱਧੂ, ਗੁਰਚੰਦ ਸਿੰਘ ਭਗਵਾਨਪੁਰਾ ਖੁਰਦ, ਗੁਰਨਾਮ ਸਿੰਘ ਤੇ ਮਨਦੀਪ ਕੌਰ ਕਲਸੀਆਂ ਕਲਾਂ, ਗੁਰਮੀਤ ਕੌਰ ਭਗਵਾਨਪੁਰਾ ਕਲਾਂ ਨੇ ਵੀ ਸੰਬੋਧਨ ਕੀਤਾ।