ਦਿੱਲੀ ਰੈਲੀ ‘ਚ ਮੋਗਾ ਜ਼ਿਲ੍ਹਾ ਵੱਡੀ ਗਿਣਤੀ ‘ਚ ਹੋਵੇਗਾ ਸ਼ਾਮਲ : ਕੁਲਦੀਪ ਭੋਲਾ

0
7

ਮੋਗਾ (ਇਕਬਾਲ ਸਿੰਘ ਖਹਿਰਾ)
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ 6 ਅਗਸਤ ਤੋਂ 15 ਅਗਸਤ ਤੱਕ ਕੀਤੀ ਜਾ ਰਹੀ ਪਦ ਯਾਤਰਾ ਤਹਿਤ ਬਲਾਕ ਮੋਗਾ-1 ਵੱਲੋਂ ਪਿੰਡ ਚੂਹੜਚੱਕ, ਢੁੱਡੀਕੇ, ਅਜੀਤਵਾਲ, ਮਟਵਾਣੀ, ਨੱਥੂਵਾਲਾ, ਝੰਡੇਆਣਾ, ਤਖਾਣਵੱਧ, ਡਾਲਾ, ਬਹੋਨਾ, ਬੁੱਟਰ, ਮਹਿਰੋਂ, ਰਾਮੂੰਵਾਲਾ ਨਵਾਂ, ਰਾਮੂੰਵਾਲਾ, ਹਰਚੋਕੇ ਵਿੱਚ ਜਨ-ਸੰਪਰਕ ਮੁਹਿੰਮ ਤਹਿਤ ਮੀਟਿੰਗਾਂ ਕੀਤੀਆਂ ਗਈਆਂ। ਇਸ ਜਥੇ ਦੀ ਅਗਵਾਈ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ, ਜਗਜੀਤ ਸਿੰਘ ਧੂੜਕੋਟ ਮੈਂਬਰ ਕੰਟਰੋਲ ਕਮਿਸ਼ਨ ਸੀ ਪੀ ਆਈ, ਸਹਾਇਕ ਸਕੱਤਰ ਡਾ. ਇੰਦਰਵੀਰ ਗਿੱਲ, ਬਲਾਕ ਸਕੱਤਰ ਸਵਰਾਜ ਢੁਡੀਕੇ ਅਤੇ ਬਲਾਕ ਸਹਾਇਕ ਸਕੱਤਰ ਇਕਬਾਲ ਤਖਾਣਵੱਧ ਨੇ ਕੀਤੀ।ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕੀਤਾ ਹੈ। ਮਹਿੰਗਾਈ ਕਾਰਨ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਮਹਿੰਗੀਆਂ ਹੋ ਰਹੀਆਂ ਹਨ, ਜਦਕਿ ਨੌਜਵਾਨਾਂ ਲਈ ਪੱਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਸਰਕਾਰ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੱਡੀ ਵਸੋਂ ਅੱਜ ਰੁਜ਼ਗਾਰ, ਮਹਿੰਗਾਈ ਅਤੇ ਆਮਦਨ ਨਾਲ ਜੁੜੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ।
ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੀ ਬਜਾਏ ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਦੀ ਭਲਾਈ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਨ, ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਲੋਕਾਂ ਲਈ ਸਿੱਖਿਆ ਤੇ ਸਿਹਤ ਦੀਆਂ ਬਿਹਤਰ ਸਹੂਲਤਾਂ ਯਕੀਨੀ ਬਣਾਉਣ ਦੀ ਲੋੜ ਹੈ। ਇਕਬਾਲ ਤਖਾਣਵੱਧ, ਗੁਰਦਿੱਤ ਦੀਨਾ ਅਤੇ ਇੰਜੀਨੀਅਰ ਸਵਰਨ ਖੋਸਾ ਨੇ ਕਿਹਾ ਕਿ ਪਦ ਯਾਤਰਾ ਰਾਹੀਂ ਪਾਰਟੀ ਵੱਲੋਂ ਪਿੰਡਾਂ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਬਾਰੇ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਜਨਤਕ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਲਈ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ।
ਬੋਹੜ ਬੁੱਟਰ ਨੇ ਕਿਹਾ ਕਿ ਦੇਸ਼ ਦੀ ਤਰੱਕੀ ਦਾ ਅਸਲ ਪੈਮਾਨਾ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਹੈ। ਉਨ੍ਹਾ ਕਿਹਾ ਕਿ ਮਜ਼ਦੂਰਾਂ ਨੂੰ ਪੂਰਾ ਰੁਜ਼ਗਾਰ, ਮਿਹਨਤ ਦਾ ਵਾਜਬ ਮੁੱਲ ਅਤੇ ਸਮੇਂ ਸਿਰ ਮਜ਼ਦੂਰੀ ਮਿਲਣੀ ਚਾਹੀਦੀ ਹੈ। ਮਨਰੇਗਾ ਮਜ਼ਦੂਰਾਂ ਲਈ ਕੰਮ ਦੇ ਦਿਨ ਵਧਾਉਣ ਅਤੇ ਸਮੇਂ ਸਿਰ ਮਜ਼ਦੂਰੀ ਦੇਣ ਦੀ ਵੀ ਉਨ੍ਹਾਂ ਮੰਗ ਕੀਤੀ ਅਤੇ 1 ਸਤੰਬਰ ਨੂੰ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿੱਚ ਹੋ ਰਹੀ ਰੈਲੀ ਵਿਚ ਪਹੁੰਚਣ ਦੀ ਅਪੀਲ ਕੀਤੀ। ਆਗੂਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਪਦ ਯਾਤਰਾ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ।ਇਸ ਮੌਕੇ ਪਾਰਟੀ ਦੇ ਆਗੂ ਹਰਪ੍ਰੀਤ ਡਾਲਾ, ਜਗਮੇਲ ਸਿੰਘ ਢੁੱਡੀਕੇ, ਮਨਮੋਹਨ ਰਾਜੂ, ਸੁਰਜੀਤ ਸਿੰਘ ਤਖਾਣਵੱਧ ਆਦਿ ਹਾਜ਼ਰ ਸਨ।