ਨਵੀਂ ਦਿੱਲੀ (ਨ ਜ਼ ਸ): ਐਤਵਾਰ ਦਿੱਲੀ ਦੇ ਸੱਤਿਆ ਨਿਕੇਤਨ ਵਿੱਚ ਇੱਕ ਇਮਾਰਤ, ਜੋ ਕਿ ਮੁੰਡਿਆਂ ਦਾ ਪੀਜੀ ਸੀ, ਢਹਿ ਜਾਣ ਕਾਰਨ 3 ਜਣਿਆਂ ਦੀ ਮੌਤ ਹੋ ਗਈ, 5 ਦੀ ਹਾਲਤ ਗੰਭੀਰ ਤੇ ਲਗਪਗ 40-50 ਵਿਦਿਆਰਥੀ ਮਲਬੇ ਹੇਠ ਫਸੇ ਹੋਏ ਸਨ। ਇਸ ਦੌਰਾਨ ਮਲਬੇ ਹੇਠੋਂ ਕੱਢ ਕੇ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਏ ਗਏ ਵਿਦਿਆਰਥੀਆਂ ਵਿਚੋਂ 6 ਦੀ ਹਾਲਤ ਨਾਜ਼ੁਕ ਸੀ। ਪੁਲਸ ਨੇ ਦੱਸਿਆ ਕਿ ਘਟਨਾ ਸੰਬੰਧੀ ਇੱਕ ਪੀ ਸੀ ਆਰ ਕਾਲ ਸਾਊਥ ਕੈਂਪਸ ਪੁਲਸ ਸਟੇਸ਼ਨ ਨੂੰ ਦੁਪਹਿਰ 1:34 ਵਜੇ ਪ੍ਰਾਪਤ ਹੋਈ।
ਮੌਕੇ ‘ਤੇ ਮੌਜੂਦ ਇੱਕ ਪੁਲਸ ਅਧਿਕਾਰੀ ਨੇ ਮੁੱਢਲੀ ਜਾਂਚ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਢਹਿਣ ਦੇ ਸਮੇਂ ਲਗਭਗ 40-50 ਵਿਦਿਆਰਥੀ ਇਮਾਰਤ ਦੇ ਅੰਦਰ ਹੋਣ ਦਾ ਸ਼ੱਕ ਹੈ। ਜਿਸ ਗਲੀ ਵਿੱਚ ਹਾਦਸਾ ਹੋਇਆ ਉਹ ਬਹੁਤ ਤੰਗ ਹੈ, ਨੇੜੇ-ਤੇੜੇ ਬਹੁਤ ਸਾਰੀਆਂ ਉੱਚੀਆਂ ਇਮਾਰਤਾਂ ਹਨ। ਸੱਤਿਆ ਨਿਕੇਤਨ ਦਿੱਲੀ ਯੂਨੀਵਰਸਿਟੀ ਦੇ ਦੱਖਣੀ ਕੈਂਪਸ ਦੇ ਨੇੜੇ ਇੱਕ ਪ੍ਰਮੁੱਖ ਵਿਦਿਆਰਥੀ ਖੇਤਰ ਹੈ। ਵੈਂਕਟੇਸ਼ਵਰ ਕਾਲਜ, ਆਰੀਆ ਭੱਟ ਕਾਲਜ, ਮੋਤੀਲਾਲ ਨਹਿਰੂ ਕਾਲਜ ਅਤੇ ਮੈਤ੍ਰੇਈ ਕਾਲਜ ਵੀ ਨੇੜੇ ਹਨ। ਇਸ ਕਰਕੇ ਇੱਥੇ ਕਾਫੀ ਵਿਦਿਆਰਥੀ ਰਹਿੰਦੇ ਹਨ। ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਪੰਜ ਮੰਜ਼ਲਾ ਇਮਾਰਤ ਨੂੰ ‘ਹੋਸਟਲ ਡੇਜ਼’ ਕਿਹਾ ਜਾਂਦਾ ਸੀ। ਆਸਪਾਸ ਦੇ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਐਤਵਾਰ ਕਰਕੇ ਜ਼ਿਆਦਾਤਰ ਵਿਦਿਆਰਥੀ ਇਮਾਰਤ ਦੇ ਅੰਦਰ ਹੀ ਸਨ। ਇੱਕ ਹੋਰ ਚਸ਼ਮਦੀਦ ਨੇ ਦੱਸਿਆ ਕਿਹਾ, ”ਅਸੀਂ ਅੰਦਰ ਬੈਠੇ ਸੀ, ਜਦੋਂ ਸਾਨੂੰ ਅਚਾਨਕ ਇੱਕ ਆਵਾਜ਼ ਸੁਣਾਈ ਦਿੱਤੀ—ਜਿਵੇਂ ਭੁਚਾਲ ਦੀ ਗਰਜ ਹੋਵੇ। ਅਸੀਂ ਤੁਰੰਤ ਬਾਹਰ ਭੱਜੇ, ਇੱਥੇ ਬਹੁਤ ਸਾਰਾ ਧੂੰਆਂ ਅਤੇ ਧੂੜ ਸੀ। ਪੂਰੀ ਇਮਾਰਤ ਢਹਿ ਗਈ ਸੀ। ਅੰਦਰ ਫਸੇ ਲੋਕ ‘ਸਾਨੂੰ ਬਚਾਓ’ ਚੀਕ ਰਹੇ ਸਨ। 