ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਸੀ ਪੀ ਆਈ (ਐੱਮ) ਵੱਲੋਂ ਪਾਰਟੀ ਦੇ ਸਾਬਕਾ ਕੌਮੀ ਜਨਰਲ ਸਕੱਤਰ ਮਰਹੂਮ ਕਾਮਰੇਡ ਸੀਤਾਰਾਮ ਯੇਚੁਰੀ ਦੀ ਦੂਜੀ ਬਰਸੀ ਨੂੰ ਸਮਰਪਤ ਸਥਾਨਕ ਸੈਕਟਰ 29-ਡੀ ਦੇ ਬਾਬਾ ਸੋਹਣ ਸਿੰਘ ਭਕਨਾ ਭਵਨ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਸੀ ਪੀ ਆਈ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਅਰਵਿੰਦ, ਜੇ ਐੱਨ ਯੂ ਟੀਚਰਜ਼ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰੋ. ਚਮਨ ਲਾਲ, ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰੇਤ ਮੈਂਬਰ ਭੂਪ ਚੰਦ ਚੰਨੋ ਤੇ ਗੁਰਦਰਸ਼ਨ ਸਿੰਘ ਖਾਸਪੁਰ ਬਿਰਾਜਮਾਨ ਸਨ।
ਕਾਮਰੇਡ ਸੀਤਾਰਾਮ ਯੇਚੁਰੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਕਾਮਰੇਡ ਯੇਚੁਰੀ ਦੀ ਰਾਜਨੀਤਕ ਸੂਝ ਦੇ ਉਨ੍ਹਾ ਦੇ ਸਿਰੇ ਦੇ ਸਿਆਸੀ ਵਿਰੋਧੀ ਵੀ ਕਾਇਲ ਸਨ। ਉਨ੍ਹਾ 2024 ਦੀਆਂ ਆਮ ਚੋਣਾਂ ਮੌਕੇ ਇੰਡੀਆ ਬਲਾਕ ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾਈ। ਹਾਲਾਂਕਿ ਉਸ ਵੇਲੇ ਉਨ੍ਹਾ ਇਹ ਗੱਲ ਕਹੀ ਸੀ ਕਿ ਅਸੀਂ ਇਸ ਦੇ ਅਹੁਦੇਦਾਰ ਨਹੀਂ, ਹਿੱਸੇਦਾਰ ਹੋਵਾਂਗੇ। ਉਨ੍ਹਾ ਇਸ ਮੌਕੇ ਕਿਹਾ ਸੀ ਕਿ ਪੂਰੇ ਯਤਨ ਕੀਤੇ ਜਾਣਗੇ ਕਿ ਵਿਰੋਧੀ ਵੋਟਾਂ ਦੀ ਵੰਡ ਨੂੰ ਰੋਕਿਆ ਜਾ ਸਕੇ। ਇਸ ਦਾ ਨਤੀਜਾ ਇਹ ਹੋਇਆ ਕਿ ਜਿਹੜੇ 400 ਪਾਰ ਦਾ ਨਾਅਰਾ ਲਾ ਰਹੇ ਸਨ, ਉਹ 240 ਸੀਟਾਂ ‘ਤੇ ਸਿਮਟ ਗਏ। ਉਹਨਾ ਕਿਹਾ ਕਿ ਭਾਜਪਾ-ਆਰ ਐੱਸ ਐੱਸ ਦਾ ਏਜੰਡਾ 400 ਪਾਰ ਦਾ ਨਾਅਰਾ ਦੇ ਕੇ ਦੇਸ਼ ਦੇ ਸੰਵਿਧਾਨ ਨੂੰ ਤੋੜ ਕੇ ਹਿੰਦੂ ਰਾਸ਼ਟਰ ਬਣਾਉਣਾ ਸੀ। ਕਾਮਰੇਡ ਯੇਚੁਰੀ ਦੂਰ-ਅੰਦੇਸ਼ੀ ਵਾਲੇ ਆਗੂ ਸਨ। ਜਦੋਂ ਰਾਮ ਮੰਦਰ ਦੇ ਉਦਘਾਟਨ ਦਾ ਸੱਦਾ ਪੱਤਰ ਪਾਰਟੀ ਨੂੰ ਮਿਲਿਆ ਤਾਂ ਉਨ੍ਹਾ ਇਸ ਦੇ ਜਵਾਬ ਵਿੱਚ ਕਿਹਾ ਕਿ ਦੇਸ਼ ਦੇ ਸੰਵਿਧਾਨ ਅਨੁਸਾਰ ਕੋਈ ਵੀ ਸਿਆਸੀ ਪਾਰਟੀ ਧਰਮ ਵਿੱਚ ਸਿੱਧਾ ਦਖ਼ਲ ਨਹੀਂ ਦੇ ਸਕਦੀ। ਉਨ੍ਹਾ ਉਦੋਂ ਇਹ ਵੀ ਕਿਹਾ ਸੀ ਕਿ ਇਹ ਸਟੇਟ ਸਪਾਂਸਰਡ ਸਮਾਗਮ ਹੈ। ਇਸ ਤੋਂ ਬਾਅਦ ਹੀ ਹੋਰਨਾਂ ਵਿਰੋਧੀ ਪਾਰਟੀਆਂ ਨੇ ਆਪਣਾ ਜਵਾਬ ਦਿੱਤਾ ਸੀ। 2014 ਵਿੱਚ ਜਦੋਂ ਮੋਦੀ ਸਰਕਾਰ ਭੂਮੀ ਅਧਿਗ੍ਰਹਿਣ ਬਿੱਲ ਲੈ ਕੇ ਆਈ ਤਾਂ ਇਸ ਨੂੰ ਲੋਕ ਸਭਾ ਵਿੱਚ ਪਾਸ ਕਰਨ ਮਗਰੋਂ ਦੋ ਵਾਰ ਰਾਜ ਸਭਾ ਵਿੱਚ ਪੇਸ਼ ਕੀਤਾ ਗਿਆ, ਪਰ ਕਾਮਰੇਡ ਯੇਚੁਰੀ ਵੱਲੋਂ ਵਿਰੋਧੀ ਮੈਂਬਰਾਂ ਦੀ ਲਾਮਬੰਦੀ ਕਾਰਨ ਇਹ ਰਾਜ ਸਭਾ ਵਿੱਚ ਪਾਸ ਨਹੀਂ ਹੋ ਸਕਿਆ। ਉਨ੍ਹਾ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਦੀ ਸੂਰਤ ਵਿੱਚ ਅਜਿਹਾ ਕਾਨੂੰਨ ਹੋਂਦ ਵਿੱਚ ਆ ਜਾਂਦਾ, ਜਿਸ ਨਾਲ ਕਿਸਾਨਾਂ ਦੀ 32.09, ਫ਼ੀਸਦੀ ਪ੍ਰਮੁੱਖ ਜ਼ਮੀਨ ਐਕਵਾਇਰ ਕਰ ਕੇ ਅੰਬਾਨੀਆਂ-ਅਡਾਨੀਆਂ ਨੂੰ ਦੇ ਦਿੱਤੀ ਜਾਂਦੀ। ਇਸ ਦੇ ਨਤੀਜੇ ਵਜੋਂ ਉਪਜ ਦੀ ਘਾਟ ਹੋ ਜਾਂਦੀ ਤੇ ਅਨਾਜ ਬਾਹਰੋਂ ਮੰਗਵਾਉਣਾ ਪੈਂਦਾ।
ਕਾਮਰੇਡ ਸੇਖੋਂ ਨੇ ਕਿਹਾ ਕਿ ਕਾਮਰੇਡ ਯੇਚੁਰੀ ਦੇ ਦੇਹਾਂਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਕਾਮਰੇਡ ਯੇਚੁਰੀ ਇੱਕ ਅਜਿਹੇ ਆਗੂ ਸਨ, ਜੋ ਆਪਣੇ ਵਿਰੋਧੀਆਂ ਨਾਲ ਵੀ ਸੰਵਾਦ ਰਚਾਉਣ ਦੀ ਸਮਰੱਥਾ ਰੱਖਦੇ ਸਨ। ਕਾਮਰੇਡ ਯੇਚੁਰੀ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਉਨ੍ਹਾ ਦੀ ਸੋਚ ਨੂੰ ਅਪਣਾਉਂਦਿਆਂ ਹੁਕਮਰਾਨਾਂ ਵੱਲੋਂ ਬਣਾਏ ਹਾਲਾਤ ਬਾਰੇ ਜਨਤਾ ਨੂੰ ਜਾਗਰੂਕ ਕਰ ਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇ।
ਪ੍ਰੋ.ਚਮਨ ਲਾਲ ਨੇ ਕਿਹਾ ਕਿ ਵਿਦਿਆਰਥੀ ਜੀਵਨ ਦੌਰਾਨ ਤੇ ਬਾਅਦ ਵਿੱਚ ਕਾਮਰੇਡ ਯੇਚੁਰੀ ਨੂੰ ਸੀਤਾ ਕਹਿ ਕੇ ਬੁਲਾਇਆ ਜਾਂਦਾ ਸੀ। ਉਨ੍ਹਾ ਦੀ ਕਾਮਰੇਡ ਯੇਚੁਰੀ ਨਾਲ ਬਹੁਤ ਸਾਂਝ ਰਹੀ। 1977 ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਦਾ ਚਾਂਸਲਰ ਦਾ ਅਹੁਦਾ ਉਸ ਸਮੇਂ ਦੀ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਕੋਲ ਹੁੰਦਾ ਸੀ। ਐਮਰਜੈਂਸੀ ਦੌਰਾਨ ਵਿਦਿਆਰਥੀਆਂ ਦੇ ਹੱਕਾਂ ਨੂੰ ਬੁਰੀ ਤਰ੍ਹਾਂ ਕੁਚਲਿਆ ਗਿਆ, ਇਸ ਦੇ ਵਿਰੋਧ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ, ਜਿਸ ਦੀ ਅਗਵਾਈ ਕਾਮਰੇਡ ਯੇਚੁਰੀ ਨੇ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਵਿਦਿਆਰਥੀਆਂ ਦੇ ਧਰਨੇ ਵਿੱਚ ਪਹੁੰਚੀ। ਇਸ ਦੌਰਾਨ ਕਾਮਰੇਡ ਯੇਚੁਰੀ ਨੇ ਮੈਮੋਰੰਡਮ ਪੜ੍ਹਿਆ, ਜਿਸ ਵਿੱਚ ਵਿਦਿਆਰਥੀਆਂ ‘ਤੇ ਜ਼ੁਲਮਾਂ ਦੀ ਗੱਲ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਪ੍ਰਧਾਨ ਮੰਤਰੀ ਨੂੰ ਯੂਨੀਵਰਸਿਟੀ ਦੇ ਚਾਂਸਲਰ ਦੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਇਹ ਸਭ ਸੁਣ ਕੇ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਗੁੱਸੇ ‘ਚ ਉੱਥੋਂ ਚਲੇ ਗਏ। ਅਗਲੇ ਦਿਨਾਂ ‘ਚ ਉਨ੍ਹਾ ਵੱਲੋਂ ਯੂਨੀਵਰਸਿਟੀ ਦੇ ਚਾਂਸਲਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ। ਪ੍ਰੋ. ਚਮਨ ਲਾਲ ਨੇ ਕਿਹਾ ਕਿ ਦੇਸ਼ ‘ਚ ਰਾਜ ਕਰ ਰਹੀ ਪਾਰਟੀ ਨੇ ਪਿਛਲੇ 12 ਸਾਲਾਂ ‘ਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਬਰਬਾਦ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਉਨ੍ਹਾ ਕਿਹਾ ਕਿ ਅੱਜ ਜੋ ਦੇਸ਼ ਦੇ ਹਾਲਾਤ ਹਨ, ਉਹ ਕਿਸੇ ਤੋਂ ਲੁਕੇ ਹੋਏ ਨਹੀਂ। ਅਜਿਹੇ ‘ਚ ਕਾਮਰੇਡ ਯੇਚੁਰੀ ਦੇ ਦੱਸੇ ਰਸਤੇ ‘ਤੇ ਚੱਲ ਕੇ ਸੰਘਰਸ਼ ਕਰਨਾ ਲਾਜ਼ਮੀ ਹੈ।
