ਸਰਕਾਰ ਤੇ ਮੁਲਾਜ਼ਮਾਂ ਵਿਚਾਲੇ ਟਕਰਾਅ ਵਧਿਆ

0
2

ਚੰਡੀਗੜ੍ਹ (ਸੁਰਜੀਤ ਸੁਮਨ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਪੰਜਾਬ-ਭਰ ਵਿੱਚ ਹੜਤਾਲ ‘ਤੇ ਗਏ ਮੁਲਾਜ਼ਮਾਂ ਪ੍ਰਤੀ ਸਖਤ ਰੁਖ ਅਖਤਿਆਰ ਕਰਦਿਆਂ ਕਿਹਾ ਕਿ ਹੜਤਾਲ ਖਤਮ ਕਰਨ ਤੋਂ ਬਾਅਦ ਹੀ ਗੱਲਬਾਤ ਹੋਵੇਗੀ। ਮੁੱਖ ਮੰਤਰੀ ਨੇ ‘ਐੱਕਸ’ ‘ਤੇ ਕਿਹਾ, ”ਮੁਲਾਜ਼ਮ ਸਾਡੇ ਪਰਵਾਰ ਦਾ ਅਹਿਮ ਹਿੱਸਾ ਹਨ ਅਤੇ ਅਸੀਂ ਉਨ੍ਹਾਂ ਦੀ ਹਰ ਜਾਇਜ਼ ਗੱਲ ਸੁਣਨ ਲਈ ਤਿਆਰ ਹਾਂ… ਪਰ ਗੱਲਬਾਤ ਅਤੇ ਹੜਤਾਲ ਦੋਵੇਂ ਇਕੱਠੀਆਂ ਨਹੀਂ ਚੱਲ ਸਕਦੀਆਂ… ਸਰਕਾਰ ਹਰ ਮਸਲੇ ਦਾ ਹੱਲ ਕੱਢਣ ਲਈ ਵਚਨਬੱਧ ਹੈ, ਪਰ ਗੱਲਬਾਤ ਉਦੋਂ ਹੀ ਹੋਵੇਗੀ ਜਦੋਂ ਹੜਤਾਲ ਖਤਮ ਕੀਤੀ ਜਾਵੇਗੀ…।”
ਚੰਡੀਗੜ੍ਹ ਦੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਭਾਰੀ ਇਕੱਠ, ਜਿਸ ਵਿੱਚ ਔਰਤ ਮੁਲਾਜ਼ਮ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ, ਵਿੱਚ ਮੁਲਾਜ਼ਮ ਆਗੂਆਂ ਵੱਲੋਂ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਦੀ ਅਣਦੇਖੀ ਕਰਨ ਬਾਰੇ ਆਪਣੇ ਆਪਣੇ ਵਿਚਾਰ ਰੱਖੇ।ਚੰਡੀਗੜ੍ਹ ਦੇ ਪੂਰਬੀ ਹਿੱਸੇ ਵਿੱਚ ਸਵੇਰੇ ਤੇਜ਼ ਬਾਰਸ਼ ਦੀਆਂ ਬੁਛਾੜਾਂ ਕਰਕੇ ਮੁਲਾਜ਼ਮਾਂ ਨੂੰ ਸਕੱਤਰੇਤ ਅੰਦਰ ਲਿਫਟਾਂ ਕੋਲ਼ ਹੀ ਹੁੰਮਸ ਭਰੇ ਮਾਹੌਲ ਵਿੱਚ ਬੈਠਣ ਲਈ ਮਜਬੂਰ ਹੋਣਾ ਪਿਆ।ਮੁੱਖ ਮੰਤਰੀ ਨਾਲ਼ ਹੋਣ ਵਾਲ਼ੀ ਪ੍ਰਸਤਾਵਿਤ ਮੀਟਿੰਗ ਲਈ ਮੁਲਾਜ਼ਮ ਆਗੂਆਂ ਦਾ ਵਫਦ ਜਲੰਧਰ ਪਹੁੰਚ ਗਿਆ ਸੀ, ਪਰ ਮੁੱਖ ਮੰਤਰੀ ਦਾ ਬਿਆਨ ਵਾਇਰਲ ਹੋ ਗਿਆ ਕਿ ਹੜਤਾਲ ਦੇ ਚੱਲਦਿਆਂ ਗੱਲਬਾਤ ਨਹੀਂ ਹੋਵੇਗੀ।
