ਬੀਤੇ ਵਾਂਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਆਜ਼ਾਦੀ ਦਿਵਸ ‘ਤੇ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਅੱਗੇ ਕੋਈ ਉਸਾਰੂ ਨਜ਼ਰੀਆ ਪੇਸ਼ ਕਰਨ ਦੀ ਥਾਂ ਚੋਣ ਭਾਸ਼ਣ ਹੀ ਦਿੱਤਾ। ਅੰਦੋਲਨਜੀਵੀ ਤੇ ਪਰਜੀਵੀ ਵਰਗੇ ਲਕਬਾਂ ਨਾਲ ਆਪੋਜ਼ੀਸ਼ਨ ਨੂੰ ਭੰਡਣ ਵਾਲੇ ਮੋਦੀ ਨੇ ਐਤਕੀਂ ‘ਦਿਮਾਗੀ ਨਕਸਲ’ ਸ਼ਬਦ ਕੱਢ ਲਿਆਂਦਾ। ਪ੍ਰਧਾਨ ਮੰਤਰੀ ਨੇ ਕਿਹਾ-ਹਤਿਆਰੇ ਨਕਸਲੀ ਤਾਂ ਖਤਮ ਕਰ ਦਿੱਤੇ, ਪਰ ਇਹ ਦਿਮਾਗੀ ਨਕਸਲ ਅਰਾਜਕਤਾ ਪੈਦਾ ਕਰਨ ਲਈ ਮੌਕੇ ਦੀ ਤਲਾਸ਼ ‘ਚ ਹਨ। ਮੋਦੀ ਨੇ ਪਹਿਲਾਂ ਵੀ ਵਾਰ-ਵਾਰ ‘ਸ਼ਹਿਰੀ ਨਕਸਲੀਆਂ’ ਦਾ ਜ਼ਿਕਰ ਕੀਤਾ ਹੈ-ਮੁੱਖ ਤੌਰ ‘ਤੇ ਸਥਾਪਤੀ ਵਿਰੋਧੀ ਅਤੇ ਖੱਬੇ-ਪੱਖੀ ਝੁਕਾਅ ਵਾਲੇ ਸਿੱਖਿਆ ਸ਼ਾਸਤਰੀਆਂ, ਪੱਤਰਕਾਰਾਂ, ਕਾਰਕੁਨਾਂ ਅਤੇ ਵਕੀਲਾਂ ਨੂੰ ਨਿਸ਼ਾਨਾ ਬਣਾਉਣ ਲਈ, ਪਰ ਇਹ ਪਹਿਲੀ ਵਾਰ ਹੈ, ਜਦੋਂ ਉਨ੍ਹਾ ‘ਦਿਮਾਗੀ ਨਕਸਲ’ ਸ਼ਬਦ ਦੀ ਵਰਤੋਂ ਕੀਤੀ। ਉਨ੍ਹਾ ਕਿਹਾ ਕਿ ਮਾਓਵਾਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕਾਂ ਨੇ ਸੱਤਾ ਦੇ ਗਲਿਆਰਿਆਂ ਵਿੱਚ ਆਪਣੇ-ਆਪ ਨੂੰ ਸਥਾਪਤ ਕੀਤਾ ਹੈ ਅਤੇ ਨੀਤੀ ਨਿਰਮਾਣ ਨੂੰ ਪ੍ਰਭਾਵਤ ਕੀਤਾ ਹੈ, ਜਿਸ ਵਿੱਚ ‘ਸਰਕਾਰੀ ਕਮੇਟੀਆਂ ਵਿੱਚ ਸਲਾਹਕਾਰਾਂ’ ਦੀ ਭੂਮਿਕਾ ਵੀ ਸ਼ਾਮਲ ਹੈ। ਉਨ੍ਹਾ ਦਾਅਵਾ ਕੀਤਾ, ‘ਅਸੀਂ ਜੰਗਲਾਂ ਤੋਂ ਹਥਿਆਰਬੰਦ ਨਕਸਲੀਆਂ ਨੂੰ ਖਤਮ ਕਰਨ ਅਤੇ ਦੇਸ਼ ਨੂੰ ਗੰਭੀਰ ਖਤਰੇ ਤੋਂ ਮੁਕਤ ਕਰਨ ਵਿੱਚ ਸਫਲ ਹੋਏ ਹਾਂ, ਪਰ ਇਹ ਵਿਚਾਰਧਾਰਕ ਨਕਸਲੀ ਮੌਕਿਆਂ ਦੀ ਉਡੀਕ ਕਰ ਰਹੇ ਹਨ। ਉਹ ਹਿੰਸਾ ਅਤੇ ਅਰਾਜਕਤਾ ਦੇ ਰਾਹਾਂ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ… ਸਾਨੂੰ ਇਨ੍ਹਾਂ ਵਿਚਾਰਧਾਰਕ ਨਕਸਲੀਆਂ ਦੀ ਪਛਾਣ ਕਰਨੀ ਪੈਣੀ ਹੈ ਅਤੇ ਉਨ੍ਹਾਂ ਨੂੰ ਅਲੱਗ-ਥਲੱਗ ਕਰਨਾ ਪੈਣਾ ਹੈ।’
