ਸੰਘੀ ਵਿਚਾਰਧਾਰਾ ਨੂੰ ਖਤਮ ਕਰਨ ਦੇ ਸੰਕਲਪ ‘ਤੇ ਕਾਇਮ ਹਾਂ : ਅਮਰਜੀਤ ਕੌਰ

0
7

ਲੁਧਿਆਣਾ (ਐੱਮ ਐੱਸ ਭਾਟੀਆ)
ਪਹਿਲੀ ਸਤੰਬਰ ਨੂੰ ਰਾਮ ਲੀਲ੍ਹਾ ਗਰਾਉਂਡ ਦਿੱਲੀ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਬਦਲਾਅ ਰੈਲੀ ਕੀਤੀ ਗਈ, ਜਿਸ ਵਿੱਚ ਇੱਕ ਲੱਖ ਦੇ ਕਰੀਬ ਕਾਰਕੁਨ ਸ਼ਾਮਲ ਹੋਏ।ਇਸ ਮੌਕੇ ਬੋਲਦਿਆਂ ਸੀ ਪੀ ਆਈ ਦੇ ਕੌਮੀ ਸਕੱਤਰੇਤ ਦੇ ਮੈਂਬਰ ਅਮਰਜੀਤ ਕੌਰ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਉਪਰ ਖੁੱਲ ਕੇ ਆਪਣੇ ਵਿਚਾਰ ਦਿੱਤੇ ਤੇ ਲੋਕਾਂ ਨੂੰ ਉਹਨਾਂ ਦੇ ਵਿਰੁੱਧ ਲਾਮਬੰਦ ਹੋ ਕੇ ਇਸ ਸਰਕਾਰ ਨੂੰ ਚਲਦਾ ਕਰਨ ਦਾ ਸੱਦਾ ਦਿੱਤਾ। ਉਹਨਾ ਦੇ ਪ੍ਰਭਾਵਸ਼ਾਲੀ ਭਾਸ਼ਣ ਤੋਂ ਬੁਖਲਾ ਕੇ ਆਰ ਐੱਸ ਐੱਸ-ਭਾਜਪਾ ਨਾਲ ਸੰਬੰਧਤ ਸੋਸ਼ਲ ਮੀਡੀਆ ਵੱਲੋਂ ਉਹਨਾ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਟਰੋਲਿੰਗ ਕੀਤੀ ਜਾ ਰਹੀ ਹੈ। ਇਸ ਬਾਰੇ ਉਹਨਾ ਤੋਂ ਪੁੱਛਣ ‘ਤੇ ਉਨ੍ਹਾ ਕਿਹਾ ਹੈ, ‘ਮੈਂ ਆਪਣੇ ਬਿਆਨ ‘ਤੇ ਕਾਇਮ ਹਾਂ।ਇਹ ਬਿਆਨ ਮੈਂ ਨਰਿੰਦਰ ਮੋਦੀ ਦੇ ਉਸ ਬਿਆਨ ਦੇ ਜਵਾਬ ਵਿੱਚ ਦਿੱਤਾ ਸੀ, ਜੋ ਉਨ੍ਹਾ ਭਾਜਪਾ ਆਗੂ ਅਤੇ ਆਰ ਐੱਸ ਐੱਸ ਦੇ ਮੈਂਬਰ ਵਜੋਂ ਆਪਣੀ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੂੰ ਸੰਬੋਧਨ ਕਰਦਿਆਂ ਦਿੱਤਾ ਸੀ।