ਦੂਜੇ ਪਾਸੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਮੁਲਾਜ਼ਮ ਪੰਜਾਬ ਦੇ ਲੋਕਾਂ ਦੀ ਵੈੱਲਫੇਅਰ ਲਈ ਰੱਖੇ ਹੋਏ ਹਨ, ਇਸ ਲਈ ਸਾਡੇ ਸਾਥੀਆਂ ਨੂੰ ਚਾਹੀਦਾ ਕਿ ਉਹ ਆਮ ਜਨਤਾ ਨੂੰ ਖੱਜਲ਼-ਖੁਆਰ ਨਾ ਹੋਣ ਦੇਣ।ਆਮ ਲੋਕਾਂ ਦੇ ਕੰਮ ਕਰਨ, ਕਿਉਂਕਿ ਲੋਕ ਟੈਕਸਪੇਅਰ ਹਨ।ਇਸ ਤਰ੍ਹਾਂ ਜਲੰਧਰ ਵਿਖੇ ਮੁਲਾਜ਼ਮ ਆਗੂਆਂ ਨਾਲ਼ ਪ੍ਰਸਤਾਵਿਤ ਮੀਟਿੰਗ ਨਹੀਂ ਹੋ ਸਕੀ।ਇਸੇ ਦੌਰਾਨ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਨੇ ਸਾਰੇ ਸਪੈਸ਼ਲ ਚੀਫ ਸੈਕਟਰੀਆਂ, ਐਡੀਸ਼ਨਲ ਚੀਫ ਸੈਕਟਰੀਆਂ, ਫਾਈਨੈਂਸ਼ੀਅਲ ਕਮਿਸ਼ਨਰਾਂ, ਪ੍ਰਿੰਸੀਪਲ ਸੈਕਟਰੀਆਂ ਅਤੇ ਐਡਮਨਿਸਟਰੇਟਿਵ ਸੈਕਟਰੀਆਂ ਨੂੰ ਸਖਤ ਹਦਾਇਤਾਂ ਭੇਜੀਆਂ ਹਨ ਕਿ ਜੋ-ਜੋ ਮੁਲਾਜ਼ਮ 27 ਤਰੀਕ ਨੂੰ ਛੁੱਟੀ ‘ਤੇ ਰਹੇ ਜਾਂ ਕੰਮ ਤੋਂ ਗੈਰ-ਹਾਜ਼ਰ ਸਨ, ਉਨ੍ਹਾਂ ਦੀ ਪੂਰੀ ਜਾਣਕਾਰੀ ਅਤੇ ਸੂਚੀ ਜਲਦ ਤੋਂ ਜਲਦ ਤਿਆਰ ਕਰਕੇ ਵਿਭਾਗ ਨੂੰ ਭੇਜੀ ਜਾਵੇ। ਸਰਕਾਰ ਦਾ ਤਰਕ ਹੈ ਕਿ ਵੱਖ-ਵੱਖ ਜ਼ਿਲ੍ਹਾ ਹੈੱਡਕੁਆਰਟਰਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ ਕਿ ਸਰਕਾਰੀ ਦਫਤਰਾਂ ਵਿੱਚ ਕੰਮਕਾਜ ਠੱਪ ਰਹਿਣ ਕਾਰਨ ਆਮ ਲੋਕਾਂ ਨੂੰ ਭਾਰੀ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਮੁਲਾਜ਼ਮ ਜਥੇਬੰਦੀਆਂ ਨੇ ਕਿਹਾ ਹੈ ਕਿ ਆਉਣ ਵਾਲੇ ਦੋ ਦਿਨਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਜਾਵੇਗਾ। ਨਾਲ ਹੀ 30 ਅਗਸਤ ਨੂੰ ਉਨ੍ਹਾਂ ਦੀ ਮੀਟਿੰਗ ਹੋਵੇਗੀ, ਜਿਸ ‘ਚ ਉਹ ਆਪਣੀ ਅਗਲੀ ਰਣਨੀਤੀ ਦਾ ਫੈਸਲਾ ਕਰਨਗੇ।
ਚਾਰ ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮ ਅਤੇ ਲੱਖਾਂ ਪੈਨਸ਼ਨਰ ਸਰਕਾਰ ‘ਤੇ ਉਨ੍ਹਾਂ ਦੇ ਲੰਬੇ ਸਮੇਂ ਤੋਂ ਬਕਾਇਆ ਡੀ ਏ ਦੇ ਬਕਾਏ ਕਲੀਅਰ ਕਰਨ ਲਈ ਦਬਾਅ ਬਣਾਉਣ ਵਾਸਤੇ ‘ਮਹਾ ਹੜਤਾਲ’ ਕਰ ਰਹੇ ਹਨ। ਲੱਗਭੱਗ 7.50 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹਿੱਸਾ ਲੈਣ ਕਾਰਨ ਇਸ ਪ੍ਰਦਰਸ਼ਨ ਵਿੱਚ ਉਨ੍ਹਾਂ ਦੇ ਪਰਵਾਰਾਂ ਨੂੰ ਸ਼ਾਮਲ ਕਰਨ ‘ਤੇ ਲੱਗਭੱਗ 38 ਲੱਖ ਵੋਟਰਾਂ ਨੂੰ ਪ੍ਰਭਾਵਤ ਕਰਨ ਦੀ ਸਮਰੱਥਾ ਹੈ/ਸੀ।