ਨਵੀਂ ਦਿੱਲੀ (ਨ ਜ਼ ਸ) : ਕਾਂਗਰਸ ਨੇ ਐਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਨਾਰਾਜ਼ ਫੁੱਫੜ’ ਵਰਗੇ ਲੇਬਲਾਂ ਦੀ ਵਰਤੋਂ ਦੀ ਨਿੰਦਾ ਕੀਤੀ ਅਤੇ ਇਸ ਨੂੰ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਵਿਰੋਧੀ ਧਿਰ ਨੂੰ ਹਰ ਸਾਲ ਇੱਕ ਨਵਾਂ ਵਿਸ਼ੇਸ਼ਣ ਦੇਣ ਦੇ ਉਨ੍ਹਾ ਦੇ ਢੰਗ-ਤਰੀਕੇ ਦਾ ਹਿੱਸਾ ਦੱਸਿਆ। ਕਾਂਗਰਸ ਨੇ ਮੋਦੀ ‘ਤੇ ਦਿੱਲੀ ਯੂਨੀਵਰਸਿਟੀ ਦੇ ਸ੍ਰੀਰਾਮ ਕਾਲਜ ਆਫ ਕਾਮਰਸ ਦੇ ਮੰਚ ਦੀ ਦੁਰਵਰਤੋਂ ਕਰਨ ਦਾ ਵੀ ਦੋਸ਼ ਲਗਾਇਆ, ਜਿੱਥੇ ਉਨ੍ਹਾ ਸ਼ਨੀਵਾਰ ਸ਼ਤਾਬਦੀ ਸਮਾਰੋਹ ਨੂੰ ਸੰਬੋਧਨ ਕੀਤਾ ਸੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ‘ਨਰਿੰਦਰ ਮੋਦੀ ਜੀ, ਕੱਲ੍ਹ ਤੁਸੀਂ ਸ੍ਰੀਰਾਮ ਕਾਲਜ ਦੇ ਕੈਂਪਸ ਦਾ ਦੌਰਾ ਕੀਤਾ ਸੀ। ਇਹ ਦੇਸ਼ ਦੇ ਨੌਜਵਾਨਾਂ, ਸਿੱਖਿਆ ਅਤੇ ਉਨ੍ਹਾਂ ਦੇ ਭਵਿੱਖ ‘ਤੇ ਗੱਲਬਾਤ ਦਾ ਮੌਕਾ ਸੀ, ਪਰ ਅਫਸੋਸ ਨੌਜਵਾਨਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਬਜਾਏ, ਭਾਸ਼ਣ ਇੱਕ ਹੋਰ ਸਿਆਸੀ ਮੁਹਿੰਮ ਵਿੱਚ ਬਦਲ ਗਿਆ। ਮੋਦੀ ਜੀ ਦਾ ਢੰਗ-ਤਰੀਕਾ ਲੋਕਤੰਤਰ ਵਿੱਚ ਸਵਾਲਾਂ ਨੂੰ ਦਬਾਉਣਾ ਅਤੇ ਵਿਰੋਧੀ ਧਿਰ ਨੂੰ ਹਰ ਸਾਲ ਇੱਕ ਨਵਾਂ ਵਿਸ਼ੇਸ਼ਣ ਦੇਣਾ ਹੈ ਤਾਂ ਜੋ ਉਨ੍ਹਾਂ ਦੀਆਂ ਆਪਣੀਆਂ ਨਾਕਾਮੀਆਂ ਛੁਪੀਆਂ ਰਹਿਣ! ਨਾਰਾਜ਼ ਫੁੱਫੜ, ਦਿਮਾਗੀ ਨਕਸਲ, ਅਰਬਨ ਨਕਸਲ, ਖਾਨ ਮਾਰਕੀਟ ਗੈਂਗ, ਅੰਦੋਲਨਜੀਵੀ, ਪਰਜੀਵੀ… ਵਿਸ਼ੇਸ਼ਣ ਬਦਲਦੇ ਰਹਿੰਦੇ ਹਨ, ਪਰ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨਹੀਂ ਬਦਲਦੀਆਂ। ਪ੍ਰਧਾਨ ਮੰਤਰੀ ਨੇ ਆਪਣਾ ‘ਰਿਪੋਰਟ ਕਾਰਡ’ ਦਿਖਾਇਆ। ਦੇਸ਼ ਦਾ ਨੌਜਵਾਨ ਵੀ ਆਪਣੇ ਰਿਪੋਰਟ ਕਾਰਡ ਨਾਲ ਖੜ੍ਹਾ ਹੈ ਅਤੇ ਇਸ ਵਿੱਚ ਬੇਰੁਜ਼ਗਾਰੀ, ਸਾਲਾਂ ਤੋਂ ਲਟਕੀਆਂ ਸਰਕਾਰੀ ਭਰਤੀਆਂ, ਪੇਪਰ ਲੀਕ ਤੋਂ ਪਰੇਸ਼ਾਨ ਵਿਦਿਆਰਥੀ, ਮਹਿੰਗੀ ਹੁੰਦੀ ਸਿੱਖਿਆ, ਘਟਦੇ ਵਜ਼ੀਫੇ ਅਤੇ ਯੂਨੀਵਰਸਿਟੀਆਂ ਦੀ ਖੁਦਮੁਖਤਿਆਰੀ ‘ਤੇ ਵਧਦਾ ਦਬਾਅ ਸ਼ਾਮਲ ਹੈ।’ ਖੜਗੇ ਨੇ ਕਿਹਾ ਕਿ ‘ਛਾਤਰੋਂ ਕੀ ਗੂੰਜ’ ਸੁਣੋ ਕਿਉਂਕਿ ਹੱਲ ਗਤਕੇਬਾਜ਼ੀ ਨਾਲ ਨਹੀਂ ਨਿਕਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕੈਂਪਸ ਦੇ ਬਾਹਰ ਵਿਦਿਆਰਥੀਆਂ ਨੂੰ ਦੋ ਤਰ੍ਹਾਂ ਦੇ ਲੋਕ ਮਿਲਣਗੇ—ਉਹ ਜੋ ਸਮਾਜ ਦੀ ਸ਼ਕਤੀ ਨੂੰ ਸਕਾਰਾਤਮਕ ਤੌਰ ‘ਤੇ ਰਾਸ਼ਟਰ ਦੀ ਸ਼ਕਤੀ ਵਿੱਚ ਬਦਲ ਦਿੰਦੇ ਹਨ ਅਤੇ ਦੂਸਰੇ ਜੋ ਕੋਈ ਵੀ ਕੰਮ ਸ਼ੁਰੂ ਹੁੰਦੇ ਹੀ ਗੁੱਸੇ ਵਿੱਚ ਆਏ ਫੁੱਫੜ ਵਿੱਚ ਬਦਲ ਜਾਂਦੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਸਟੈਚੂ ਆਫ ਯੂਨਿਟੀ, ਹਾਈ-ਸਪੀਡ ਟਰੇਨਾਂ, ਯੂ ਪੀ ਆਈ, ਸੈਮੀਕੰਡਕਟਰ ਨਿਰਮਾਣ ਅਤੇ ਨਵੀਂ ਸੰਸਦ ਇਮਾਰਤ ਸਮੇਤ ਪ੍ਰੋਜੈਕਟਾਂ ਦੀਆਂ ਉਦਾਹਰਣਾਂ ਦਿੱਤੀਆਂ ਤੇ ਕਿਹਾ ਕਿ ਵਿਰੋਧੀ ਧਿਰ ਨੇ ਹਰੇਕ ਪਹਿਲਕਦਮੀ ਦੀ ਜ਼ਰੂਰਤ ‘ਤੇ ਸਵਾਲ ਉਠਾਏ। ਉਨ੍ਹਾ ਕਿਹਾ, ‘ਜਦੋਂ ਅਸੀਂ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਬਣਾ ਰਹੇ ਸੀ, ਤਾਂ ਫੁੱਫੜ ਨੇ ਆਪਣੇ ਆਪ ਨੂੰ ਤਿਆਰ ਕੀਤਾ ਅਤੇ ਕਿਹਾ : ਇਸ ਦੀ ਕੀ ਲੋੜ ਹੈ? ਅਸੀਂ ਹਾਈ-ਸਪੀਡ ਟਰੇਨਾਂ ‘ਤੇ ਕੰਮ ਸ਼ੁਰੂ ਕੀਤਾ, ‘ਫੁੱਫੜ’ ਨੇ ਫਿਰ ਕਿਹਾ : ਇਸ ਦੀ ਕੀ ਲੋੜ ਹੈ? ਪਰ ਭਾਰਤ ਨੇ ਅਜਿਹੇ ਸਾਰੇ ‘ਫੁੱਫੜਾਂ’ ਦਾ ਜਵਾਬ ਦਿੱਤਾ ਹੈ। ਭਾਰਤ ਨੂੰ ਦੇਸ਼ ਲਈ ਜ਼ਰੂਰੀ ਕੰਮ ਕਰਨ ਤੋਂ ਕੋਈ ਨਹੀਂ ਰੋਕ ਸਕਦਾ।’




