ਆਜ਼ਾਦੀ ਅੰਦੋਲਨ ਨੂੰ ਢਾਹ ਲਾਉਣ ਵਾਲੇ ਰਾਜ-ਭਾਗ ਦੇ ਮਾਲਕ ਬਣੀ ਬੈਠੇ : ਅਰਸ਼ੀ

0
7

ਧਿਆਨਪੁਰ (ਨ ਜ਼ ਸ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਜ਼ਾਦੀ ਦਿਹਾੜਾ ਧਿਆਨਪੁਰ ਦੇ ਸ੍ਰੀ ਬਾਵਾ ਲਾਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਸ਼ਟਰੀ ਝੰਡਾ ਲਹਿਰਾ ਕੇ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਨਿਭਾਈ। ਰਾਸ਼ਟਰੀ ਝੰਡੇ ਨੂੰ ਪੁਲਸ ਦੀ ਟੁਕੜੀ ਨੇ ਸਲਾਮੀ ਦਿੱਤੀ। ਇਸ ਤੋਂ ਬਾਅਦ ਪਾਰਟੀ ਵੱਲੋਂ ਕੀਤੀ ਗਈ ਰਾਜਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਰਸ਼ੀ ਨੇ ਦੇਸ਼ ਦੇ ਮੌਜੂਦਾ ਹਾਲਤਾਂ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਅਨੇਕਾਂ ਦੇਸ਼ ਭਗਤਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਨੂੰ ਵਿਦੇਸ਼ੀ ਹਾਕਮਾਂ ਤੋਂ ਅਜ਼ਾਦ ਕਰਵਾਇਆ ਸੀ, ਪਰੰਤੂ ਅੱਜ ਦੇਸ਼ ਦੀ ਵਾਗਡੋਰ ਉਹਨਾਂ ਤਾਕਤਾਂ ਭਾਜਪਾ, ਆਰ ਐੱਸ ਐੱਸ ਦੇ ਹੱਥਾਂ ਵਿੱਚ ਹੈ, ਜਿਹਨਾਂ ਦਾ ਅਜ਼ਾਦੀ ਦੇ ਅੰਦੋਲਨ ਅੰਦਰ ਕੋਈ ਰੋਲ ਨਹੀਂ ਸੀ। ਉਲਟਾ ਇਹ ਤਾਕਤਾਂ ਅੰਗਰੇਜ਼ਾਂ ਦੀਆਂ ਪਿੱਠੂ ਬਣ ਕੇ ਅਜ਼ਾਦੀ ਅੰਦੋਲਨ ਨੂੰ ਢਾਹ ਲਾਉਂਦੀਆਂ ਰਹੀਆਂ। ਇਹਨਾਂ ਤਾਕਤਾਂ ਦੀ ਅਗਵਾਈ ਹੇਠ ਅੱਜ ਦੇਸ਼ ਦੇ ਸੰਵਿਧਾਨ ਨੂੰ ਖਤਰਾ ਬਣਿਆ ਹੋਇਆ ਹੈ। ਦੇਸ਼ ਦੇ ਸਾਰੇ ਜਮਹੂਰੀ ਅਦਾਰਿਆਂ ਅਤੇ ਕੇਂਦਰੀ ਏਜੰਸੀਆਂ ‘ਤੇ ਕਬਜਾ ਕਰਕੇ ਹੁਣ ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਲਈ ਇਹਨਾਂ ਤਾਕਤਾਂ ਵਿਰੁੱਧ ਪਾਰਟੀ ਵੱਲੋਂ 1 ਸਤੰਬਰ ਨੂੰ ਦਿੱਲੀ ਵਿਖੇ ਵੱਡੀ ਰੈਲੀ ਰਾਮਲੀਲ੍ਹਾ ਗਰਾਊਂਡ ਵਿਖੇ ਕੀਤੀ ਜਾ ਰਹੀ ਹੈ। ਉਨ੍ਹਾ ਰੈਲੀ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਟਰੇਡ ਯੂਨੀਅਨ ਆਗੂ ਅਮਰਜੀਤ ਸਿੰਘ ਆਸਲ ਨੇ ਆਪਣੇ ਸੰਬੋਧਨ ਵਿੱਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ-ਮੁਲਾਜਮਾਂ ਨਾਲ ਕੀਤੀ ਜਾ ਰਹੀ ਧੱਕੇਸਾਹੀ ਅਤੇ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਮਜ਼ਦੂਰਾਂ ਦੇ ਲੇਬਰ ਲਾਅ ਨੂੰ ਬਦਲਣ ਅਤੇ ਮਨਰੇਗਾ ਕਨੂੰਨ ਨੂੰ ਮੁੜ ਬਹਾਲ ਕਰਨ ਦੀ ਗੱਲ ਕੀਤੀ। ਕਿਸਾਨ ਆਗੂ ਲਖਬੀਰ ਸਿੰਘ ਨਿਜ਼ਾਮਪੁਰ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਭਾਰਤ ਦੀ ਖੇਤੀਬਾੜੀ ‘ਤੇ ਪੈਣ ਵਾਲੇ ਪ੍ਰਭਾਵ, ਬਿਜਲੀ ਕਨੂੰਨ ਅਤੇ ਬੀਜ ਕਨੂੰਨ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਇਹਨਾਂ ਲੋਕ ਵਿਰੋਧੀ ਕਦਮਾਂ ਤੋਂ ਬਾਜ ਆਵੇ।
ਇਸ ਤੋਂ ਇਲਾਵਾ ਉਹਨਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਮਸਲਿਆਂ—ਦਰਿਆਈ ਪਾਣੀਆ ਦੀ ਸਹੀ ਵੰਡ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉੱਪਰ ਪੰਜਾਬ ਦਾ ਹੱਕ ਬਹਾਲ ਕਰਨ, ਚੰਡੀਗੜ੍ਹ ਯੂਨੀਵਰਿਸਟੀ ਅਤੇ ਚੰਡੀਗੜ੍ਹ ਰਾਜਧਾਨੀ ਪੰਜਾਬ ਹਵਾਲੇ ਕਰਨ ਵਾਸਤੇ 1 ਸਤੰਬਰ ਤੋਂ 7 ਸਤੰਬਰ ਤੱਕ ਚੰਡੀਗੜ੍ਹ ਵਿਖੇ ਲੱਗਣ ਵਾਲੇ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਇਸ ਕਾਨਫਰੰਸ ਨੂੰ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਗੁਲਜਾਰ ਸਿੰਘ ਬਸੰਤਕੋਟ, ਬਲਬੀਰ ਸਿੰਘ ਕੱਤੋਵਾਲ, ਬਲਦੇਵ ਸਿੰਘ ਖਹਿਰਾ ਅਤੇ ਸੁਖਦੇਵ ਸਿੰਘ ਊਧੋਵਾਲੀ ਨੇ ਸੰਬੋਧਨ ਕੀਤਾ। ਕਾਨਫਰੰਸ ਅੰਦਰ ਪੰਜਾਬੀ ਦੇ ਉਘੇ ਵਿਦਵਾਨ ਅਤੇ ਲੇਖਕ ਡਾਕਟਰ ਅਨੂਪ ਸਿੰਘ ਬਟਾਲਾ ਅਤੇ ਕਰਨੈਲ ਸਿੰਘ ਸ਼ਮਸ਼ੇਰਪੁਰ ਨੂੰ ਸਨਮਾਨਤ ਕੀਤਾ ਗਿਆ । ਕਾਨਫਰੰਸ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਹਰਜੀਤ ਸਿੰਘ ਕਲਾਨੌਰ, ਦਿਲਬਾਗ ਸਿੰਘ ਡੋਗਰ, ਬਲਬੀਰ ਸਿੰਘ ਰੰਧਾਵਾ ਤੋਂ ਇਲਾਵਾ ਜਸਵਿੰਦਰ ਸਿੰਘ ਅਠਵਾਲ, ਜਗਜੀਤ ਸਿੰਘ ਅਲੂਣਾ, ਸੁਭਾਸ਼ ਕੈਰੇ, ਹਰਚਰਨ ਸਿੰਘ ਔਜਲਾ, ਨੌਜਵਾਨ ਆਗੂ ਰਕੇਸ਼ ਕੁਮਾਰ, ਰਣਜੀਤ ਸਿੰਘ ਹਰਗੋਬਿੰਦਪੁਰ, ਜੋਗਿੰਦਰ ਸਿੰਘ ਖੰਨਾ ਚਮਾਰਾ, ਸਰੂਪ ਸਿੰਘ ਸ਼ਾਹਪੁਰ ਜਾਜਨ, ਦਵਿੰਦਰ ਸਿੰਘ, ਅਮਨਜੋਤ ਸਿੰਘ, ਦਿਲਬਾਗ ਸਿੰਘ, ਰਣਜੀਤ ਸਿੰਘ ਘਣੀਏਕੇ ਬਾਂਗਰ, ਗੁਰਬਖਸ਼ ਸਿੰਘ, ਜਤਿੰਦਰ ਸਿੰਘ ਪ੍ਰਧਾਨ ਬਟਾਲਾ ਰੋਡਵੇਜ਼, ਜਰਨੈਲ ਸਿੰਘ ਸਠਿਆਲੀ ਕਾਹਨੂੰਵਾਨ, ਅਸ਼ਵਨੀ ਕੁਮਾਰ ਲੱਖਣ ਕਲਾਂ ਆਦਿ ਆਪਣੇ ਸਾਥੀਆਂ ਨਾਲ ਪਹੁੰਚੇ ਹੋਏ ਸਨ।