ਫਿਰ ਫ਼ਰਲੋ ‘ਤੇ

0
12

ਰੋਹਤਕ : ਸਾਧਵੀਆਂ ਨਾਲ ਜਬਰ-ਜ਼ਨਾਹ ਦੇ ਮਾਮਲੇ ਵਿੱਚ 20 ਸਾਲ ਦੀ ਕੈਦ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਮੰਗਲਵਾਰ ਸਵੇਰੇ ਰੋਹਤਕ ਦੇ ਪਿੰਡ ਸੁਨਾਰੀਆ ਸਥਿਤ ਜ਼ਿਲ੍ਹਾ ਜੇਲ੍ਹ ਵਿੱਚੋਂ 21 ਦਿਨਾਂ ਦੀ ਫ਼ਰਲੋ ‘ਤੇ ਬਾਹਰ ਆ ਗਿਆ। ਸਜ਼ਾ ਸੁਣਾਏ ਜਾਣ ਤੋਂ ਬਾਅਦ ਇਹ 17ਵਾਂ ਮੌਕਾ ਹੈ, ਜਦੋਂ ਉਸ ਨੂੰ ਫ਼ਰਲੋ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਸ ਨੂੰ ਜਨਵਰੀ ‘ਚ 40 ਦਿਨਾਂ ਦੀ ਤੇ ਮਈ ਮਹੀਨੇ ਵਿੱਚ 30 ਦਿਨਾਂ ਦੀ ਫ਼ਰਲੋ ਦਿੱਤੀ ਗਈ ਸੀ।
ਚੁੰਮਣ ਮਹਿੰਗੇ ਪਏ
ਚੰਡੀਗੜ੍ਹ : ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦੀ ਕਾਹਲੀ ਕਈ ਵਾਰ ਲੋਕਾਂ ਨੂੰ ਕਿਵੇਂ ਮਹਿੰਗੀ ਪੈ ਜਾਂਦੀ ਹੈ, ਇਸ ਦੀ ਇੱਕ ਤਾਜ਼ਾ ਮਿਸਾਲ ਗਵਾਲੀਅਰ ਵਿੱਚ ਦੇਖਣ ਨੂੰ ਮਿਲੀ ਹੈ। ਇੱਥੇ ਇੱਕ ਕੰਟੈਂਟ ਕ੍ਰੀਏਟਰ ਨੇ ਆਪਣੀ ਕਾਰ ਨੂੰ ਹਜ਼ਾਰਾਂ ਚੁੰਮਣਾਂ ਨਾਲ ਸਜਾ ਕੇ ਰੀਲ੍ਹ ਤਾਂ ਵਾਇਰਲ ਕਰ ਲਈ, ਪਰ ਇਸ ਸਟੰਟ ਨੂੰ ਪੁਲਸ ਨੇ ਗੰਭੀਰਤਾ ਨਾਲ ਲੈਂਦਿਆਂ ਉਸ ਨੂੰ ਮੋਟਾ ਜੁਰਮਾਨਾ ਲਗਾ ਦਿੱਤਾ ਅਤੇ ਖੁਦ ਥਾਣੇ ਵਿੱਚ ਨਿਸ਼ਾਨ ਸਾਫ਼ ਕਰਨ ਲਈ ਮਜਬੂਰ ਹੋਣਾ ਪਿਆ। ਇੱਕ ਆਮ ਸਵਿਫਟ ਕਾਰ ਨੂੰ ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਸਨਸਨੀ ਬਣਾਉਣ ਲਈ ਆਪਣੀ ਪ੍ਰੇਮਿਕਾ ਦੀਆਂ 3,400 ਚੁੰਮੀਆਂ ਨਾਲ ਸਜਾਇਆ, ਜਿਸ ‘ਤੇ ਸਾਢੇ ਤਿੰਨ ਘੰਟੇ ਅਤੇ 900 ਰੁਪਏ ਦੀ ਲਿਪਸਟਿਕ ਲੱਗੀ। ਰੀਲ੍ਹ ਨੇ 55 ਲੱਖ ਵਿਊਜ਼ ਤਾਂ ਹਾਸਲ ਕਰ ਲਏ, ਪਰ ਦੇਖਣ ਵਾਲਿਆਂ ਵਿੱਚ ਗਵਾਲੀਅਰ ਦੀ ਟਰੈਫਿਕ ਪੁਲਸ ਵੀ ਸ਼ਾਮਲ ਸੀ, ਜਿਸ ਨੇ 5,500 ਰੁਪਏ ਦਾ ਚਲਾਨ ਕੀਤਾ ਅਤੇ ਕਾਰ ਤੋਂ ਲਿਪਸਟਿਕ ਦੇ ਨਿਸ਼ਾਨ ਸਾਫ਼ ਕਰਵਾਏ।
ਪੰਜਾਬ ‘ਚ ਇਕੱਲੇ ਲੜਾਂਗੇ : ਮਾਇਆਵਤੀ
