ਮੱਧ ਪ੍ਰਦੇਸ਼ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 11 ਮਰੇ

0
6

ਸਾਗਰ (ਨ ਜ਼ ਸ) : ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 11 ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰਨਾਂ ਦੀ ਹਾਲਤ ਗੰਭੀਰ ਸੀ। ਸ਼ਨੀਵਾਰ ਰਾਤ ਸ਼ਰਾਬ ਪੀਣ ਤੋਂ ਬਾਅਦ ਬਾਂਦਾ ਬਲਾਕ ਦੇ ਕਈ ਪਿੰਡਾਂ ਦੇ ਲੋਕਾਂ ਦੀ ਤਬੀਅਤ ਵਿਗੜ ਗਈ। ਜ਼ਿਕਰਯੋਗ ਹੈ ਕਿ ਇਹ ਤ੍ਰਾਸਦੀ ਗੁਆਂਢੀ ਰਾਜ ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ 13 ਲੋਕਾਂ ਦੀ ਹੋਈ ਮੌਤ ਤੋਂ ਕੁਝ ਦਿਨਾਂ ਬਾਅਦ ਹੀ ਵਾਪਰੀ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਕਾਂਗਰਸ ਨੇ ਇਸ ਦੁਖਾਂਤ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਸਾਗਰ ਦੀ ਕੁਲੈਕਟਰ ਪ੍ਰਤਿਭਾ ਪਾਲ ਨੇ ਦੱਸਿਆ ਕਿ ਪ੍ਰਭਾਵਤ ਇਲਾਕੇ ਵਿੱਚ ਸਕ੍ਰੀਨਿੰਗ ਚੱਲ ਰਹੀ ਹੈ ਅਤੇ ਬੁਖਾਰ ਜਾਂ ਸਿਰਦਰਦ ਦੀ ਸ਼ਿਕਾਇਤ ਵਾਲੇ ਮਰੀਜ਼ਾਂ ਨੂੰ ਬੁੰਦੇਲਖੰਡ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯੂ ਪੀ ਦੇ ਲਲਿਤਪੁਰ ਨਾਲ ਲੱਗਦੀ ਸਰਹੱਦ ਹੋਣ ਕਾਰਨ ਉੱਥੋਂ ਦੇ ਇੱਕ ਗਰੋਹ ਵੱਲੋਂ ਇਹ ਜ਼ਹਿਰੀਲੀ ਸ਼ਰਾਬ ਸਪਲਾਈ ਕੀਤੇ ਜਾਣ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਇਹਤਿਆਤ ਵਜੋਂ ਖੇਤਰ ਦੇ 7 ਸ਼ਰਾਬ ਠੇਕੇ ਸੀਲ ਕਰ ਦਿੱਤੇ ਹਨ ਅਤੇ ਨਮੂਨੇ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਗ੍ਰਿਫਤਾਰ ਕੀਤੇ ਗਏ ਸ਼ੱਕੀਆਂ ਤੋਂ ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਹੈ ਕਿ ਨਕਲੀ ਸ਼ਰਾਬ ਸਾਗਰ ਜ਼ਿਲ੍ਹੇ ਦੇ ਬਾਂਦਾ ਖੇਤਰ ਅਤੇ ਮੱਧ ਪ੍ਰਦੇਸ਼ ਦੇ ਹੋਰ ਸਥਾਨਾਂ ‘ਤੇ ਸਪਲਾਈ ਕੀਤੀ ਜਾ ਰਹੀ ਸੀ। ਸ਼ਰਾਬ ਨੂੰ ਕਾਰਾਂ ਅਤੇ ਮੋਟਰਸਾਈਕਲਾਂ ਰਾਹੀਂ ਮੱਧ ਪ੍ਰਦੇਸ਼ ਲਿਜਾਉਣ ਤੋਂ ਪਹਿਲਾਂ ਅਸਲੀ ਉਤਪਾਦਾਂ ਵਾਂਗ ਦਿਖਣ ਲਈ ਨਕਲੀ ਲੇਬਲ, ਢੱਕਣ ਅਤੇ ਕਿਊ ਆਰ ਕੋਡਾਂ ਨਾਲ ਪੈਕ ਕੀਤਾ ਗਿਆ ਸੀ। ਇਹ ਜ਼ਹਿਰੀਲੀ ਸ਼ਰਾਬ, ਜਿਸ ਵਿੱਚ 38.59 ਪ੍ਰਤੀਸ਼ਤ ਮੀਥੇਨੌਲ ਅਤੇ 0.94 ਪ੍ਰਤੀਸ਼ਤ ਈਥੇਨੌਲ ਸੀ, ਉੱਤੇ ਇੱਕ ਪ੍ਰਸਿੱਧ ਭਾਰਤ-ਨਿਰਮਤ ਵਿਦੇਸ਼ੀ ਸ਼ਰਾਬ ਦੇ ਬ੍ਰਾਂਡ ਦਾ ਲੇਬਲ ਸੀ