ਮੁਹਾਲੀ (ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਕਿਹਾ ਕਿ ਉਨ੍ਹਾ ਦੀ ਸਰਕਾਰ ਦੇ ਸਿੱਖਿਆ ਸੁਧਾਰਾਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਕਰ ਦਿੱਤੀ ਹੈ। ਉਨ੍ਹਾ ਕਿਹਾ ਕਿ ਸਾਲ 2021 ਵਿੱਚ ਪੰਜਾਬ ਸਿੱਖਿਆ ਦੇ ਖੇਤਰ ਵਿੱਚ 27ਵੇਂ ਸਥਾਨ ‘ਤੇ ਸੀ, ਜੋ ਹੁਣ ਪ੍ਰਾਇਮਰੀ ਸਿੱਖਿਆ ਵਿੱਚ ਪਹਿਲੇ ਨੰਬਰ ‘ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾ ਪੰਜਾਬ ਨੂੰ ਆਲਮੀ ਸਿੱਖਿਆ ਕੇਂਦਰ ਬਣਾਉਣ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਦਾ ਵੀ ਐਲਾਨ ਕੀਤਾ।
ਮੁਹਾਲੀ ਵਿਖੇ ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਸਨਮਾਨ ਸਮਾਰੋਹ ਦੌਰਾਨ ਮੁੱਖ ਮੰਤਰੀ ਨੇ ਅਧਿਆਪਕਾਂ ਲਈ ਅੰਤਰਰਾਸ਼ਟਰੀ ਸਿਖਲਾਈ, 118 ‘ਸਕੂਲਜ਼ ਆਫ਼ ਐਮੀਨੈਂਸ’, 16,348 ਸਕੂਲਾਂ ਵਿੱਚ ਵਾਈ-ਫਾਈ ਸਹੂਲਤ, ‘ਬਿਜ਼ਨਸ ਬਲਾਸਟਰ’ ਅਤੇ ਪੀ ਟੀ ਐੱਮ ਰਾਹੀਂ ਮਾਪਿਆਂ ਦੀ ਵਧੇਰੇ ਸ਼ਮੂਲੀਅਤ ਨੂੰ ਇਸ ਬਦਲਾਅ ਦੇ ਮੁੱਖ ਕਾਰਨ ਦੱਸਿਆ, ਜਦਕਿ 50 ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਤ ਵੀ ਕੀਤਾ।ਮਾਨ ਨੇ ਕਿਹਾ, “’ਮੇਰਾ ਸੁਪਨਾ ਪੰਜਾਬ ਨੂੰ ਆਲਮੀ ਸਿੱਖਿਆ ਕੇਂਦਰ ਬਣਾਉਣਾ ਹੈ।ਸਿੱਖਿਆ ਖੇਤਰ ਵਿੱਚ ਸਾਡੀ ਸਰਕਾਰ ਵੱਲੋਂ ਚੁੱਕੇ ਗਏ ਇਨਕਲਾਬੀ ਕਦਮਾਂ ਕਰਕੇ ਉਹ ਦਿਨ ਦੂਰ ਨਹੀਂ, ਜਦੋਂ ਦੁਨੀਆ ਭਰ ਤੋਂ ਅਧਿਆਪਕ ਸਿਖਲਾਈ ਲੈਣ ਲਈ ਪੰਜਾਬ ਆਉਣਗੇ।’”ਸਨਮਾਨ ਸਮਾਰੋਹ ਦੌਰਾਨ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਤ ਕੀਤਾ ਗਿਆ।ਕੁੱਲ 50 ਅਧਿਆਪਕਾਂ (ਜਿਨ੍ਹਾਂ ਵਿੱਚ 21 ਪ੍ਰਾਇਮਰੀ ਅਤੇ 29 ਸੈਕੰਡਰੀ ਅਧਿਆਪਕ ਸ਼ਾਮਲ ਹਨ) ਨੇ ਸਟੇਟ ਐਵਾਰਡ ਪ੍ਰਾਪਤ ਕੀਤੇ, ਜਦਕਿ 10 ਅਧਿਆਪਕਾਂ (4 ਪ੍ਰਾਇਮਰੀ ਅਤੇ 6 ਸੈਕੰਡਰੀ) ਨੂੰ ‘ਯੰਗ ਟੀਚਰ ਐਵਾਰਡ’ ਮਿਲੇ।4 ਅਧਿਆਪਕਾਂ ਨੂੰ ਵਿਸ਼ੇਸ਼ ਅਧਿਆਪਕ ਪੁਰਸਕਾਰ, 6 ਨੂੰ ਪ੍ਰਸ਼ਾਸਕੀ ਪੁਰਸਕਾਰ ਅਤੇ 5 ਪੁਰਸਕਾਰ ਸਿੱਖਿਆ ਮੰਤਰੀ ਵੱਲੋਂ ਨਾਮਜ਼ਦ ਕੀਤੇ ਅਧਿਆਪਕਾਂ ਨੂੰ ਦਿੱਤੇ ਗਏ।
ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ, ਸਿੱਖਿਆ ਸਕੱਤਰ ਸੋਨਾਲੀ ਗਿਰ ਅਤੇ ਹੋਰ ਪਤਵੰਤੇ ਹਾਜ਼ਰ ਸਨ।