ਸੀ ਪੀ ਆਈ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਕਾਮਰੇਡ ਯੇਚੁਰੀ ਨੇ ਜਿਸ ਵਿਚਾਰਧਾਰਾ ਨੂੰ ਅਪਣਾਇਆ, ਉਨ੍ਹਾ ਆਖ਼ਰੀ ਸਾਹ ਤੱਕ ਉਸ ‘ਤੇ ਪਹਿਰਾ ਦਿੱਤਾ। ਉਨ੍ਹਾ ਦਾ ਦੂਜੀਆਂ ਸਿਆਸੀ ਵਿਰੋਧੀ ਪਾਰਟੀਆਂ ਵਿੱਚ ਵੀ ਪੂਰਾ ਸਤਿਕਾਰ ਸੀ। ਅੱਜ ਦੇਸ਼ ਦੇ ਜੋ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਹਾਲਾਤ ਹਨ, ਉਨ੍ਹਾਂ ਨੂੰ ਦੇਖਦਿਆਂ ਕਾਮਰੇਡ ਯੇਚੁਰੀ ਦੇ ਜੀਵਨ ਤੋਂ ਸੇਧ ਲੈਂਦਿਆਂ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਹੋਵੇਗਾ। ਉਨ੍ਹਾ ਕਿਹਾ ਕਿ ਭਾਜਪਾ-ਆਰ ਐੱਸ ਐੱਸ ਨੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ‘ਚ ਗ਼ੱਦਾਰਾਂ ਵਾਲਾ ਰੋਲ ਅਦਾ ਕੀਤਾ। ਇਨ੍ਹਾਂ ਵੱਲੋਂ ਜੋ ਅੱਜ ਨਫ਼ਰਤ ਦੇ ਕੰਡੇ ਬੀਜੇ ਜਾ ਰਹੇ ਹਨ, ਉਨ੍ਹਾਂ ਨੂੰ ਲਾਂਭੇ ਕਰਨਾ ਲਾਜ਼ਮੀ ਹੈ। ਉਨ੍ਹਾ ਕਿਹਾ ਕਿ ਬੇਸ਼ੱਕ ਖੱਬੇ-ਪੱਖੀਆਂ ਦੀ ਕੁਝ ਤਾਕਤ ਘਟੀ ਹੈ, ਪਰ ਇਤਿਹਾਸ ਦੱਸਦਾ ਹੈ ਕਿ ਖੱਬੇ-ਪੱਖੀਆਂ ਨੇ ਹਰੇਕ ਹਾਲਾਤ ਦਾ ਡਟ ਕੇ ਸਾਹਮਣਾ ਕੀਤਾ ਹੈ। ਪ੍ਰੋ. ਅਰਵਿੰਦ ਨੇ ਕਿਹਾ ਕਿ ਅੱਜ ਲੋੜ ਹੈ ਕਿ ਕਾਮਰੇਡ ਯੇਚੁਰੀ ਦੇ ਵਿਚਾਰਾਂ ਤੇ ਸਿੱਖਿਆ ਤੋਂ ਸੇਧ ਲੈ ਕੇ ਸੰਘਰਸ਼ ‘ਚ ਅੱਗੇ ਵਧਿਆ ਜਾਵੇ। ਉਨ੍ਹਾ ਕਿਹਾ ਕਿ ਉਨ੍ਹਾ ਦਾ ਪਰਵਾਰ 1940 ਤੋਂ ਖੱਬੇ-ਪੱਖੀ ਵਿਚਾਰਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾ ਨੂੰ ਕਾਮਰੇਡ ਯੇਚੁਰੀ ਨੂੰ ਸੁਣਨ ਦਾ ਮੌਕਾ 1987 ‘ਚ ਜਲੰਧਰ ਵਿਖੇ ਪਹਿਲੀ ਵਾਰ ਉਦੋਂ ਮਿਲਿਆ, ਜਦੋਂ ਉਹ ਐੱਸ ਐੱਫ਼ ਆਈ ਦੀ ਮੀਟਿੰਗ ਨੂੰ ਸੰਬੋਧਨ ਕਰਨ ਆਏ ਸਨ। ਉਨ੍ਹਾ ਉਸ ਮੌਕੇ ਦੇਸ਼ ਤੇ ਪੰਜਾਬ ਦੇ ਹਾਲਾਤ ਬਾਰੇ ਗੱਲ ਕਰਦਿਆਂ ਸਾਮਰਾਜ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ ਸੀ। ਉਨ੍ਹਾ ਕਿਹਾ ਕਿ ਕਾਮਰੇਡ ਯੇਚੁਰੀ ਨੇ ਵਿਦਿਆਰਥੀ ਜੀਵਨ ਦੌਰਾਨ ਵਿਦਿਆਰਥੀਆਂ ਨੂੰ ਲਾਮਬੰਦ ਕਰਕੇ ਉਨ੍ਹਾਂ ਦੇ ਹੱਕਾਂ ਲਈ ਸੰਘਰਸ਼ ਲੜਿਆ। ਉਨ੍ਹਾ ਕਿਹਾ ਕਿ ਅੱਜ ਵੀ ਹੁਕਮਰਾਨ ਉਸੇ ਤਰ੍ਹਾਂ ਦੇ ਹਾਲਾਤ ਪੈਦਾ ਕਰ ਰਹੇ ਹਨ, ਜਿਸ ਦੀ ਮਿਸਾਲ ਪਿਛਲੇ ਦਿਨੀ ਦਿੱਲੀ ਵਿਖੇ ਹੋਏ ਵਿਦਿਆਰਥੀਆਂ ਦੇ ਸੰਘਰਸ਼ ਤੋਂ ਮਿਲਦੀ ਹੈ। ਉਨ੍ਹਾ ਕਿਹਾ ਕਿ ਸਾਨੂੰ ਕਾਮਰੇਡ ਯੇਚੁਰੀ ਦੇ ਵਿਚਾਰਾਂ ਤੇ ਸਿੱਖਿਆ ਤੋਂ ਸੇਧ ਲੈ ਕੇ ਜਮਹੂਰੀ ਢੰਗ ਨਾਲ ਅੱਗੇ ਵਧਣਾ ਹੋਵੇਗਾ। ਇਸ ਲਈ ਵੱਖ-ਵੱਖ ਖੱਬੀਆਂ ਧਿਰਾਂ ਦੀ ਲਾਮਬੰਦੀ ਵੀ ਲਾਜ਼ਮੀ ਹੈ। ਉਨ੍ਹਾ ਕਿਹਾ ਕਿ ਜਿਸ ਤਰ੍ਹਾਂ ਕਾਮਰੇਡ ਯੇਚੁਰੀ ਨੇ ਕਾਮਰੇਡ ਸੁਰਜੀਤ ਦੇ ਰੋਲ ਨੂੰ ਬਰਕਰਾਰ ਰੱਖਿਆ, ਉਹ ਸਾਡੇ ਲਈ ਰਾਹ-ਦਸੇਰਾ ਹੈ।
ਗੁਰਦਰਸ਼ਨ ਸਿੰਘ ਖਾਸਪੁਰ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਕਾਮਰੇਡ ਯੇਚੁਰੀ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਦੌਰਾਨ ਸੀ ਪੀ ਆਈ (ਐੱਮ) ਦੇ ਸੂਬਾ ਦਫ਼ਤਰ ਸਕੱਤਰ ਆਰ ਐੱਲ ਮੌਦਗਿਲ ਨੇ ਵੀ ਕਾਮਰੇਡ ਸੀਤਾਰਾਮ ਯੇਚੁਰੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਸੂਬਾ ਸਕੱਤਰੇਤ ਮੈਂਬਰ ਮੇਜਰ ਸਿੰਘ ਭਿੱਖੀਵਿੰਡ, ਗੁਰਨੇਕ ਸਿੰਘ ਭੱਜਲ, ਅਬਦੁਲ ਸਤਾਰ, ਸਤਨਾਮ ਸਿੰਘ ਵੜੈਚ, ਸੁਖਪ੍ਰੀਤ ਸਿੰਘ ਜੌਹਲ, ਜਤਿੰਦਰਪਾਲ ਸਿੰਘ ਤੇ ਸੂਬਾ ਸਕੱਤਰੇਤ ਦੇ ਪਰਮਾਨੈਂਟ ਇਨਵਾਇਟੀ ਮੈਂਬਰ ਚਮਕੌਰ ਸਿੰਘ ਖੇੜੀ ਵੀ ਮੌਜੂਦ ਸਨ। ਸੈਮੀਨਾਰ ਦੇ ਅਖ਼ੀਰ ‘ਚ ਭੂਪ ਚੰਦ ਚੰਨੋ ਨੇ ਸਾਰਿਆਂ ਦਾ ਧੰਨਵਾਦ ਕੀਤਾ।





