ਗ਼ਦਰੀਆਂ ਦੀ ਵਿਚਾਰਧਾਰਾ ਸਮਾਜ ਨੂੰ ਖੁਸ਼ਹਾਲ ਬਣਾਉਣ ਵਾਲੀ : ਮਾੜੀਮੇਘਾ, ਰੂੜੀਵਾਲਾ

0
6

ਚੋਹਲਾ ਸਾਹਿਬ
(ਨਵਾਂ ਜ਼ਮਾਨਾ ਸਰਵਿਸ)
ਗਦਰ ਪਾਰਟੀ ਨੇ ਅੰਗਰੇਜ਼ਾਂ ਤੋਂ ਹਿੰਦੁਸਤਾਨ ਮੁਕਤ ਕਰਾਉਣ ਦਾ ਰਾਹ ਹਥਿਆਰਬੰਦ ਸੰਘਰਸ਼ ਚੁਣਿਆ ਸੀ। ਇਸ ਸੋਚ ਨੂੰ ਲੈ ਕੇ ਜਦੋਂ ਗਦਰੀ ਵਿਦੇਸ਼ਾਂ ਤੋਂ ਵਹੀਰਾਂ ਘੱਤ ਕੇ ਹਿੰਦੁਸਤਾਨ ਆਏ ਤਾਂ ਆਉਂਦੇ ਸਾਰ ਹੀ ਫੌਜੀਆਂ ਨਾਲ ਸੰਪਰਕ ਬਣਾਉਣ ਲਈ ਛਾਉਣੀਆਂ ਵਿੱਚ ਵੜ ਗਏ। ਮੀਆਂ ਮੀਰ ਛਾਉਣੀ ਲਾਹੌਰ ਦੇ ਸਿਪਾਹੀਆਂ ਨਾਲ ਭਾਈ ਪ੍ਰੇਮ ਸਿੰਘ ਪਿੰਡ ਸੁਰਸਿੰਘ ਨੇ ਜੋੜੇ ਤੇ ਸੂਬੇਦਾਰ ਲਛਮਣ ਸਿੰਘ ਚੂਸਲੇਵੜ ਦੀ ਅਗਵਾਈ ਹੇਠ ਸਿਪਾਹੀ ਬਗਾਵਤ ਕਰਨ ਲਈ ਤਿਆਰ ਹੋ ਗਏ। ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਤੇ ਉਨ੍ਹਾਂ ਪਲਟਨ ਨੂੰ ਸੰਸਾਰ ਜੰਗ ਵਿੱਚ ਭੇਜਣ ਦਾ ਆਰਡਰ ਕਰ ਦਿੱਤਾ। ਜਦੋਂ ਸਿਪਾਹੀ ਸੰਸਾਰ ਜੰਗ ਨੂੰ ਜਾਣ ਲਈ ਹਰਪਾਲਪੁਰ ਸਟੇਸ਼ਨ ਤੋਂ ਸਮਾਨ ਗੱਡਿਆਂ ‘ਤੇ ਲੱਦ ਰਹੇ ਸਨ ਤਾਂ ਬਕਸਾ ਡਿੱਗਣ ਨਾਲ ਬੰਬ ਚੱਲ ਪਿਆ। ਸਰਕਾਰ ਨੇ ਬਕਸੇ ਵਾਲੇ ਸਿਪਾਹੀ ਨੂੰ ਗ੍ਰਿਫਤਾਰ ਕਰ ਲਿਆ ਤੇ ਤਸ਼ੱਦਦ ਢਾਹ ਕੇ ਜਾਣਕਾਰੀ ਲੈ ਲਈ ਕਿ ਕਿਹੜੇ-ਕਿਹੜੇ ਸਿਪਾਹੀ ਗ਼ਦਰੀਆਂ ਨਾਲ ਰਲੇ ਹਨ। ਅੰਗਰੇਜ਼ਾਂ ਨੇ ਗ਼ਦਰੀਆਂ ਨਾਲ ਰਲ ਕੇ ਗਦਰੀ ਬਣੇ ਸਿਪਾਹੀਆਂ ਨੂੰ ਸੰਸਾਰ ਜੰਗ ਤੋਂ ਵਾਪਸ ਬੁਲਾ ਕੇ ਫਾਂਸੀ ਦੇ ਤਖ਼ਤੇ ‘ਤੇ ਚਾੜ੍ਹ ਕੇ ਸ਼ਹੀਦ ਕਰ ਦਿੱਤਾ। ਗਦਰੀ ਦੇਸ਼ ਭਗਤਾਂ ਅਤੇ 1971 ਦੀ ਜੰਗ ਦੇ ਸ਼ਹੀਦ ਸਿਪਾਹੀਆਂ ਦੀ ਯਾਦ ਵਿੱਚ ਸੁਰਜੀਤ ਸਿੰਘ, ਕੈਪਟਨ ਗੁਰਨਾਮ ਸਿੰਘ, ਸਾਹਿਬ ਸਿੰਘ, ਰਾਜੂ ਮਾਸਟਰ, ਗੁਰਿੰਦਰ ਪਾਲ ਸਿੰਘ, ਨਿਸ਼ਾਨ ਸਿੰਘ ਤੇ ਦਯਾ ਸਿੰਘ ਰੂੜੀਵਾਲਾ, ਮਨਤਾਰ ਸਿੰਘ ਲੰਗੇਆਣਾ ਦੀ ਅਗਵਾਈ ਹੇਠ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਰੂੜੀਵਾਲਾ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਉਸਾਰੇ ਗਏ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕੀਰਤਨ ਦਰਬਾਰ ਹੋਇਆ। ਬਾਅਦ ਵਿੱਚ ਦੀਵਾਨ ਸਜਾਇਆ ਗਿਆ।
ਦੀਵਾਨ ਦੀ ਸਟੇਜ ਤੋਂ ਬੋਲਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਸੰਗਤ ਨੂੰ ਕਿਹਾ ਕਿ ਗ਼ਦਰੀਆਂ ਦੀ ਵਿਚਾਰਧਾਰਾ ਦੇਸ਼ ਨੂੰ ਖੁਸ਼ਹਾਲ ਬਣਾਉਣ ਵਾਲੀ ਸੀ, ਪਰ ਸਮੇਂ ਦੇ ਹਾਕਮਾਂ ਅਤੇ ਉਨ੍ਹਾਂ ਦੇ ਮੁਖ਼ਬਰਾਂ ਨੇ ਗ਼ਦਰੀਆਂ ਦੀ ਵਿਚਾਰਧਾਰਾ ਨੂੰ ਫਲ ਨਹੀਂ ਪੈਣ ਦਿੱਤਾ। ਅਜੋਕੇ ਅਜਿਹੇ ਹਾਲਾਤ ਹਨ ਕਿ ਕਿਸਾਨਾਂ ਦੀਆਂ ਫਸਲਾਂ ‘ਤੇ ਐੱਮ ਐੱਸ ਪੀ ਕਾਨੂੰਨ ਲਾਗੂ ਨਹੀਂ ਕੀਤਾ ਜਾ ਰਿਹਾ, ਭਾਵ ਸਰਕਾਰ ਨੇ ਜੋ ਫਸਲਾਂ ਦੀ ਘੱਟੋ-ਘੱਟ ਕੀਮਤ ਤਹਿ ਕੀਤੀ ਹੈ, ਉਹ ਲਾਗੂ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ।ਮਾੜੀਮੇਘਾ ਨੇ ਕਿਹਾ ਕਿ ਮਹਿੰਗਾਈ ਬਹੁਤ ਜ਼ਿਆਦਾ ਵਧ ਚੁੱਕੀ ਹੈ, ਜਿਸ ਕਰਕੇ ਗਰੀਬ ਤੇ ਮਿਹਨਤਕਸ਼ ਲੋਕ ਰੱਜ ਕੇ ਰੋਟੀ ਖਾਣ ਤੋਂ ਆਤੁਰ ਹਨ।ਮਹਿੰਗਾਈ ਦੇ ਦੌਰ ਵਿੱਚ ਪੜ੍ਹਾਈ ਵੀ ਹੋਰ ਮਹਿੰਗੀ ਹੋ ਗਈ, ਜਦੋਂ ਕਿ ਚਾਹੀਦਾ ਇਹ ਹੈ ਕਿ ਘੱਟੋ-ਘੱਟ 10+02 ਤੱਕ ਹਰ ਬੱਚੇ ਨੂੰ ਵਿਦਿਆ ਮੁਫਤ ਮਿਲੇ।