ਪਹਿਲੀ ਨੂੰ ਖਡੂਰ ਸਾਹਿਬ ‘ਚ ਸਿਆਸੀ ਕਾਨਫਰੰਸ

0
4

ਫਤਿਆਬਾਦ (ਨ ਜ਼ ਸ)
ਸੀ ਪੀ ਆਈ ਬਲਾਕ ਖਡੂਰ ਸਾਹਿਬ ਦੀ ਮੀਟਿੰਗ ਫਤਿਆਬਾਦ ਵਿਖੇ ਮੇਜਰ ਸਿੰਘ ਦਾਰਾਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ‘ਤੇ ਸੀ ਪੀ ਆਈ ਵੱਲੋਂ ਰਾਜਨੀਤਕ ਕਾਨਫਰੰਸ ਤੇ ਨਾਟਕ ਮੇਲਾ ਕੀਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੂਬਾ ਸਕੱਤਰੇਤ ਮੈਂਬਰ ਤੇ ਰੋਜ਼ਾਨਾ ‘ਨਵਾਂ ਜ਼ਮਾਨਾ’ ਦੇ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ, ਗੁਰਪ੍ਰੀਤ ਸਿੰਘ ਗੰਡੀਵਿੰਡ ਤੇ ਦਫਤਰ ਸਕੱਤਰ ਚਰਨ ਸਿੰਘ ਤਰਨ ਤਾਰਨ ਨੇ ਕਿਹਾ ਕਿ ਗੁਰਗੱਦੀ ਦਿਵਸ ‘ਤੇ ਕਾਨਫਰੰਸ ਉਸ ਸਮੇਂ ਹੋ ਰਹੀ ਹੈ, ਜਦੋਂ ਮਹਿੰਗਾਈ ਹੱਦਾਂ-ਬੰਨੇ ਪਾਰ ਕਰ ਕਰ ਗਈ ਹੈ। ਖੰਡ 70 ਰੁਪਏ ਕਿੱਲੋ, ਸਬਜ਼ੀਆਂ ਬਣਾਉਣ ਵਾਲੇ ਤੇਲ ਦੀਆਂ ਕੀਮਤਾਂ ਵੀ ਅਥਾਹ ਵਧ ਗਈਆਂ ਹਨ। ਆਟੇ ਦੇ ਭਾਅ ਵੀ ਅਸਮਾਨੀ ਚੜ੍ਹੇ ਹਨ। ਇਲਾਜ ਵੀ ਬਹੁਤ ਮਹਿੰਗਾ ਹੈ। ਇਨ੍ਹਾਂ ਮਸਲਿਆਂ ਨੂੰ ਲੈ ਕੇ ਸੀ ਪੀ ਆਈ ਵੱਲੋਂ ਪਹਿਲੀ ਅਕਤੂਬਰ ਨੂੰ ਗੁਰਗੱਦੀ ਦਿਵਸ ‘ਤੇ ਖਡੂਰ ਸਾਹਿਬ ਵਿਖੇ ਕਾਨਫਰੰਸ ਹੋਵੇਗੀ। ਮੀਟਿੰਗ ਵਿੱਚ ਦੂਜਾ ਮਤਾ ਪਾਸ ਕੀਤਾ ਗਿਆ ਕਿ ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਨੂੰ ਮੋਟਰਾਂ ਦੀ ਬਿਜਲੀ ਪੂਰੀ ਦਿੱਤੀ ਜਾਵੇ। ਐਸ ਵੇਲੇ ਪੁਜ਼ੀਸ਼ਨ ਇਹ ਹੈ ਕਿ ਬਿਜਲੀ ਸਿਰਫ ਦੋ-ਚਾਰ ਘੰਟੇ ਹੀ ਮਿਲ ਰਹੀ ਹੈ। ਲੋਕਾਂ ਦਾ ਝੋਨਾ ਸੁੱਕ ਰਿਹਾ ਹੈ। ਜੇ ਲਾਈਨ ਵਿੱਚ ਫਾਲਟ ਪੈ ਜਾਂਦਾ ਹੈ ਤਾਂ ਮੁਲਾਜ਼ਮਾਂ ਦੀ ਘਾਟ ਹੋਣ ਕਰਕੇ ਦੋ-ਤਿੰਨ ਦਿਨ ਫਾਲਟ ਹੀ ਨਹੀਂ ਨਿਕਲਦਾ। ਮੀਟਿੰਗ ਨੂੰ ਸੀ ਪੀ ਆਈ ਜ਼ਿਲ੍ਹੇ ਦੇ ਮੀਤ ਸਕੱਤਰ ਗੁਰਦਿਆਲ ਸਿੰਘ ਖਡੂਰ ਸਾਹਿਬ, ਬਲਾਕ ਸਕੱਤਰ ਬਲਜੀਤ ਸਿੰਘ ਫਤਿਆਬਾਦ, ਮੀਤ ਸਕੱਤਰ ਮੇਜਰ ਸਿੰਘ ਦਾਰਾਪੁਰ ਤੇ ਜਗਤਾਰ ਸਿੰਘ ਖਡੂਰ ਸਾਹਿਬ, ਬਲਾਕ ਦੇ ਖਜ਼ਾਨਚੀ ਤੇ ਕਿਸਾਨ ਆਗੂ ਬਲਦੇਵ ਸਿੰਘ ਧੂੰਦਾ ਤੇ ਦਰਸ਼ਨ ਸਿੰਘ ਬਿਹਾਰੀਪੁਰ, ਹਰਜੀਤ ਕੌਰ ਫਤਿਆਬਾਦ, ਨੌਜਵਾਨ ਆਗੂ ਗੁਰਚਰਨ ਸਿੰਘ ਕੰਢਾ ਨੇ ਵੀ ਸੰਬੋਧਨ ਕੀਤਾ।