ਗੁੰਡਾ ਰਾਜ

0
3

ਰਾਜਸਥਾਨ ਦੇ ਰਾਮਪੁਰਾ-ਕੰਵਰਪੁਰਾ ਪਿੰਡ ਵਿੱਚ ਸਕੂਲ ਦੀ ਮਾੜੀ ਹਾਲਤ ਸਰਕਾਰ ਸਾਹਮਣੇ ਲਿਆਉਣ ਪੁੱਜੇ ਕਾਕਰੋਚ ਜਨਤਾ ਪਾਰਟੀ ਦੇ ਵਰਕਰਾਂ ‘ਤੇ ਗੁੰਡਿਆਂ ਦੇ ਹਮਲੇ ਦਾ ਬਚਾਅ ਕਰਦਿਆਂ ਸੂਬਾਈ ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਸਕੂਲ ਦੀ ਨਿਗਰਾਨੀ ਦੀ ਆੜ ਵਿੱਚ ਬੱਚਿਆਂ ਦੀ ਸਿੱਖਿਆ ਵਿੱਚ ਵਿਘਨ ਪਾਉਣ ਲਈ ਸੀ ਜੇ ਪੀ ਮੈਂਬਰਾਂ ‘ਤੇ ਗੁੱਸੇ ਸਨ। ਉਨ੍ਹਾ ਨੇ ਹੋਰ ਵੀ ਅੱਗੇ ਵਧ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਪੱਛਮੀ ਬੰਗਾਲ ਵਿੱਚ ਗੁੰਡਿਆਂ ਨੇ ਪਿਛਲੇ ਹਫਤੇ ਲਗਾਤਾਰ ਤਿੰਨ ਦਿਨ ਜਾਧਵਪੁਰ ਯੂਨੀਵਰਸਿਟੀ ‘ਤੇ ਹਮਲਾ ਕੀਤਾ। ਇੱਕ ਦਾਅਵਾ ਇਹ ਹੈ ਕਿ ਉਹ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ ਬੀ ਵੀ ਪੀ) ਨਾਲ ਜੁੜੇ ਹੋਏ ਸਨ। ਪੁਣੇ ਵਿੱਚ ਰਾਹੁਲ ਗਾਂਧੀ ਦੇ ਪ੍ਰੋਗਰਾਮ ਤੋਂ ਪਹਿਲਾਂ ਗੁੰਡਿਆਂ ਨੇ ਇੱਕ ਕੁੜੀਆਂ ਦੇ ਹੋਸਟਲ ‘ਤੇ ਹਮਲਾ ਕੀਤਾ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਕਮਰਿਆਂ ਵਿੱਚ ਬੰਦ ਕਰ ਦਿੱਤਾ ਅਤੇ ਡਰਾਇਆ-ਧਮਕਾਇਆ। ਦੱਸਿਆ ਜਾ ਰਿਹਾ ਹੈ ਕਿ ਉਹ ਗੁੰਡੇ ਨਹੀਂ, ਸਗੋਂ ਏ ਬੀ ਵੀ ਪੀ ਦੇ ਮੈਂਬਰ ਸਨ।
ਯੂ ਪੀ ਵਿੱਚ ਕਾਂਵੜੀਆਂ ਨੇ ਰਾਹਗੀਰਾਂ, ਵਾਹਨਾਂ ਅਤੇ ਪੁਲਸ ਅਧਿਕਾਰੀਆਂ ‘ਤੇ ਹਮਲਾ ਕਰ ਦਿੱਤਾ। ਇਨ੍ਹਾਂ ਕਾਂਵੜੀਆਂ ‘ਤੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਫੁੱਲ ਵਰ੍ਹਾਉਂਦੇ ਹਨ। ਕੀ ਇਨ੍ਹਾਂ ਕਾਂਵੜੀਆਂ ਨੂੰ ਸ਼ਰਧਾਲੂ ਕਿਹਾ ਜਾਣਾ ਚਾਹੀਦਾ ਹੈ ਜਾਂ ਗੁੰਡੇ?