19 ਸਾਲਾ ਵਿਦਿਆਰਥੀ ਨਿਤਿਨ ਜਾਮਵਾਲ, ਜੋ ਲਗਭਗ ਇੱਕ ਸਾਲ ਪਹਿਲਾਂ ਤੱਕ ਇਸ ਹੋਸਟਲ ਵਿੱਚ ਰਹਿੰਦਾ ਸੀ, ਨੇ ਕਿਹਾ ਕਿ ਇਮਾਰਤ ਥੋੜ੍ਹੀ ਖਸਤਾ ਹਾਲਤ ਵਿੱਚ ਸੀ। ਇੱਥੇ ਸਭ ਕੁਝ ਖਰਾਬ ਸੀ।
ਕੰਧਾਂ ਵਿੱਚ ਤਰੇੜਾਂ ਆ ਰਹੀਆਂ ਸਨ। ਬੇਸਮੈਂਟ ਪਾਣੀ ਨਾਲ ਭਰਿਆ ਹੁੰਦਾ ਸੀ। ਖਾਣਾ ਖਰਾਬ ਸੀ। ਹਰ ਮੰਜ਼ਲ ‘ਤੇ ਦੋ ਕਮਰੇ ਸਨ। ਉਸ ਦੇ ਦੋਸਤ ਨਿਤੀਸ਼ ਦੇ ਵੀ ਫਸੇ ਹੋਣ ਦਾ ਖਦਸ਼ਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹਨ ਅਤੇ ਸਾਵਧਾਨੀ ਦੇ ਤੌਰ ‘ਤੇ ਨਾਲ ਲੱਗਦੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ। ‘ਆਪ’ ਆਗੂ ਸੌਰਭ ਭਾਰਦਵਾਜ ਨੇ ਹਾਦਸੇ ਨੂੰ ਐੱਮ ਸੀ ਡੀ ਵਿੱਚ ਭ੍ਰਿਸ਼ਟਾਚਾਰ ਦਾ ਦਾ ਨਤੀਜਾ ਦੱਸਿਆ ਹੈ। ਹਾਦਸੇ ‘ਤੇ ਰਾਹੁਲ ਗਾਂਧੀ ਨੇ ਕਿਹਾ, ‘ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਪਹਿਲਾਂ ਹੀ ਸੰਘਰਸ਼ਾਂ ਨਾਲ ਭਰੀਆਂ ਹੋਈਆਂ ਸਨ—ਹੁਣ ਸਥਿਤੀ ਜਾਨਲੇਵਾ ਹੋ ਗਈ ਹੈ।
ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਚੰਗੇ ਹੋਸਟਲਾਂ ਦੀ ਘਾਟ ਕਾਰਨ ਵਿਦਿਆਰਥੀ ਪੀ ਜੀ ਰਿਹਾਇਸ਼ਾਂ ਵਿੱਚ ਰਹਿਣ ਲਈ ਮਜਬੂਰ ਹਨ, ਇੱਕ ਛੱਤ ਹੇਠ 40-40 ਅਣਮਨੁੱਖੀ ਹਾਲਤਾਂ ਵਿੱਚ।’ ਕਾਕਰੋਚ ਜਨਤਾ ਪਾਰਟੀ ਦੇ ਬਾਨੀ ਅਭਿਜੀਤ ਦੀਪਕੇ ਨੇ ਕਿਹਾ ਕਿ ਵਿਦਿਆਰਥੀ ਸੁਰੱਖਿਅਤ ਕਲਾਸਰੂਮ, ਸੁਰੱਖਿਅਤ ਹੋਸਟਲ ਅਤੇ ਮੁੱਢਲੇ ਸਨਮਾਨ ਦੇ ਹੱਕਦਾਰ ਹਨ।