ਮਾੜੀਮੇਘਾ ਨੇ ਕਿਹਾ ਕਿ ਮੌਜੂਦਾ ਕੇਂਦਰੀ ਹਕੂਮਤ ਨੇ ਬੁੱਧੀਜੀਵੀਆਂ ਦੇ ਬੋਲਣ ਤੇ ਲਿਖਣ ‘ਤੇ ਪਾਬੰਦੀ ਲਾਈ ਹੋਈ ਹੈ।ਕਈਆਂ ਨੂੰ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ।ਉਨ੍ਹਾਂ ਨੂੰ ਫੌਰੀ ਤੌਰ ‘ਤੇ ਰਿਹਾਅ ਕਰਨਾ ਚਾਹੀਦਾ ਹੈ।ਆਗੂ ਨੇ ਕਿਹਾ ਇਸ ਵੇਲੇ ਦਰਿਆਵਾਂ ਦੇ ਪਾਣੀਆਂ ਦਾ ਮਸਲਾ ਬੜਾ ਅਹਿਮ ਹੈ। ਪੰਜਾਬ ਦੇ ਕਿਸਾਨਾਂ ਨੇ ਧਰਤੀ ‘ਚੋਂ ਪਾਣੀ ਖਿੱਚ ਖਿੱਚ ਕੇ ਬਹੁਤ ਨੀਵਾਂ ਕਰ ਦਿੱਤਾ ਹੈ।ਧਰਤੀ ਬੰਜਰ ਹੋਣ ਦੇ ਕੰਢੇ ‘ਤੇ ਹੈ, ਪਰ ਦੂਜੇ ਪਾਸੇ ਕੇਂਦਰ ਸਰਕਾਰ ਦਰਿਆਵਾਂ ਦਾ ਪਾਣੀ ਰਾਜਸਥਾਨ ਤੇ ਹਰਿਆਣਾ ਨੂੰ ਦੇਣ ਜਾ ਰਹੀ ਹੈ।ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਹੱਕ ਪੰਜਾਬ ਦਾ ਹੈ। ਸਮਾਗਮ ਨੂੰ ਮਾਸਟਰ ਕਸ਼ਮੀਰ ਸਿੰਘ ਚੋਹਲਾ ਸਾਹਿਬ, ਕਰਨਬੀਰ ਸਿੰਘ ਪੰਨੂ, ਪੱਤਰਕਾਰ ਸੰਤੋਖ ਸਿੰਘ ਪੰਨੂ ਨੇ ਵੀ ਸੰਬੋਧਨ ਕੀਤਾ। ਸ਼ਹੀਦੀ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸੈਨਿਕ ਸੰਘਰਸ਼ ਕਮੇਟੀ ਦੇ ਸੂਬੇਦਾਰ ਹਰਬੰਸ ਸਿੰਘ, ਹੌਲਦਾਰ ਗੁਰਮਨਜੀਤ ਸਿੰਘ ਸਰਹਾਲੀ ਤੇ ਹੌਲਦਾਰ ਅਵਤਾਰ ਸਿੰਘ ਚੰਬਾ ਕਲਾਂ ਮੀਤ ਪ੍ਰਧਾਨ, ਸਿਪਾਹੀ ਗੁਰਨਾਮ ਸਿੰਘ ਰੂੜੀਵਾਲਾ, ਪ੍ਰਧਾਨ ਗੁਰਦੇਵ ਸਿੰਘ, ਸੂਬੇਦਾਰ ਬਖਸ਼ੀਸ਼ ਸਿੰਘ, ਕੈਪਟਨ ਪ੍ਰਤਾਪ ਸਿੰਘ ਦਦੇਹਰ ਸਾਹਿਬ ਪਹੁੰਚੇ। ਦੀਵਾਨ ਵਿੱਚ ਮੇਵਾ ਸਿੰਘ ਪਾਲੀਆ, ਕੁਲਦੀਪ ਸਿੰਘ ਚੱਠਾ ਅਤੇ ਨਿਸ਼ਾਨ ਸਿੰਘ ਝਬਾਲ ਨੇ ਕਵੀਸ਼ਰੀ ਦੇ ਰੰਗ ਬੰਨ੍ਹ ਕੇ ਨਿਹਾਲ ਕੀਤਾ।