ਭਾਵੇਂ ਪਿਛਲੇ 13 ਸਾਲਾਂ ਤੋਂ ਗੁੰਡੇ ਭਾਰਤ ‘ਤੇ ਵੱਖ-ਵੱਖ ਰੂਪਾਂ ਵਿੱਚ ਰਾਜ ਕਰ ਰਹੇ ਹਨ, ਪਰ ਇਸ 15 ਅਗਸਤ ਤੋਂ, ਜਦੋਂ ਨਰਿੰਦਰ ਮੋਦੀ ਨੇ ‘ਦਿਮਾਗੀ ਨਕਸਲੀਆਂ’ ਦੀ ਪਛਾਣ ਕਰਨ ਅਤੇ ਉਨ੍ਹਾਂ ਨਾਲ ਨਜਿੱਠਣ ਦਾ ਸੱਦਾ ਦਿੱਤਾ ਹੈ, ਉਦੋਂ ਤੋਂ ਅਜਿਹੇ ਹਮਲੇ ਵਧ ਗਏ ਹਨ।
ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਸ਼ਾਹੀਨ ਬਾਗ ਦੇ ਵਿਰੋਧ ਪ੍ਰਦਰਸ਼ਨ ‘ਤੇ ਵੀ ਗੁੰਡਿਆਂ ਨੇ ਹਮਲਾ ਕੀਤਾ ਸੀ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ‘ਤੇ ਵੀ ਗੁੰਡਿਆਂ ਨੇ ਕਈ ਵਾਰ ਹਮਲਾ ਕੀਤਾ ਸੀ। ਉਨ੍ਹਾਂ ਹਮਲਿਆਂ ਨੂੰ ਜਨਤਕ ਗੁੱਸੇ ਦੇ ਪ੍ਰਗਟਾਵੇ ਵਜੋਂ ਦਰਸਾਇਆ ਗਿਆ ਸੀ। 2020 ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ‘ਤੇ ਗੁੰਡਿਆਂ ਨੇ ਹਮਲਾ ਕੀਤਾ ਸੀ। ਇਸ ਨੂੰ ਵੀ ਰਾਸ਼ਟਰਵਾਦੀ ਗੁੱਸੇ ਦੇ ਪ੍ਰਗਟਾਵੇ ਵਜੋਂ ਦਰਸਾਇਆ ਗਿਆ ਸੀ। ਇੰਝ ਲਗਦਾ ਹੈ ਜਿਵੇਂ ਭਾਰਤ ‘ਤੇ ਪਿਛਲੇ 13 ਸਾਲਾਂ ਤੋਂ ਗੁੰਡਿਆਂ ਦਾ ਰਾਜ ਹੈ। ਭਾਜਪਾ ਲੋਕਾਂ ਅਤੇ ਗੁੰਡਿਆਂ ਵਿਚਲਾ ਫਰਕ ਮਿਟਾ ਰਹੀ ਹੈ।
ਭਾਰਤ ਦੀ ਹਿੰਦੂ ਆਬਾਦੀ ਦੇ ਇੱਕ ਵੱਡੇ ਹਿੱਸੇ ਦੇ ਗੈਂਗਸਟਰੀਕਰਨ ਦੀ ਇਸ ਮੁਹਿੰਮ ਦੀ ਅਗਵਾਈ ਕਰਨ ਵਾਲੇ ਦੇਸ਼ ‘ਤੇ ਸ਼ਾਸਨ ਕਰ ਰਹੇ ਹਨ। ਉਹ ਮੰਤਰੀ, ਸੰਸਦ ਮੈਂਬਰ, ਵਿਧਾਇਕ ਅਤੇ ਆਰ ਐੱਸ ਐੱਸ ਅਧਿਕਾਰੀ, ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਭਾਜਪਾ ਆਗੂ ਹਨ। ਉਹ ਟੀ ਵੀ ਸਟੂਡੀਓ ਵਿੱਚ ਬੈਠੇ ਹਨ, ਉਹ ਅਖਬਾਰਾਂ ਦੇ ਸੰਪਾਦਕ ਅਤੇ ਪੱਤਰਕਾਰ ਹਨ, ਉਹ ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ ਅਤੇ ਅਧਿਆਪਕ ਵੀ ਹਨ। ਵਾਈਸ-ਚਾਂਸਲਰ ਖੁੱਲ੍ਹੇਆਮ ‘ਸ਼ਹਿਰੀ ਨਕਸਲੀ’ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਖਾਤਮੇ ਲਈ ਉਕਸਾਉਂਦੇ ਹਨ। ਇਹ ਲੋਕ ਕਦੇ ਵੀ ਸੜਕਾਂ ‘ਤੇ ਨਹੀਂ ਉਤਰਦੇ ਅਤੇ ਗੁੰਡਾਗਰਦੀ ਵਿੱਚ ਸ਼ਾਮਲ ਨਹੀਂ ਹੁੰਦੇ। ਉਹ ਕਿਸੇ ‘ਤੇ ਹਮਲਾ ਨਹੀਂ ਕਰਦੇ। ਉਹ ਸ਼ਾਖਾਵਾਂ ਚਲਾਉਂਦੇ ਹਨ। ਉਹ ਵਿੱਦਿਅਕ ਸੰਸਥਾਵਾਂ ਚਲਾਉਂਦੇ ਹਨ। ਉਹ ਲੇਖ ਲਿਖਦੇ ਹਨ, ਭਾਸ਼ਣ ਦਿੰਦੇ ਹਨ ਅਤੇ ਫਿਲਮਾਂ ਬਣਾਉਂਦੇ ਹਨ। ਉਹ ਕਾਨੂੰਨ ਬਣਾਉਂਦੇ ਹਨ। ਫਿਰ ਗੁੰਡੇ ਖੁਦ ਉਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਲਈ ਤਿਆਰ ਹੋ ਜਾਂਦੇ ਹਨ! ਗਊ ਹੱਤਿਆ ਵਿਰੁੱਧ ਕਾਨੂੰਨ ਪਾਸ ਕੀਤੇ ਜਾਂਦੇ ਹਨ ਅਤੇ ਇਸ ਦੀ ਆੜ ਹੇਠ ਗਊ ਰੱਖਿਅਕ ਸੜਕਾਂ ‘ਤੇ ਉਤਰਦੇ ਹਨ; ਉਹ ‘ਲਵ ਜੇਹਾਦ’ ਵਿਰੁੱਧ ਕਾਨੂੰਨ ਬਣਾਉਂਦੇ ਹਨ ਅਤੇ ਫਿਰ ਗੁੰਡੇ ਉਨ੍ਹਾਂ ਜੋੜਿਆਂ ‘ਤੇ ਹਮਲਾ ਕਰਦੇ ਹਨ, ਜੋ ਅੰਤਰ-ਧਰਮ ਵਿਆਹ ਕਰਦੇ ਹਨ; ਉਹ ਧਰਮ ਪਰਿਵਰਤਨ ਵਿਰੁੱਧ ਕਾਨੂੰਨ ਬਣਾਉਂਦੇ ਹਨ ਅਤੇ ਫਿਰ ਧਾਰਮਿਕ ਰੱਖਿਅਕ ਈਸਾਈਆਂ ‘ਤੇ ਹਮਲਾ ਕਰਨ ਲਈ ਸਰਗਰਮ ਹੋ ਜਾਂਦੇ ਹਨ। ਇਸ ਦਿਮਾਗੀ ਗੁੰਡਾਗਰਦੀ ਦਾ ਇਲਾਜ ਕੌਣ ਅਤੇ ਕਿਵੇਂ ਕਰੇਗਾ?