ਉਨ੍ਹਾ ਕਿਹਾ ਸੀ ਕਿ ਲਾਲ ਝੰਡਾ, ਕਮਿਊਨਿਸਟ ਪਾਰਟੀਆਂ ਅਤੇ ਉਨ੍ਹਾਂ ਦੀ ਵਿਚਾਰਧਾਰਾ ਬਹੁਤ ਖ਼ਤਰਨਾਕ ਹੈ ਅਤੇ ਉਨ੍ਹਾਂ ਨੂੰ ਨਿਪਟਾਉਣ ਲਈ ਕੰਮ ਕਰਨਾ ਚਾਹੀਦਾ ਹੈ। ਅਸੀਂ ਇਸ ਨੂੰ ਇੱਕ ਸਾਬਕਾ ਪ੍ਰਚਾਰਕ ਅਤੇ ਵਫ਼ਾਦਾਰ ਆਰ ਐੱਸ ਐੱਸ ਕਾਰਕੁਨ ਤੇ ਭਾਜਪਾ ਆਗੂ ਵੱਲੋਂ ਸਾਡੀ ਵਿਚਾਰਧਾਰਾ ਨੂੰ ਦਿੱਤੀ ਗਈ ਚੁਣੌਤੀ ਵਜੋਂ ਲਿਆ।
ਜੇਕਰ ਉਨ੍ਹਾਂ ਦਾ ਇਰਾਦਾ ਸਾਨੂੰ ਖ਼ਤਮ ਕਰਨ ਦਾ ਹੈ ਤਾਂ ਅਸੀਂ ਵੀ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹਾਂ ਅਤੇ ਉਨ੍ਹਾਂ ਦੀ ਉਸ ਵਿਚਾਰਧਾਰਾ ਨੂੰ ਖ਼ਤਮ ਕਰਨ ਦਾ ਸੰਕਲਪ ਲੈਂਦੇ ਹਾਂ, ਜੋ ਅੰਧਵਿਸ਼ਵਾਸ, ਵਰਣ-ਵਿਵਸਥਾ ਅਤੇ ਮਨੂ ਸਿਮਰਤੀ ‘ਤੇ ਆਧਾਰਤ ਹੈ ਅਤੇ ਜਾਤੀ ਤੇ ਲਿੰਗ ਦੇ ਆਧਾਰ ‘ਤੇ ਮਨੁੱਖਾਂ ਵਿਚ ਭੇਦਭਾਵ ਕਰਦੀ ਹੈ।ਇਹ ਸਾਡਾ ਸੰਕਲਪ ਹੈ ਕਿ ਆਰ ਐੱਸ ਐੱਸ-ਭਾਜਪਾ ਦੀ ਧਰੁਵੀਕਰਨ ਅਤੇ ਫ਼ਿਰਕੂ ਨਫ਼ਰਤ ਦੀ ਵਿਚਾਰਧਾਰਾ ਨੂੰ ਖ਼ਤਮ ਕੀਤਾ ਜਾਵੇ, ਕਿਉਂਕਿ ਇਹ ਭਾਰਤ ਦੀ ਉਸ ਸਾਂਝੀ ਵਿਰਾਸਤ ਅਤੇ ਮਿਸ਼ਰਤ ਸੱਭਿਆਚਾਰ ਦੇ ਵਿਰੁੱਧ ਹੈ, ਜੋ ਸਦੀਆਂ ਪੁਰਾਣੀ ਸਾਡੀ ਸਭਿਅਤਾ ਦੇ ਵਿਕਾਸ ਦੌਰਾਨ ਬਣੀ ਹੈ ਅਤੇ ਜਿਸ ਨੇ ਧਰਮਾਂ, ਸੱਭਿਆਚਾਰਾਂ ਅਤੇ ਭਾਸ਼ਾਵਾਂ ਦੀ ਬਹੁਲਤਾ ਰਾਹੀਂ ਸਾਨੂੰ ਤਾਕਤ ਦਿੱਤੀ ਹੈ। ਆਰ ਐੱਸ ਐੱਸ-ਭਾਜਪਾ ਭਾਰਤੀ ਸੰਵਿਧਾਨ ਲਈ ਖ਼ਤਰਾ ਪੈਦਾ ਕਰ ਰਹੇ ਹਨ ਅਤੇ ਅਸੀਂ ਇਸ ਨੂੰ ਆਪਣੇ ਦੇਸ਼ ਦੀ ਧਰਮ-ਨਿਰਪੱਖ ਜਮਹੂਰੀਅਤ ਅਤੇ ਲੋਕਾਂ ਦੇ ਬੁਨਿਆਦੀ ਅਧਿਕਾਰਾਂ—ਪ੍ਰਗਟਾਵੇ ਦੀ ਆਜ਼ਾਦੀ, ਅਸਹਿਮਤੀ ਦਾ ਹੱਕ ਅਤੇ ਸਵਾਲ ਪੁੱਛਣ ਦੇ ਅਧਿਕਾਰ ਲਈ ਖ਼ਤਰੇ ਵਜੋਂ ਲੈਂਦੇ ਹਾਂ।’