ਇਮਰਾਨ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਉਣ ਦੇ ਆਦੇਸ਼

0
15

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਵੱਡੀ ਰਾਹਤ ਦਿੰਦਿਆਂ ਦੇਸ਼ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਜੇਲ੍ਹ ਵਿੱਚੋਂ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਤਬਦੀਲ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਦਾ ਇਹ ਫ਼ੈਸਲਾ ਇਮਰਾਨ ਦੀ ਵਿਗੜਦੀ ਸਿਹਤ ਨੂੰ ਲੈ ਕੇ ਉੱਠ ਰਹੀਆਂ ਚਿੰਤਾਵਾਂ ਦੇ ਵਿਚਕਾਰ ਆਇਆ ਹੈ। ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰ ਕਾਫ਼ੀ ਸਮੇਂ ਤੋਂ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਮੰਗ ਕਰ ਰਹੇ ਸਨ, ਜਿਸ ਦਾ ਅਦਾਲਤ ਨੇ ਨੋਟਿਸ ਲਿਆ ਹੈ। ਪਾਰਟੀ ਦੇ ਬੁਲਾਰੇ ਨਈਮ ਹੈਦਰ ਪੰਜੁਥਾ ਅਨੁਸਾਰ, ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਹੈ ਕਿ ਇਮਰਾਨ ਖ਼ਾਨ ਨੂੰ ਅਗਲੇ 48 ਘੰਟਿਆਂ ਦੇ ਅੰਦਰ ਸ਼ਿਫ਼ਾ ਇੰਟਰਨੈਸ਼ਨਲ ਹਸਪਤਾਲ ਵਿੱਚ ਸ਼ਿਫ਼ਟ ਕੀਤਾ ਜਾਵੇ। ਅਦਾਲਤ ਨੇ ਕਿਹਾ ਹੈ ਕਿ ਇਮਰਾਨ 16 ਸਤੰਬਰ ਤੱਕ ਇਸੇ ਹਸਪਤਾਲ ਵਿੱਚ ਦਾਖ਼ਲ ਰਹਿਣਗੇ।
ਸਤੀਸ਼ ਪੂਨੀਆ ਬਣੇ ਪੰਜਾਬ ਭਾਜਪਾ ਦੇ ਨਵੇਂ ਇੰਚਾਰਜ
ਚੰਡੀਗੜ੍ਹ : ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਫੇਰਬਦਲ ਕਰਦਿਆਂ ਰਾਜਸਥਾਨ ਦੇ ਆਗੂ ਸਤੀਸ਼ ਪੂਨੀਆ ਨੂੰ ਪੰਜਾਬ ਦਾ ਭਾਜਪਾ ਇੰਚਾਰਜ ਨਿਯੁਕਤ ਕੀਤਾ ਹੈ। ਉਹ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਪਰਦੇ ਪਿੱਛੇ ਰਹਿ ਕੇ ਪੰਜਾਬ ਭਾਜਪਾ ਦਾ ਕੰਮ ਦੇਖ ਰਹੇ ਸਨ। ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਸਨ, ਜਿਨ੍ਹਾਂ ਦੀ 12 ਜੂਨ 2025 ਨੂੰ ਏਅਰ ਇੰਡੀਆ ਦੀ ਉਡਾਣ ਦੇ ਹਾਦਸਾਗ੍ਰਸਤ ਹੋਣ ਕਾਰਨ ਮੌਤ ਹੋ ਗਈ ਸੀ।
ਮਸਕ ਨੂੰ ਮੰਨਣਾ ਪਵੇਗਾ ਭਾਰਤੀ ਕਾਨੂੰਨ
ਨਵੀਂ ਦਿੱਲੀ : ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਦੇ ਨਵੇਂ ਨਿਯਮ, ਜਿਸ ਤਹਿਤ ਕਿਸੇ ਵੀ ਸਰਕਾਰ ਵੱਲੋਂ ਕੰਟੈਂਟ ਹਟਾਉਣ ਦੀ ਮੰਗ ਨੂੰ ਜਨਤਕ ਕੀਤਾ ਜਾਵੇਗਾ, ‘ਤੇ ਸਰਕਾਰੀ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਐਕਸ ਨੂੰ ਦੇਸ਼ ਦਾ ਕਾਨੂੰਨ ਮੰਨਣਾ ਪਵੇਗਾ। ਐਲਨ ਮਸਕ ਨੇ ਸ਼ਨਿੱਚਰਵਾਰ ਨੂੰ ਐਕਸ ਵਿੱਚ ਸ਼ਾਮਲ ਕੀਤੇ ਗਏ ਇੱਕ ਨਵੇਂ ਐਲਗੋਰਿਦਮ ਬਾਰੇ ਬਿਆਨ ਸਾਂਝਾ ਕਰਦਿਆਂ ਕਿਹਾ ਸੀ ਕਿ ”ਸਰਕਾਰਾਂ ਵੱਲੋਂ ਮੰਗੀ ਗਈ ਕੋਈ ਵੀ ਸੈਂਸਰਸ਼ਿਪ ਹੁਣ ਸਾਫ਼ ਤੌਰ ‘ਤੇ ਦਿਖਾਈ ਦੇਵੇਗੀ।” ਇਸ ਕਦਮ ਦੇ ਹਿੱਸੇ ਵਜੋਂ ਐਕਸ ਯੂਜ਼ਰਸ ਇਹ ਦੇਖ ਸਕਣਗੇ ਕਿ ਸਰਕਾਰ ਕਦੋਂ ਕਿਸੇ ਪੋਸਟ ਨੂੰ ਹਟਾਉਣ ਦੀ ਮੰਗ ਕਰਦੀ ਹੈ ਜਾਂ ਯੂਜ਼ਰ ਅਕਾਊਂਟਸ ‘ਤੇ ਪਾਬੰਦੀਆਂ ਲਗਾਉਣ ਦੀ ਬੇਨਤੀ ਕਰਦੀ ਹੈ।