ਲਖਨਊ : ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਮੰਗਲਵਾਰ ਕਿਹਾ ਕਿ ਉਨ੍ਹਾ ਦੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਕਿਸੇ ਨਾਲ ਵੀ ਗਠਜੋੜ ਕੀਤੇ ਬਿਨਾਂ ਆਪਣੇ ਤੌਰ ‘ਤੇ ਇਕੱਲਿਆਂ ਲੜੇਗੀ। ਉਨ੍ਹਾ ਇਹ ਐਲਾਨ ਪੰਜਾਬ ਵਿੱਚ ਪਾਰਟੀ ਦੇ ਸੰਗਠਨਾਤਮਕ ਕੰਮਕਾਜ ਅਤੇ ਆਪਣੇ ਸਮਰਥਨ ਆਧਾਰ ਨੂੰ ਵਧਾਉਣ ਦੇ ਯਤਨਾਂ ਦੀ ਸਮੀਖਿਆ ਕਰਨ ਲਈ ਇੱਥੇ ਹੋਈਮੀਟਿੰਗ ਦੌਰਾਨ ਕੀਤਾ।
‘ਅੰਮ੍ਰਿਤਪਾਲ ਹੀ ਲੜੇਗਾ’
ਅੰਮ੍ਰਿਤਸਰ : ਖਡੂਰ ਸਾਹਿਬ ਤੋਂ ਜੇਲ੍ਹ ਵਿੱਚ ਬੰਦ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਪਰਵਾਰ ਦਾ ਕੋਈ ਵੀ ਹੋਰ ਮੈਂਬਰ ਚੋਣਾਂ ਨਹੀਂ ਲੜੇਗਾ। ਉਨ੍ਹਾ ਸਪੱਸ਼ਟ ਕੀਤਾ ਕਿ ਪਰਵਾਰ ਸਿਆਸੀ ਅਹੁਦਿਆਂ ਦੀ ਦੌੜ ਤੋਂ ਦੂਰ ਰਹੇਗਾ ਅਤੇ ਘਰਾਣੇਸ਼ਾਹੀ ਦੀ ਸਿਆਸਤ ਨੂੰ ਖ਼ਤਮ ਕਰਨ ਦੇ ਸਿਧਾਂਤ ‘ਤੇ ਪਹਿਰਾ ਦੇਵੇਗਾ।
ਟਰੰਪ ਝੀਲ ਓਨਟਾਰੀਓ ਦਾ ਨਾਂਅ ਬਦਲੇਗਾ
ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਝੀਲ ਓਨਟਾਰੀਓ ਦਾ ਨਾਂਅ ਬਦਲ ਕੇ ‘ਝੀਲ ਅਮਰੀਕਾ’ ਕਰਨ ‘ਤੇ ਵਿਚਾਰ ਕਰ ਰਹੇ ਹਨ। ਅਜਿਹਾ ਬਦਲਾਅ ਪਿਛਲੇ ਸਾਲ ਰਿਪਬਲਿਕਨ ਰਾਸ਼ਟਰਪਤੀ ਦੀ ਇਕਪਾਸੜ ਕਾਰਵਾਈ ਦੀ ਯਾਦ ਦਿਵਾਏਗਾ, ਜਿਸ ਵਿੱਚ ਕਾਰਜਕਾਰੀ ਆਦੇਸ਼ ਦੁਆਰਾ ਮੈਕਸੀਕੋ ਦੀ ਖਾੜੀ ਦਾ ਨਾਂਅ ਬਦਲ ਕੇ ਅਮਰੀਕਾ ਦੀ ਖਾੜੀ ਕਰਨ ਦਾ ਹੁਕਮ ਦਿੱਤਾ ਗਿਆ ਸੀ। ਟਰੰਪ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਉਹ ਝੀਲ ਓਨਟਾਰੀਓ ਦਾ ਨਾਂਅ ਬਦਲ ਕੇ ਝੀਲ ਅਮਰੀਕਾ ਕਰਨ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ, ਕਿਉਂਕਿ ਸਾਨੂੰ ਹੁਣ ਓਨਟਾਰੀਓ ਨਾਲ ਬਹੁਤਾ ਕਾਰੋਬਾਰ ਕਰਨ ਦੀ ਉਮੀਦ ਨਹੀਂ ਹੈ।
ਕੁੰਭ ਦੀ ਫਿਕਰ ਜ਼ਿਆਦਾ, ਸਕੂਲਾਂ ਦੀ ਘੱਟ!
ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਜੱਜ ਪ੍ਰਸੰਨਾ ਵਰਾਲੇ ਨੇ ਮਰਾਠੀ ਮਾਧਿਅਮ ਸਕੂਲਾਂ ਦੀ ਲਗਾਤਾਰ ਵਿਗੜਦੀ ਹਾਲਤ ਅਤੇ ਸਿੱਖਿਆ ਲਈ ਲੋੜੀਂਦੀਆਂ ਬੁਨਿਆਦੀ ਸਹੂਲਤਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇ ਸਰਕਾਰ ਨੇ ਸਮੇਂ ਸਿਰ ਸਹਾਇਤਾ ਅਤੇ ਲੋੜੀਂਦੇ ਫੰਡ ਮੁਹੱਈਆ ਕਰਵਾਏ ਹੁੰਦੇ, ਤਾਂ ਬਹੁਤ ਸਾਰੇ ਸਕੂਲਾਂ ਨੂੰ ਬੰਦ ਹੋਣ ਤੋਂ ਬਚਾਇਆ ਜਾ ਸਕਦਾ ਸੀ। ਪਿਛਲੇ ਦਿਨੀਂ ਨਾਸਿਕ ਜ਼ਿਲ੍ਹੇ ਦੇ ਸ਼ਿਰਪੁਰ ਵਿੱਚ ਆਪਣੇ ਪੁਰਾਣੇ ਸਕੂਲ ਦੇ ਦੌਰੇ ਦੌਰਾਨ ਉਨ੍ਹਾ ਕਿਹਾ, ‘ਹਾਲ ਹੀ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਕੁੰਭ ਦੇ ਬੁਨਿਆਦੀ ਢਾਂਚੇ ‘ਤੇ 34,000 ਕਰੋੜ ਰੁਪਏ ਅਤੇ ਇੱਕ ਗਲਿਆਰੇ ਦੇ ਪ੍ਰੋਜੈਕਟ ‘ਤੇ 11,000 ਕਰੋੜ ਰੁਪਏ ਖਰਚ ਕਰ ਰਹੀ ਹੈ। ਮੈਨੂੰ ਅਜਿਹੇ ਖਰਚਿਆਂ ‘ਤੇ ਕੋਈ ਇਤਰਾਜ਼ ਨਹੀਂ, ਪਰ ਜੇ 32,000 ਕਰੋੜ ਰੁਪਏ ਦੇ ਕੁੰਭ ਮੇਲੇ ਦੇ ਬਜਟ ਦਾ ਸਿਰਫ 0.1 ਪ੍ਰਤੀਸ਼ਤ ਜਾਂ ਲਗਪਗ 32 ਕਰੋੜ ਰੁਪਏ ਸਿੱਖਿਆ ‘ਤੇ ਖਰਚ ਕੀਤੇ ਜਾਂਦੇ ਤਾਂ 100-150 ਤੋਂ ਵੱਧ ਮਰਾਠੀ-ਮਾਧਿਅਮ ਵਾਲੇ ਸਕੂਲ ਬੰਦ ਹੋਣ ਤੋਂ ਬਚ ਸਕਦੇ ਸਨ।’