ਭਾਜਪਾ ਨੇ ਸ਼ੁਰੂ ਵਿੱਚ ਕਾਕਰੋਚ ਜਨਤਾ ਪਾਰਟੀ ਦੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨ ਨੂੰ ਭਾਰਤ ਵਿੱਚ ਅਰਾਜਕਤਾ ਫੈਲਾਉਣ ਲਈ ਇੱਕ ਬਾਹਰੀ ‘ਗਲੋਬਲ ਟੂਲਕਿੱਟ’ ਵੱਲੋਂ ਚਲਾਏ ਜਾ ਰਹੇ ਪ੍ਰਦਰਸ਼ਨ ਵਜੋਂ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ। ਬਾਅਦ ਵਿੱਚ ਇਹ ਸਪੱਸ਼ਟ ਹੋਣ ਤੋਂ ਬਾਅਦ ਕਿ ਬਹੁਤ ਸਾਰੇ ਪ੍ਰਦਰਸ਼ਨਕਾਰੀ ਭਾਜਪਾ-ਪੱਖੀ ਪਰਵਾਰਾਂ ਤੋਂ ਹਨ, ਉਸ ਨੇ ਗੇਅਰ ਬਦਲ ਲਿਆ।
ਕਾਕਰੋਚ ਜਨਤਾ ਪਾਰਟੀ ਵੱਲੋਂ ਪੇਪਰ ਲੀਕ ਨੂੰ ਲੈ ਕੇ ਚਲਾਏ ਗਏ ਅੰਦੋਲਨ ਵਿੱਚ ਖੱਬੇ-ਪੱਖੀ ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਅਤੇ ਸਮਾਜ ਦੇ ਹੋਰ ਵਰਗਾਂ ਦੇ ਲੋਕਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਸੀ। ਸ਼ੁਰੂ ਵਿੱਚ ਬੇਪਰਵਾਹ ਰਹੀ ਮੋਦੀ ਸਰਕਾਰ ਨੂੰ ਆਖਰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੀ ਬਲੀ ਦੇਣੀ ਪਈ ਸੀ। ਹੁਣ ਤੱਕ ਕਿਸੇ ਦੀ ਗੱਲ ਨਾ ਮੰਨਣ ਵਾਲੇ ਪ੍ਰਧਾਨ ਮੰਤਰੀ ਲਈ ਕਿਸਾਨ ਅੰਦੋਲਨ ਤੋਂ ਬਾਅਦ ਇਹ ਸਭ ਤੋਂ ਵੱਡੀ ਨਮੋਸ਼ੀ ਸੀ। ‘ਦਿਮਾਗੀ ਨਕਸਲ’ ਕਹਿਣ ਵਾਲੇ ਪ੍ਰਧਾਨ ਮੰਤਰੀ ਇਸ ਨਮੋਸ਼ੀ ਨੂੰ ਸਹਿ ਨਹੀਂ ਪਾ ਰਹੇ, ਪਰ ਉਨ੍ਹਾ ਨੂੰ ਇਹ ਮੰਨਣਾ ਪੈਣਾ ਹੈ ਕਿ ਪੜ੍ਹੇ-ਲਿਖੇ ਨੌਜਵਾਨਾਂ ਨੂੰ ਸਿਰਫ ਸਰਕਾਰ ‘ਤੇ ਸਵਾਲ ਉਠਾਉਣ ਲਈ ਨਕਸਲੀ ਕਹਿ ਕੇ ਉਹ ਬਦਨਾਮ ਨਹੀਂ ਕਰ ਸਕਦੇ। ਸ਼ਾਇਦ 12 ਸਾਲਾਂ ਬਾਅਦ, ਐਤਕੀਂ ਦੇਸ਼ ਨੇ ‘ਆਪਣੇ ਅਸਲ ਅਰਥਾਂ ਵਿੱਚ’ ਆਜ਼ਾਦੀ ਦਿਵਸ ਮਨਾਇਆ, ਕਿਉਂਕਿ ਲੋਕ ਆਖਰਕਾਰ ਸਰਕਾਰੀ ਡਰ ਤੋਂ ਆਜ਼ਾਦ ਹੋ ਗਏ ਹਨ। ਇੱਕ ਪੀੜ੍ਹੀ, ਜਿਸ ਨੂੰ ਚੁੱਪ ਰਹਿਣ ਲਈ ਕਿਹਾ ਗਿਆ ਸੀ, ਨੇ ਆਪਣੀ ਆਵਾਜ਼ ਅਤੇ ਮਾਧਿਅਮ ਲੱਭ ਲਿਆ, ਜਦੋਂ ਕਿ ਇੱਕ ਪੀੜ੍ਹੀ, ਜਿਸ ਨੂੰ ਕਿਹਾ ਗਿਆ ਸੀ ਕਿ ਕੁਝ ਵੀ ਨਹੀਂ ਬਦਲੇਗਾ, ਨੇ ਦੁਬਾਰਾ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਹੈ। ਜਾਗਰੂਕਤਾ ਦਾ ਯੁੱਗ ਸ਼ੁਰੂ ਹੋ ਗਿਆ ਹੈ। ਸ਼ਾਂਤਮਈ ਵਿਰੋਧ ਦਾ ਯੁੱਗ ਸ਼ੁਰੂ ਹੋ ਗਿਆ ਹੈ। ਲੋਕ ਹੌਲੀ-ਹੌਲੀ ‘ਪੁਰਾਣੇ, ਭ੍ਰਿਸ਼ਟ, ਅਯੋਗ ਅਤੇ ਹੰਕਾਰੀ’ ਨੂੰ ਬੇਦਖਲ ਕਰ ਦੇਣਗੇ। ਮਨ ਹੁਣ ਡਰ ਤੋਂ ਰਹਿਤ ਹੈ ਅਤੇ ਪਿੱਛੇ ਮੁੜਨ ਦੀ ਕੋਈ ਸੰਭਾਵਨਾ ਨਹੀਂ।



