ਚੰਡੀਗੜ੍ਹ (ਨ ਜ਼ ਸ)-ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸੂਬਾਈ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 8 ਲੱਖ ਮੌਜੂਦਾ ਅਤੇ ਸੇਵਾ-ਮੁਕਤ ਕਰਮਚਾਰੀਆਂ ਵਿਰੁੱਧ ਨਿੰਦਣ, ਭੰਡਣ ਅਤੇ ਝੂਠੇ ਤੱਥਾਂ ਦੇ ਹਵਾਲੇ ਦੇ ਦੇ ਕੇ ਗਿਰਾਵਟ ਦੇ ਸਾਰੇ ਹੱਦਾਂ-ਬੰਨੇ ਪਾਰ ਕਰਕੇ ਵਿੱਢੀ ਹੋਈ ਮੁਹਿੰਮ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਆਪਣੇ ਖਜ਼ਾਨਾ ਮੰਤਰੀ ਚੀਮਾ ਜੀ ਅਤੇ ਤੁਹਾਡੀ ਪਾਰਟੀ ਦੇ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ ਜੀ ਨੂੰ ਜਿਹੜੀ ਤੁਸੀਂ ਮੁਲਾਜ਼ਮਾਂ ਅਤੇ ਮਿਹਨਤਕਸ਼ ਮਜ਼ਦੂਰ ਜਮਾਤ ਨੂੰ ਭੰਡਣ ਦੀ ਅਤੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਅਤੇ ਝੂਠੇ ਤੱਥ ਪੇਸ਼ ਕਰ ਕਰਕੇ ਮੁਲਾਜ਼ਮਾਂ ਨੂੰ ਨਫਰਤ ਦਾ ਪਾਤਰ ਬਣਾਉਣ ਦੀ ਕਮਾਨ ਸੌਂਪੀ ਹੋਈ ਹੈ, ਉਸ ਨੂੰ ਫੌਰੀ ਤੌਰ ‘ਤੇ ਬੰਦ ਕਰਕੇ ਇੱਕ ਵੈੱਲਫੇਅਰ ਸਟੇਟ, ਸਥਾਪਤ ਰਵਾਇਤਾਂ ਅਤੇ ਜੁਡੀਸ਼ਰੀ ਦੇ ਫੈਸਲਿਆਂ ਦਾ ਸਤਿਕਾਰ ਕਰਨ ਦੀ ਭੂਮਿਕਾ ਨਿਭਾਉਣ ਦਾ ਪੱਲਾ ਫੜ ਕੇ ਮੁਲਾਜ਼ਮਾਂ ਦੇ ਕਾਨੂੰਨੀ ਤੌਰ ‘ਤੇ ਬਣਦੇ ਹੱਕ, ਜਿਵੇਂ ਕਿ ਕੀਤੇ ਵਾਅਦੇ ਪੂਰੇ ਕਰਨੇ, ਉਹਨਾਂ ਦਾ 18% ਡੀ ਏ ਦੇਣਾ, ਪੇ ਕਮਿਸ਼ਨ ਦੇ ਬਕਾਏ, ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਕੇਂਦਰ ਵਾਲੇ ਸਕੇਲਾਂ ਦੀ ਬਜਾਏ ਪੰਜਾਬ ਦੇ ਸਕੇਲ ਦੇਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਅਤੇ ਹਰ ਕਿਸਮ ਦੇ ਆਰਜ਼ੀ ਅਤੇ ਕੰਟਰੈਕਟ /ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨਾ ਆਦਿ ਪੂਰੇ ਕਰੋ, ਝੂਠੇ ਤਰਕਾਂ ਦੇ ਆਧਾਰ ‘ਤੇ ਸਰਕਾਰ ਨੂੰ ਸਹੀ ਸਾਬਤ ਕਰਨ ਦੀ ਅਸਫਲ ਕੋਸ਼ਿਸ਼ ਨਾ ਕੀਤੀ ਜਾਵੇ। ਸਰਕਾਰ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਦੀਆਂ ਲੋੜਾਂ ਅਤੇ ਅਧਿਕਾਰਾਂ ਨੂੰ ਸਮਝਦੇ ਹੋਏ ਜਿਹੜੇ ਪੇ ਸਕੇਲ ਜਾਂ ਤਨਖਾਹਾਂ ਦਿੱਤੀਆਂ ਗਈਆਂ ਸਨ, ਉਹਨਾਂ ਬਾਰੇ ਤੁਹਾਡੀ ਸਰਕਾਰ ਵੱਲੋਂ ਇਹ ਕਹਿਣਾ ਕਿ ਅਸੀਂ ਤਨਖਾਹਾਂ ਵੱਧ ਦੇ ਰਹੇ ਹਾਂ, ਵਰਗੇ ਸ਼ਬਦ ਵਰਤ ਕੇ ਆਪਣੀ ਪਿੱਠ ਥਾਪੜਨ ਦੇ ਵਿਖਿਆਨ ਕਰਨੇ ਇਖਲਾਕੀ ਤੌਰ ‘ਤੇ ਸ਼ੋਭਾ ਨਹੀਂ ਦਿੰਦੇ, ਤੁਸੀਂ ਆਪਣੀ ਸਰਕਾਰ ਵੱਲੋਂ ਕੀ ਦਿੱਤਾ, ਉਸ ਦਾ ਉਲੇਖ ਕਰੋ, ਤਾਂ ਹੀ ਚੰਗਾ ਲੱਗੇਗਾ। ਸਰਕਾਰ ਪੰਜਾਬ ਦੇ ਸਮੁੱਚੇ ਮਹੱਤਵਪੂਰਨ ਮੁੱਦੇ ਛੱਡ ਕੇ ਮੁਲਾਜ਼ਮਾਂ ਦੇ ਪਿੱਛੇ ਜੰਗ ਜਿੱਤਣ ਵਾਂਗ ਪਈ ਹੋਈ ਹੈ। ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਮੁਲਾਜ਼ਮਾਂ, ਮਜ਼ਦੂਰਾਂ ਸੰਘਰਸ਼ ਕਰਕੇ ਬਣਦੇ ਹੱਕ ਲੈ ਲੈਣੇ ਹਨ, ਪਰ ਤੁਹਾਡਾ ਵਿਗੜਿਆ ਅਕਸ ਨਹੀਂ ਸੁਧਰਨਾ, ਕਿਉਂਕਿ ਸਰਕਾਰ ਦਾ ਰਵੱਈਆ ਉਸ ਦੀ ਪਾਰਟੀ ਦੇ ਲੋਕ ਪੱਖੀ ਦਾਅਵਿਆਂ ਨਾਲ ਮੇਲ ਨਹੀਂ ਖਾਂਦਾ। ਧਾਲੀਵਾਲ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਮੁਲਾਜ਼ਮਾਂ, ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਨਾਲ ਹਮੇਸ਼ਾ ਵਾਂਗ ਡਟ ਕੇ ਖੜੀ ਹੈ ਅਤੇ ਖੜੀ ਰਹੇਗੀ। ਪੰਜਾਬ ਸੀ ਪੀ ਆਈ ਬੀਤੀ ਦੋ ਸਤੰਬਰ ਨੂੰ ਪਿੰਡ ਸ਼ੇਰੋਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਤਕ ਪ੍ਰੋਗਰਾਮ ਵਿੱਚ ਇੱਕ ਨੌਜਵਾਨ ਮੋਹਨਜੀਤ ਸਿੰਘ ਨੂੰ ਫੜ ਕੇ ਕੁੱਟਮਾਰ ਕਰਕੇ ਤਸੀਹੇ ਦਿੱਤੇ ਗਏ, ਉਸ ਦੀ ਵੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਅਤੇ ਤਸ਼ੱਦਦ ਕਰਨ ਵਾਲੇ ਮੁਲਾਜ਼ਮਾਂ ਵਿਰੱਧ ਸਖਤ ਕਾਰਵਾਈ ਦੀ ਮੰਗ ਕਰਦੀ ਹੈ। ਸੀ ਪੀ ਆਈ ਨੇ ਸਰਕਾਰ ਨੂੰ ਇਹ ਵੀ ਨਸੀਹਤ ਦਿੱਤੀ ਕਿ ਸੱਤਾ ਦੇ ਨਸ਼ੇ ਵਿੱਚ ਹੰਕਾਰ ਦੇ ਘੋੜੇ ਚੜ੍ਹ ਕੇ ਲੋਕਾਂ ਦੀ ਬੋਲਣ ਦੀ ਅਜ਼ਾਦੀ ਅਤੇ ਹਕੂਮਤ ਤੋਂ ਸੁਆਲ ਪੁੱਛਣ ਦੇ ਹੱਕ ਨੂੰ ਤਾਨਾਸ਼ਾਹੀ ਤਰੀਕੇ ਨਾਲ ਕੁਚਲਣ ਦੀ ਨੀਤੀ ਛੱਡ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਦੀ ਆਦਤ ਪਾਓ। ਧਾਲੀਵਾਲ ਨੇ ਪੁੱਛਿਆ ਕੀ ਕਸੂਰ ਸੀ ਮੋਹਨਜੀਤ ਸਿੰਘ ਦਾ? ਕੀ ਗੁਨਾਹ ਕਰ ਲਿਆ ਸੀ ਉਸ ਨੇ ਨਸ਼ਿਆਂ ਵਿਰੁੱਧ ਕਾਰਵਾਈ ਦੀ ਢਿੱਲਮੱਠ ਤੁਹਾਡੇ ਧਿਆਨ ਵਿੱਚ ਲਿਆਉਣ ਦੀ ਕੋਸ਼ਿਸ਼ ਕਰਕੇ? ਸੀ ਪੀ ਆਈ ਮੰਗ ਕਰਦੀ ਹੈ ਕਿ ਤਸ਼ੱਦਦ ਕਰਨ ਦਾ ਤਰੀਕਾਕਾਰ, ਜੋ ਸਰਕਾਰ ਨੇ ਹਰ ਇੱਕ ਸੰਘਰਸ਼ ਕਰ ਰਹੇ ਵਰਗ ‘ਤੇ ਕਰਨ ਦਾ ਅਖਤਿਆਰ ਕੀਤਾ ਹੋਇਆ ਹੈ, ਉਹ ਬੰਦ ਕੀਤਾ ਜਾਵੇ ਅਤੇ ਲੋਕਾਂ ਦੀਆਂ ਮੁਸ਼ਕਲਾਂ, ਮੁਸੀਬਤਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ।




